ਕਾਂਗਰਸ ਵੱਲੋਂ ਦਲਿਤ ਅਧਿਕਾਰੀ ਏਡੀਜੀਪੀ ਪੂਰਨ ਕੁਮਾਰ ਦੀ ਖੁਦਕੁਸ਼ੀ ਦੇ ਮਾਮਲੇ ‘ਚ ਕੈਂਡਲ ਮਾਰਚ ਕੱਢਿਆ ਗਿਆ, ਰਾਹੁਲ ਗਾਂਧੀ ਨੇ ਵੀ ਪਰਿਵਾਰ ਨਾਲ ਕੀਤੀ ਮੁਲਾਕਾਤ
ਦਲਿਤ ਅਧਿਕਾਰੀ ਏਡੀਜੀਪੀ ਪੂਰਨ ਕੁਮਾਰ ਦੀ ਖੁਦਕੁਸ਼ੀ ਦੇ ਮਾਮਲੇ ਨੇ ਸਿਆਸੀ ਤਾਪਮਾਨ ਵਧਾ ਦਿੱਤਾ ਹੈ। ਅੱਜ ਕਾਂਗਰਸ ਵੱਲੋਂ ਉਸ ਅਧਿਕਾਰੀ ਦੀ ਯਾਦ ਵਿੱਚ ਕੈਂਡਲ ਮਾਰਚ ਕੱਢਿਆ ਗਿਆ, ਜਿਸ ‘ਚ ਕਈ ਸੀਨੀਅਰ ਕਾਂਗਰਸੀ ਨੇਤਾ ਤੇ ਸਥਾਨਕ ਵਰਕਰ ਸ਼ਾਮਲ ਹੋਏ। ਮਾਰਚ ਦੌਰਾਨ ਨੇਤਾਵਾਂ ਨੇ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਘਟਨਾ ਹੈ ਕਿ ਇੱਕ ਉੱਚ ਅਹੁਦੇ ਵਾਲੇ, ਪੜ੍ਹੇ-ਲਿਖੇ ਏਡੀਜੀਪੀ ਰੈਂਕ ਦੇ ਅਧਿਕਾਰੀ ਨੂੰ ਸਰਕਾਰੀ ਦਬਾਅ ਅਤੇ ਤਣਾਅ ਕਾਰਨ ਆਪਣੀ ਜਾਨ ਦੇਣੀ ਪਈ।

By : Makhan shah
ਅੰਮ੍ਰਿਤਸਰ (ਗੁਰਪਿਆਰ ਥਿੰਦ) — ਦਲਿਤ ਅਧਿਕਾਰੀ ਏਡੀਜੀਪੀ ਪੂਰਨ ਕੁਮਾਰ ਦੀ ਖੁਦਕੁਸ਼ੀ ਦੇ ਮਾਮਲੇ ਨੇ ਸਿਆਸੀ ਤਾਪਮਾਨ ਵਧਾ ਦਿੱਤਾ ਹੈ। ਅੱਜ ਕਾਂਗਰਸ ਵੱਲੋਂ ਉਸ ਅਧਿਕਾਰੀ ਦੀ ਯਾਦ ਵਿੱਚ ਕੈਂਡਲ ਮਾਰਚ ਕੱਢਿਆ ਗਿਆ, ਜਿਸ ‘ਚ ਕਈ ਸੀਨੀਅਰ ਕਾਂਗਰਸੀ ਨੇਤਾ ਤੇ ਸਥਾਨਕ ਵਰਕਰ ਸ਼ਾਮਲ ਹੋਏ। ਮਾਰਚ ਦੌਰਾਨ ਨੇਤਾਵਾਂ ਨੇ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਘਟਨਾ ਹੈ ਕਿ ਇੱਕ ਉੱਚ ਅਹੁਦੇ ਵਾਲੇ, ਪੜ੍ਹੇ-ਲਿਖੇ ਏਡੀਜੀਪੀ ਰੈਂਕ ਦੇ ਅਧਿਕਾਰੀ ਨੂੰ ਸਰਕਾਰੀ ਦਬਾਅ ਅਤੇ ਤਣਾਅ ਕਾਰਨ ਆਪਣੀ ਜਾਨ ਦੇਣੀ ਪਈ।
ਕਾਂਗਰਸ ਨੇਤਾਵਾਂ ਨੇ ਕਿਹਾ ਕਿ ਦਲਿਤਾਂ ਦੀ ਆਵਾਜ਼ ਉਠਾਉਣ ਵਾਲੇ ਇਸ ਅਧਿਕਾਰੀ ਨੇ ਹਮੇਸ਼ਾ ਨਿਆਂ ਦੀ ਗੱਲ ਕੀਤੀ ਸੀ, ਪਰ ਸਰਕਾਰ ਵੱਲੋਂ ਉਸ ‘ਤੇ ਐਨਾ ਦਬਾਅ ਬਣਾਇਆ ਗਿਆ ਕਿ ਆਖ਼ਰਕਾਰ ਉਸਨੇ ਖੁਦਕੁਸ਼ੀ ਜਿਹਾ ਕਦਮ ਚੁੱਕਿਆ। ਉਨ੍ਹਾਂ ਕਿਹਾ ਕਿ ਇਹ ਕੇਵਲ ਇੱਕ ਵਿਅਕਤੀ ਦੀ ਮੌਤ ਨਹੀਂ, ਬਲਕਿ ਪੂਰੇ ਦਲਿਤ ਸਮਾਜ ਦੀ ਆਵਾਜ਼ ਨੂੰ ਚੁੱਪ ਕਰਨ ਦੀ ਕੋਸ਼ਿਸ਼ ਹੈ।
