ਜਾਣੋ, ਕੌਣ ਸਨ ਸੰਤ ਤੇਜ਼ਾ ਸਿੰਘ? ਭਾਰਤੀਆਂ ਨੂੰ ਦਿਵਾਏ ਕੈਨੇਡਾ ’ਚ ਰਹਿਣ ਦੇ ਅਧਿਕਾਰ
ਸੰਤ ਤੇਜ਼ਾ ਸਿੰਘ ਕੈਂਬ੍ਰਿਜ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕਰਨ ਵਾਲੇ ਪਹਿਲੇ ਸਿੱਖ ਵਿਦਿਆਰਥੀ ਬਣੇ। ਇਸ ਤੋਂ ਇਲਾਵਾ ਹਾਰਵਰਡ ਯੂਨੀਵਰਸਿਟੀ ਅਮਰੀਕਾ ਵਿਚ ਵੀ ਉਨ੍ਹਾਂ ਨੂੰ 34 ਸਾਲ ਦੀ ਉਮਰ ਵਿਚ ਪਹਿਲੇ ਸਿੱਖ ਸਟੂਡੈਂਟ ਹੋਣ ਦਾ ਮਾਣ ਹਾਸਲ ਹੋਇਆ।
ਵੈਨਕੂਵਰ : ਸੰਤ ਤੇਜ਼ਾ ਸਿੰਘ ਜੀ ਦਾ ਨਾਮ ਸਿੱਖ ਇਤਿਹਾਸ ਵਿਚ ਬਹੁਤ ਆਦਰ ਅਤੇ ਸਤਿਕਾਰ ਨਾਲ ਲਿਆ ਜਾਂਦਾ ਏ, ਜਿਨ੍ਹਾਂ ਦੇ ਨਾਮ ’ਤੇ ਕੈਨੇਡਾ ਦੀ ਬ੍ਰਿਟਿਸ਼ ਕੋਲੰਬੀਆ ਸਰਕਾਰ ਵੱਲੋਂ ਇਕ ਜੁਲਾਈ 2001 ਨੂੰ ‘ਸੰਤ ਤੇਜ਼ਾ ਸਿੰਘ ਦਿਵਸ’ ਦੇ ਰੂਪ ਵਿਚ ਮਨਾਉਣ ਦਾ ਐਲਾਨ ਕੀਤਾ ਗਿਆ ਸੀ। ਯਕੀਨਨ ਤੌਰ ’ਤੇ ਸਿੱਖ ਪੰਥ ਲਈ ਇਹ ਵੱਡੇ ਮਾਣ ਵਾਲੀ ਗੱਲ ਸੀ। 3 ਜੁਲਾਈ 1965 ਨੂੰ ਉਹ ਅਕਾਲ ਪੁਰਖ਼ ਦੇ ਚਰਨਾਂ ਵਿਚ ਜਾ ਬਿਰਾਜੇ ਸੀ। ਸੋ ਆਓ ਉਨ੍ਹਾਂ ਦੀ ਬਰਸੀ ਮੌਕੇ ਤੁਹਾਨੂੰ ਦੱਸਦੇ ਆਂ ਕਿ ਕੌਣ ਸਨ ਸੰਤ ਤੇਜ਼ਾ ਸਿੰਘ ਅਤੇ ਕੀ ਕੀ ਸਨ ਉਨ੍ਹਾਂ ਦੀਆਂ ਪ੍ਰਾਪਤੀਆਂ?
