ਸੰਯੁਕਤ ਰਾਸ਼ਟਰ ਵਿਚ ਗੂੰਜਿਆ ਸਿੱਖਾਂ ਨਾਲ ਧੱਕੇਸ਼ਾਹੀ ਦਾ ਮੁੱਦਾ
ਸੰਯੁਕਤ ਰਾਸ਼ਟਰ ਦੇ ਘੱਟ ਗਿਣਤੀ ਫੋਰਮ ਦੀ ਤੀਜੀ ਮੀਟਿੰਗ ਦੌਰਾਨ ਸਿੱਖ ਅਸੈਂਬਲੀ ਆਫ਼ ਅਮੈਰਿਕਾ ਵੱਲੋਂ ਘੱਟ ਗਿਣਤੀ ਕੌਮ ਨਾਲ ਹੋ ਰਹੀ ਧੱਕੇਸ਼ਾਹੀ ਦਾ ਮੁੱਦਾ ਉਠਾਇਆ ਗਿਆ।;
ਸੰਯੁਕਤ ਰਾਸ਼ਟਰ : ਸੰਯੁਕਤ ਰਾਸ਼ਟਰ ਦੇ ਘੱਟ ਗਿਣਤੀ ਫੋਰਮ ਦੀ ਤੀਜੀ ਮੀਟਿੰਗ ਦੌਰਾਨ ਸਿੱਖ ਅਸੈਂਬਲੀ ਆਫ਼ ਅਮੈਰਿਕਾ ਵੱਲੋਂ ਘੱਟ ਗਿਣਤੀ ਕੌਮ ਨਾਲ ਹੋ ਰਹੀ ਧੱਕੇਸ਼ਾਹੀ ਦਾ ਮੁੱਦਾ ਉਠਾਇਆ ਗਿਆ। ਜਥੇਬੰਦੀ ਦੇ ਕੌਮਾਂਤਰੀ ਮਾਮਲਿਆਂ ਬਾਰੇ ਡਾਇਰੈਕਟਰ ਸਿਮਰ ਸਿੰਘ ਨੇ ਸਿੱਖਾਂ ਦਾ ਪੱਖ ਪੇਸ਼ ਕਰਦਿਆਂ ਕਿਹਾ ਕਿ ਇੰਟਰਨੈਸ਼ਨਲ ਕਮਿਊਨਿਟੀ ਨੂੰ ਸਿੱਖੀ ਬਾਰੇ ਜਾਗਰੂਕ ਕੀਤੇ ਜਾਣ ਦੀ ਲੋੜ ਹੈ ਤਾਂਕਿ ਭਾਈਚਾਰੇ ਨਾਲ ਹੋ ਰਹੀਆਂ ਵਧੀਕੀਆਂ ਰੋਕੀਆਂ ਜਾ ਸਕਣ। ਉਨ੍ਹਾਂ ਕਿਹਾ ਕਿ 1984 ਵਿਚ ਸਾਕਾ ਨੀਲਾ ਤਾਰਾ ਦੌਰਾਨ ਸਿੱਖਾਂ ਦੇ ਸਰਬਉਚ ਧਾਰਮਿਕ ਸਥਾਨ ’ਤੇ ਹਮਲਾ ਕੀਤਾ ਗਿਆ ਅਤੇ ਇਸ ਮਗਰੋਂ ਦਿੱਲੀ ਸਣੇ ਹੋਰਨਾਂ ਕਈ ਰਾਜਾਂ ਵਿਚ ਸਿੱਖ ਨਸਲਕੁਸ਼ੀ ਕੀਤੀ ਗਈ। ਸਿੱਖਾਂ ਨੂੰ ਬਦਨਾਮ ਕਰਨ ਲਈ ਮੀਡੀਆ ਵਿਚ ਗੁੰਮਰਾਕੁਨ ਜਾਣਕਾਰੀ ਫੈਲਾਈ ਜਾ ਰਹੀ ਹੈ ਜਿਸ ਦੇ ਮੱਦੇਨਜ਼ਰ ਇੰਟਰਨੈਸ਼ਨਲ ਮੀਡੀਆ ਨੂੰ ਸਿੱਖੀ ਸਿਧਾਂਤਾਂ ਬਾਰੇ ਜਾਣੂ ਹੋਣ ਦੀ ਜ਼ਰੂਰਤ ਹੈ। ਸਿਮਰ ਸਿੰਘ ਨੇ ਅੱਗੇ ਕਿਹਾ ਕਿ ਹੁਣ ਕੈਨੇਡਾ ਅਤੇ ਯੂ.ਕੇ. ਵਰਗੇ ਮੁਲਕਾਂ ਵਿਚ ਸਿੱਖਾਂ ਦੇ ਕਤਲ ਹੋ ਰਹੇ ਹਨ ਅਤੇ ਅਮਰੀਕਾ ਵਿਚ ਕਈ ਜਣਿਆਂ ਦੀ ਜਾਨ ਨੂੰ ਖ਼ਤਰਾ ਹੋਣ ਬਾਰੇ ਖੁਫੀਆ ਜਾਣਕਾਰੀ ਮਿਲ ਚੁੱਕੀ ਹੈ।