ਕਾਂਗਰਸ ਨੇ ਇਹ ਵੀ ਐਲਾਨ ਕੀਤਾ ਕਿ ਜਿਹੜੇ ਦੋਸ਼ੀ ਹਨ, ਉਹਨਾਂ ਦੀ ਗਿਰਫਤਾਰੀ ਤੱਕ ਪਰਿਵਾਰ ਅੰਤਿਮ ਸੰਸਕਾਰ ਨਹੀਂ ਕਰੇਗਾ। ਕਾਂਗ੍ਰਸ ਨੇਤਾਵਾਂ ਨੇ ਬੀਜੇਪੀ ਸਰਕਾਰ ਤੇ ਗੰਭੀਰ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਜੇਕਰ ਕਿਸੇ ਆਮ ਨਾਗਰਿਕ ਵੱਲੋਂ ਸੁਸਾਈਡ ਨੋਟ ਛੱਡਿਆ ਜਾਂਦਾ ਹੈ, ਤਾਂ ਤੁਰੰਤ ਐਫਆਈਆਰ ਦਰਜ ਹੁੰਦੀ ਹੈ, ਪਰ ਇਸ ਮਾਮਲੇ ‘ਚ ਡੀਜੀਪੀ ਅਤੇ ਹੋਰ ਉੱਚ ਅਧਿਕਾਰੀਆਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ, ਜੋ ਕਿ ਬਹੁਤ ਹੀ ਸ਼ਰਮਨਾਕ ਗੱਲ ਹੈ।
ਕਾਂਗਰਸ ਨੇ ਮੀਡੀਆ ਰਾਹੀਂ ਬੀਜੇਪੀ ਸਰਕਾਰ ਨੂੰ ਸਿੱਧੀ ਚੇਤਾਵਨੀ ਦਿੱਤੀ ਕਿ ਜੇ 48 ਘੰਟਿਆਂ ਵਿੱਚ ਦੋਸ਼ੀਆਂ ਦੀ ਗਿਰਫਤਾਰੀ ਨਹੀਂ ਹੁੰਦੀ, ਤਾਂ ਸੂਬੇ ਦੇ ਨਾਲ-ਨਾਲ ਪੂਰੇ ਦੇਸ਼ ਵਿੱਚ ਵੱਡਾ ਆਂਦੋਲਨ ਛੇੜਿਆ ਜਾਵੇਗਾ। ਕਾਂਗਰਸੀ ਨੇਤਾਵਾਂ ਨੇ ਕਿਹਾ ਕਿ ਇਹ ਮਾਮਲਾ ਸਿਰਫ ਦਲਿਤ ਸਮਾਜ ਦਾ ਨਹੀਂ, ਸਗੋਂ ਨਿਆਂ ਤੇ ਮਨੁੱਖੀ ਅਧਿਕਾਰਾਂ ਨਾਲ ਜੁੜਿਆ ਮਾਮਲਾ ਹੈ, ਇਸ ਲਈ ਹਰ ਵਰਗ ਨੂੰ ਇਸ ਲੜਾਈ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। ਨੇਤਾਵਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਦੁੱਖ ਦੀ ਇਸ ਘੜੀ ਵਿੱਚ ਸ਼ਹੀਦ ਅਧਿਕਾਰੀ ਦੇ ਪਰਿਵਾਰ ਦੇ ਨਾਲ ਖੜੀ ਹੈ ਅਤੇ ਦੋਸ਼ੀਆਂ ਦੀ ਗਿਰਫਤਾਰੀ ਅਤੇ ਨਿਆਂ ਦੀ ਪ੍ਰਾਪਤੀ ਤੱਕ ਲਗਾਤਾਰ ਸੰਘਰਸ਼ ਜਾਰੀ ਰੱਖੇਗੀ।
ਅੰਤ ਵਿੱਚ ਕਾਂਗਰਸ ਵੱਲੋਂ ਕਿਹਾ ਗਿਆ ਕਿ ਜੇ ਬੀਜੇਪੀ ਸਰਕਾਰ ਨੇ ਦਲਿਤਾਂ ਨਾਲ ਹੋ ਰਹੇ ਅੱਤਿਆਚਾਰਾਂ ਨੂੰ ਰੋਕਣ ਲਈ ਢੁੱਕਵੇਂ ਕਦਮ ਨਾ ਚੁੱਕੇ, ਤਾਂ ਇਹ ਲਹਿਰ ਸਿਰਫ ਪੰਜਾਬ ਤੱਕ ਨਹੀਂ ਰਹੇਗੀ, ਬਲਕਿ ਸਾਰੇ ਦੇਸ਼ ਵਿੱਚ ਰਾਸ਼ਟਰੀ ਪੱਧਰ ‘ਤੇ ਆਂਦੋਲਨ ਦਾ ਰੂਪ ਧਾਰ ਲਵੇਗੀ।
ਅੱਜ ਰਾਹੁਲ ਗਾਂਧੀ ਤੇ ਹੋਰ ਕੇਂਦਰੀ ਮੰਤਰੀਆਂ ਵੱਲੋਂ ਵੀ ਆਈਪੀਐਸ ਪੂਰਨ ਕੁਮਾਰ ਦੇ ਪਰਿਵਾਰ ਨਾਲ ਚੰਡੀਗੜ੍ਹ ਉਹਨਾਂ ਦੇ ਘਰ ਮੁਲਾਕਾਤ ਕੀਤੀ ਗਈ ਹੈ। ਕੇੋਂਦਰੀ ਮੰਤਰੀ ਰਾਮਦਾਸ ਅਠਵਾਲੇ ਨੇ ਦੋਸ਼ੀਆਂ ਉੱਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਰਾਹੁਲ ਗਾਂਧੀ ਨਾਲ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ ਵੀ ਮੌਜੂਦ ਸਨ।