ਸੰਤ ਬਾਬਾ ਤੇਜ਼ਾ ਸਿੰਘ ਜੀ ਦਾ ਜਨਮ 14 ਮਈ 1877 ਈਸਵੀ ਨੂੰ ਪਿੰਡ ਬੱਲੋਵਾਲੀ ਜ਼ਿਲ੍ਹਾ ਗੁੱਜਰਾਂਵਾਲਾ ਵਿਖੇ ਮਾਤਾ ਸਦਾ ਕੌਰ ਦੀ ਕੁੱਖੋਂ ਸ. ਰੱਲਾ ਸਿੰਘ ਦੇ ਘਰ ਹੋਇਆ। ਦੇਸ਼ ਦੀ ਵੰਡ ਮਗਰੋਂ ਇਹ ਪਿੰਡ ਪਾਕਿਸਤਾਨ ਵਾਲੇ ਪਾਸੇ ਚਲਾ ਗਿਆ। ਸੰਤ ਤੇਜ਼ਾ ਸਿੰਘ ਜੀ ਬਚਪਨ ਤੋਂ ਹੀ ਤੀਖਣ ਬੁੱਧੀ ਦੇ ਮਾਲਕ ਹੋਣ ਕਾਰਨ ਹਰੇਕ ਜਮਾਤ ਵਿਚੋਂ ਅੱਵਲ ਆਉਂਦੇ ਸਨ। ਸੰਨ 1900 ਵਿਚ ਆਪ ਨੇ ਪੰਜਾਬ ਯੂਨੀਵਰਸਿਟੀ ਤੋਂ ਐਲਐਲਬੀ ਦੀ ਡਿਗਰੀ ਹਾਸਲ ਕੀਤੀ, ਇਸ ਉਪਰੰਤ 1901 ਵਿਚ ਆਪ ਜੀ ਅਮਰੀਕਾ ਦੀ ਹਾਰਵਰਡ ਯੂਨੀਵਰਸਿਟੀ ਤੋਂ ਐਮਏ ਦੀ ਡਿਗਰੀ ਹਾਸਲ ਕੀਤੀ।
ਐਲਐਲਬੀ ਕਰਨ ਮਗਰੋਂ ਭਾਵੇਂ ਆਪ ਜੀ ਨੇ ਵਕਾਲਤ ਦਾ ਕਿੱਤਾ ਸ਼ੁਰੂ ਕੀਤਾ ਪਰ ਕੁੱਝ ਦਿਨਾਂ ਬਾਅਦ ਹੀ ਆਪ ਜੀ ਨੇ ਇਸ ਤੋਂ ਕਿਨਾਰਾ ਕਰ ਲਿਆ ਅਤੇ ਇਕ ਸਕੂਲ ਵਿਚ ਨੌਕਰੀ ਕਰਨ ਲੱਗੇ। ਸੰਨ 1902 ਵਿਚ ਆਪ ਜੀ ਨੇ ਸਾਲਟ ਵਿਭਾਗ ਦਾ ਟੈਸਟ ਪਾਸ ਕਰਕੇ ਇਕ ਉਚ ਰੈਂਕ ਵਾਲਾ ਅਹੁਦਾ ਹਾਸਲ ਕੀਤਾ, ਜਿਸ ਵਿਚ ਆਪ ਦੀ ਡਿਊਟੀ ਲੂਣ ਚੋਰੀ ਕਰਨ ਵਾਲੇ ਲੋਕਾਂ ਨੂੰ ਸਜ਼ਾ ਦਿਵਾਉਣ ਦੀ ਸੀ, ਇਸ ਤੋਂ ਵੀ ਆਪ ਜੀ ਦਾ ਮਨ ਕਾਫ਼ੀ ਉਦਾਸ ਹੁੰਦਾ ਕਿਉਂਕਿ ਲੂਣ ਚੋਰੀ ਕਰਨ ਵਾਲੇ ਜ਼ਿਆਦਾਤਰ ਗ਼ਰੀਬ ਲੋਕ ਹੁੰਦੇ ਸਨ। ਇਸ ਮਗਰੋਂ ਫਿਰ ਸੰਨ 1904 ਵਿਚ ਆਪ ਜੀ ਨੂੰ ਖ਼ਾਲਸਾ ਕਾਲਜ ਅੰਮ੍ਰਿਤਸਰ ਵਿਖੇ ਵਾਇਸ ਪ੍ਰਿੰਸੀਪਲ ਦੀ ਨੌਕਰੀ ਮਿਲ ਗਈ। ਆਓ ਹੁਣ ਉਨ੍ਹਾਂ ਨੂੰ ਮਿਲੀਆਂ ਮਾਣਮੱਤੀਆਂ ਪ੍ਰਾਪਤੀਆਂ ਅਤੇ ਉਨ੍ਹਾਂ ਦੀ ਕੌਮਾਂਤਰੀ ਮਾਨਤਾ ’ਤੇ ਇਕ ਝਾਤ ਮਾਰਦੇ ਆਂ।
ਸੰਤ ਤੇਜ਼ਾ ਸਿੰਘ ਜੀ ਨੇ 23 ਸਾਲ ਦੀ ਉਮਰ ਵਿਚ ਖ਼ਾਲਸਾ ਕਾਲਜ ਤੋਂ ਐਮਏ ਵਿਚ ਗੋਲਡ ਮੈਡਲ ਹਾਸਲ ਕੀਤਾ ਅਤੇ ਪੂਰੇ ਪੰਜਾਬ ਵਿਚੋਂ ਅੱਵਲ ਆਏ। 25 ਸਾਲ ਦੀ ਉਮਰ ਵਿਚ ਉਨ੍ਹਾਂ ਨੇ ਸਿਵਲ ਸਰਵਿਸਜ਼ ਦੀ ਪ੍ਰੀਖਿਆ ਕਲੀਅਰ ਕੀਤੀ।
ਸੰਤ ਤੇਜ਼ਾ ਸਿੰਘ ਜੀ ਨੂੰ 28 ਸਾਲ ਦੀ ਉਮਰ ਵਿਚ ਖ਼ਾਲਸਾ ਕਾਲਜ ਦੇ ਪਹਿਲੇ ਸਿੱਖ ਪ੍ਰਿੰਸੀਪਲ ਬਣਨ ਦਾ ਮਾਣ ਹਾਸਲ ਹੋਇਆ।
ਸੰਤ ਤੇਜ਼ਾ ਸਿੰਘ ਕੈਂਬ੍ਰਿਜ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕਰਨ ਵਾਲੇ ਪਹਿਲੇ ਸਿੱਖ ਵਿਦਿਆਰਥੀ ਬਣੇ। ਇਸ ਤੋਂ ਇਲਾਵਾ ਹਾਰਵਰਡ ਯੂਨੀਵਰਸਿਟੀ ਅਮਰੀਕਾ ਵਿਚ ਵੀ ਉਨ੍ਹਾਂ ਨੂੰ 34 ਸਾਲ ਦੀ ਉਮਰ ਵਿਚ ਪਹਿਲੇ ਸਿੱਖ ਸਟੂਡੈਂਟ ਹੋਣ ਦਾ ਮਾਣ ਹਾਸਲ ਹੋਇਆ।
ਸੰਤ ਤੇਜ਼ਾ ਸਿੰਘ ਜੀ ਨੂੰ 42 ਸਾਲ ਦੀ ਉਮਰ ਵਿਚ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਪਹਿਲੇ ਸਿੱਖ ਪ੍ਰਿੰਸੀਪਲ ਹੋਣ ਦਾ ਮਾਣ ਹਾਸਲ ਹੋਇਆ।
ਇਸ ਤੋਂ ਇਲਾਵਾ ਸੰਤ ਤੇਜ਼ਾ ਸਿੰਘ ਜੀ ਦੀ ਰਹਿਨੁਮਾਈ ਹੇਠ ਕੈਨੇਡਾ ਦੇ ਵੈਨਕੂਵਰ ਵਿਚ ਪਹਿਲਾ ਅੰਮ੍ਰਿਤ ਸੰਚਾਰ ਕੀਤਾ ਗਿਆ।
ਸਿੱਖ ਮਰਿਆਦਾ ਅਨੁਸਾਰ ਪਹਿਲਾ ਸਿੱਖ ਵਿਆਹ ਵੈਨਕੂਵਰ ਵਿਚ ਸੰਪੰਨ ਹੋਇਆ। ਕੈਨੈਡਾ, ਅਮਰੀਕਾ ਅਤੇ ਇੰਗਲੈਂਡ ਵਿਚ ਪਹਿਲਾ ਗੁਰਦੁਆਰਾ ਸਥਾਪਿਤ ਕਰਵਾਇਆ। ਇਸ ਤੋਂ ਇਲਾਵਾ ਭਾਰਤੀਆਂ ਨੂੰ ਕੈਨੇਡਾ ਵਿਚ ਰਹਿਣ ਦਾ ਅਧਿਕਾਰ ਦਿਵਾਇਆ, ਜਿਨ੍ਹਾਂ ਨੂੰ ਕੈਨੇਡਾ ਸਰਕਾਰ ਵੱਲੋਂ ਹੋਂਡੂਰਾਸ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਸੀ।
ਖ਼ਾਸ ਗੱਲ ਇਹ ਐ ਕਿ ਪੱਛਮੀ ਵਿਦਿਆ ਦੇ ਪ੍ਰਭਾਵ ਕਾਰਨ ਸ਼ੁਰੂ ਵਿਚ ਆਪ ਕਾਫ਼ੀ ਨਾਸਤਿਕ ਬਿਰਤੀ ਦੇ ਸਨ, ਪਰ ਗੁਰਬਾਣੀ ਅਤੇ ਸੰਤ ਬਾਬਾ ਅਤਰ ਸਿੰਘ ਜੀ ਦੀ ਸੰਗਤ ਨੇ ਆਪ ਜੀ ਦੇ ਹਿਰਦੇ ਵਿਚ ਇਕ ਅਜਿਹਾ ਵਿਸ਼ੇਸ਼ ਪ੍ਰਭਾਵ ਛੱਡਿਆ ਕਿ ਆਪ ਦਾ ਜੀਵਨ ਗੁਰੂ ਨੂੰ ਸਮਰਪਿਤ ਹੋ ਨਿਬੜਿਆ। ਗੁਰੂ ਹੁਕਮ ਦੇ ਚਲਦਿਆਂ ਆਪ ਜੀ ਨੇ ਵਿਦੇਸ਼ ਵਿਚ ਜਾ ਕੇ ਉਚ ਵਿਦਿਆ ਦੀ ਡਿਗਰੀ ਹਾਸਲ ਕਰਨ ਦੇ ਨਾਲ-ਨਾਲ ਅਨੇਕਾਂ ਪੰਥਕ ਸੇਵਾਵਾਂ ਨਿਭਾਈਆਂ।
ਕੈਨੇਡਾ ਦੀ ਕੈਂਬਰਿਜ ਯੂਨੀਵਰਸਿਟੀ ਵਿਖੇ ਸਿੱਖ ਵਿਦਿਆਰਥੀਆਂ ਨੂੰ ਦਸਤਾਰ ਬੰਨ੍ਹਣ ਦਾ ਅਧਿਕਾਰ ਆਪ ਜੀ ਦੇ ਯਤਨਾਂ ਸਦਕਾ ਹਾਸਲ ਹੋਇਆ। ਇਸ ਦੇ ਨਾਲ ਹੀ ਆਪ ਜੀ ਨੇ ਵਿਸ਼ਵ ਪੱਧਰੀ ਧਾਰਮਿਕ ਕਾਨਫਰੰਸਾਂ ਵਿਚ ਹਿੱਸਾ ਲਿਆ ਅਤੇ ਅਮਰੀਕਾ, ਕੈਨੇਡਾ, ਮਲਾਇਆ, ਸਿੰਘਾਪੁਰ ਅਤੇ ਅਫ਼ਰੀਕਾ ਵਰਗੇ ਦੇਸ਼ਾਂ ਵਿਚ ਜਾ ਕੇ ਪ੍ਰਚਾਰ ਕੀਤਾ ਅਤੇ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਦੁਨੀਆ ਦੇ ਕੋਨੇ ਕੋਨੇ ਵਿਚ ਪਹੁੰਚਾਇਆ। ਆਪ ਜੀ ਦੇ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰੇ ਅੰਗਰੇਜ਼ ਵੀ ਗੁਰੂ ਘਰ ਦੇ ਸੇਵਕ ਬਣ ਗਏ ਸਨ। ਸੰਤ ਤੇਜਾ ਸਿੰਘ ਜੀ ਨੇ ਵਿਦੇਸ਼ਾਂ ਵਿਚ ਕਈ ਅਜਿਹੀਆਂ ਥਾਵਾਂ ’ਤੇ ਗੁਰਦੁਆਰਿਆਂ ਦੀ ਉਸਾਰੀ ਕਰਵਾਈ, ਜਿੱਥੇ ਪਹਿਲਾਂ ਕੋਈ ਵੀ ਗੁਰਦੁਆਰਾ ਨਹੀਂ ਸੀ।
ਵਿਦੇਸ਼ ਤੋਂ ਭਾਰਤ ਪਰਤ ਕੇ ਵੀ ਬਾਬਾ ਤੇਜ਼ਾ ਸਿੰਘ ਜੀ ਗੁਰਮਤਿ ਪ੍ਰਚਾਰ ਵਿਚ ਕੋਈ ਕਮੀ ਨਹੀਂ ਆਈ ਬਲਕਿ ਆਪ ਜੀ ਨੇ ਮਸਤੂਆਣਾ ਸਾਹਿਬ ਵਿਖੇ ਆ ਕੇ ਵਿਦਿਆਰਥੀਆਂ ਨੂੰ ਗੁਰਮੁਖੀ ਵਿਦਿਆ ਪੜ੍ਹਾਉਣ ਦੀ ਸੇਵਾ ਸ਼ੁਰੂ ਕਰ ਦਿੱਤੀ। ਸੰਤ ਬਾਬਾ ਅਤਰ ਸਿੰਘ ਜੀ ਆਪ ਜੀ ਨੂੰ ਅਪਣਾ ਸਪੁੱਤਰ ਮੰਨਦੇ ਸਨ। ਉਨ੍ਹਾਂ ਦੇ ਜੋਤੀ ਜੋਤ ਸਮਾਉਣ ਮਗਰੋਂ ਸੰਤ ਬਾਬਾ ਤੇਜ਼ਾ ਸਿੰਘ ਜੀ ਨੇ ਉਨ੍ਹਾਂ ਦੇ ਬਚਨਾਂ ਨੂੰ ਪੂਰਾ ਕਰਨ ਲਈ ਗੁਰਦੁਆਰਿਆਂ ਅਤੇ ਵਿਦਿਅਕ ਸੰਸਥਾਵਾਂ ਦੀ ਸੇਵਾ ਕਰਵਾਈ। ਸਮੁੱਚਾ ਜੀਵਨ ਗੁਰੂ ਲੇਖੇ ਲਾਉਣ ਉਪਰੰਤ ਸੰਤ ਤੇਜ਼ਾ ਸਿੰਘ ਜੀ ਨੇ ਕਈ ਮਹੱਤਵਪੂਰਨ ਰਚਨਾਵਾਂ ਪੰਥ ਦੀ ਝੋਲੀ ਪਾਈਆਂ, ਜਿਨ੍ਹਾਂ ਵਿਚ ‘ਜੀਵਨੀ ਸੰਤ ਬਾਬਾ ਅਤਰ ਸਿੰਘ ਜੀ (ਦੋ ਭਾਗਾਂ ਵਿਚ), ਜਪੁਜੀ ਸਾਹਿਬ ਸਟੀਕ, ਇਤਿਹਾਸ ਗੁਰੂ ਨਾਨਕ ਪਾਤਸ਼ਾਹ, ਦਸ਼ਮੇਸ਼ ਪਿਤਾ ਅਤੇ ਦਿ ਪਥ ਆਫ਼ ਗੌਡ ਕੌਂਸ਼ੀਅਸਨੈੱਸ ਦੇ ਨਾਮ ਸ਼ਾਮਲ ਨੇ।
ਇਸ ਤਰ੍ਹਾਂ ਤਾਅ ਉਮਰ ਪੰਥਕ ਸੇਵਾਵਾਂ ਨਿਭਾਉਂਦਿਆਂ ਸੰਤ ਤੇਜ਼ਾ ਸਿੰਘ ਜੀ 3 ਜੁਲਾਈ 1965 ਨੂੰ ਪੰਜ ਤੱਤਾਂ ਵਿਚ ਵਿਲੀਨ ਹੋ ਗਏ। ਅੱਜ ਉਨ੍ਹਾਂ ਵੱਲੋਂ ਸਥਾਪਿਤ ਬੜੂ ਸਾਹਿਬ ਟਰੱਸਟ ਵੱਲੋਂ ਬਾਬਾ ਇਕਬਾਲ ਸਿੰਘ ਦੀ ਸਰਪ੍ਰਸਤੀ ਵਿਚ 129 ਅਕੈਡਮੀਆਂ ਅਤੇ 2 ਯੂਨੀਵਰਸਿਟੀਆਂ ਸਫ਼ਲਤਾ ਪੂਰਵਕ ਚਲਾਈਆਂ ਜਾ ਰਹੀਆਂ ਨੇ। ਕੁੱਝ ਸਾਲ ਪਹਿਲਾਂ ਕੈਨੇਡਾ ਦੀ ਬ੍ਰਿਟਿਸ਼ ਕੋਲੰਬੀਆ ਸਰਕਾਰ ਵੱਲੋਂ ਸੰਤ ਤੇਜ਼ਾ ਸਿੰਘ ਜੀ ਦੇ ਨਾਮ ’ਤੇ ਹਰ ਸਾਲ ਇਕ ਜੁਲਾਈ ਨੂੰ ‘ਸੰਤ ਤੇਜਾ ਸਿੰਘ ਦਿਵਸ’ ਵਜੋਂ ਮਨਾਉਣ ਦਾ ਐਲਾਨ ਕੀਤਾ ਗਿਆ ਸੀ ਅਤੇ ਇਹ ਹਰ ਸਾਲ ਮਨਾਇਆ ਜਾਂਦਾ ਏ। ਸੋ ਸੰਤ ਤੇਜ਼ਾ ਸਿੰਘ ਜੀ ਦਾ ਆਦਰਸ਼ਵਾਦੀ ਜੀਵਨ ਨੌਜਵਾਨ ਪੀੜ੍ਹੀ ਨੂੰ ਹਮੇਸ਼ਾਂ ਪ੍ਰੇਰਨਾ ਦਿੰਦਾ ਰਹੇਗਾ।
ਤੁਹਾਨੂੰ ਇਹ ਜਾਣਕਾਰੀ ਕਿਸ ਤਰ੍ਹਾਂ ਲੱਗੀ ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸਣਾ, ਇਸੇ ਤਰ੍ਹਾਂ ਦੀ ਹੋਰ ਜਾਣਕਾਰੀ ਲਈ ਤੁਸੀਂ ਦੇਖਦੇ ਰਹੋ ਹਮਦਰਦ ਟੀਵੀ