LPG ਸੰਕਟ, ਗ਼ਰੀਬ ਦੀ ਰੋਟੀ 'ਤੇ ਡਾਕਾ!, ਦੇਸ਼ ਦਾ ਇਹ ਸੱਚ ਦੇਖ ਕੇ ਕੰਬ ਜਾਵੇਗੀ ਰੂਹ
ਮਜ਼ਦੂਰਾਂ ਦੀ ਦਰਦ ਕਹਾਣੀ", "ਆ ਹੁਣ ਮੁੜ ਚੱਲੀਏ"
ਸ਼ਹਿਰ ਦੀਆਂ ਉੱਚੀਆਂ ਇਮਾਰਤਾਂ, ਚਮਕਦੀਆਂ ਸੜਕਾਂ ਅਤੇ ਸੁਪਨਿਆਂ ਦਾ ਮਹਾਂਨਗਰ... ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਚਮਕ ਦੇ ਪਿੱਛੇ ਇੱਕ ਡੂੰਘਾ ਹਨੇਰਾ ਵੀ ਹੈ? ਅੱਜ ਦਿੱਲੀ ਦੇ ਰੇਲਵੇ ਸਟੇਸ਼ਨਾਂ 'ਤੇ ਜੋ ਭੀੜ ਹੈ, ਉਹ ਕਿਸੇ ਤਿਉਹਾਰ ਲਈ ਨਹੀਂ, ਸਗੋਂ ਆਪਣੀ ਹੋਂਦ ਬਚਾਉਣ ਲਈ ਹੈ।
ਇਸ ਭੀੜ ਨੂੰ ਦੇਖ ਕੇ ਅੱਜ ਸਵਾਲ ਇਹ ਹੈ— ਕਿ ਜਿਸ ਮਜ਼ਦੂਰ ਨੇ ਸ਼ਹਿਰ ਦੀ ਨੀਂਹ ਰੱਖੀ, ਅੱਜ ਉਹ ਆਪਣੀ ਰਸੋਈ ਵਿੱਚ ਚੁੱਲ੍ਹਾ ਬਾਲਣ ਲਈ ਵੀ ਕਿਉਂ ਤਰਸ ਰਿਹਾ ਹੈ?
ਜਦੋਂ ਇੱਕ ਕਿੱਲੋ ਗੈੱਸ ਦੀ ਕੀਮਤ ਇੱਕ ਮਜ਼ਦੂਰ ਦੀ ਪੂਰੇ ਦਿਨ ਦੀ ਦਿਹਾੜੀ ਤੋਂ ਵੀ ਦੁੱਗਣੀ ਹੋ ਜਾਵੇ, ਤਾਂ ਉਹ ਗ਼ਰੀਬ ਕੀ ਖਾਵੇਗਾ ਅਤੇ ਆਪਣੇ ਬੱਚਿਆਂ ਨੂੰ ਕੀ ਖੁਆਏਗਾ? ਅੱਜ ਯੂ ਪੀ, ਬਿਹਾਰ ਅਤੇ ਬੰਗਾਲ ਦੇ ਹਜ਼ਾਰਾਂ ਪ੍ਰਵਾਸੀ ਮਜ਼ਦੂਰ ਆਪਣੀਆਂ ਅੱਖਾਂ ਵਿੱਚ ਅੱਥਰੂ ਅਤੇ ਹੱਥਾਂ ਵਿੱਚ ਬੇਬਸੀ ਲੈ ਕੇ ਕਹਿ ਰਹੇ ਹਨ— 'ਆ ਹੁਣ ਮੁੜ ਚੱਲੀਏ'
ਕਿਉਂਕਿ ਇੱਥੇ ਹੁਣ ਰੋਜ਼ੀ-ਰੋਟੀ ਕਮਾਉਣ ਆਏ ਲੋਕਾਂ ਦੇ ਸਾਹਮਣੇ, ਰੋਟੀ ਦਾ ਹੀ ਸੰਕਟ ਖੜ੍ਹਾ ਹੋ ਗਿਆ ਹੈ। ਕੀ ਸਾਡਾ ਸਿਸਟਮ ਇੰਨਾ ਲਾਚਾਰ ਹੋ ਗਿਆ ਹੈ ਕਿ ਕਾਲਾਬਾਜ਼ਾਰੀ ਕਰਨ ਵਾਲੇ ਗ਼ਰੀਬ ਦੀ ਰੋਟੀ ਖੋਹ ਰਹੇ ਹਨ ਅਤੇ ਅਸੀਂ ਸਿਰਫ਼ ਤਮਾਸ਼ਾ ਦੇਖ ਰਹੇ ਹਾਂ? ਸਾਡੀ ਅੱਜ ਦੀ ਇਹ ਖ਼ਾਸ ਰਿਪੋਰਟ ਇਸੇ ਨਾ ਸਬੰਧਿਤ ਏ ਕਿ ਕਿਉਂ ਅਕਸਰ ਹੀ ਔਖੀ ਘੜੀ ਚ 'ਮਹਾਂ ਨਗਰਾਂ ਦੀ ਬੇਰੁਖ਼ੀ ਅਤੇ ਮਜ਼ਦੂਰ ਦਾ ਪਲਾਇਨ' ਹੁੰਦਾ ਏ
ਦਿੱਲੀ ਸਣੇ ਦੇਸ਼ ਦੇ ਕਈ ਸੂਬਿਆਂ ਚ ਰੇਲਵੇ ਸਟੇਸ਼ਨਾਂ 'ਤੇ ਵਧਦੀ ਭਾਰੀ ਭੀੜ ਇਸ ਗੱਲ ਦੀ ਗਵਾਹੀ ਭਰਦੀ ਏ ਕੇ ਇਹ ਉਹ ਲੋਕ ਹਨ ਜੋ ਹਜ਼ਾਰਾਂ ਕਿੱਲੋ ਮੀਟਰ ਦੂਰੋਂ ਆਪਣੇ ਪਰਿਵਾਰ ਪਾਲਣ ਲਈ ਆਏ ਸਨ, ਪਰ ਹੁਣ ਖ਼ਾਲੀ ਹੱਥ ਵਾਪਸ ਮੁੜਨ ਲਈ ਮਜਬੂਰ ਹਨ। ਇਹ ਉਹ ਲੋਕ ਨੇ ਜੋ ਘਰ ਤੋਂ ਹਜ਼ਾਰਾਂ ਕਿੱਲੋ ਮੀਟਰ ਦੂਰ ਰੋਜ਼ੀ-ਰੋਟੀ ਦੀ ਭਾਲ ਵਿੱਚ ਨਿਕਲੇ ਸਨ, ਪਰ ਹੁਣ ਗੈੱਸ ਦੀ ਕਿੱਲਤ ਕਾਰਨ ਉਨ੍ਹਾਂ ਦੇ ਖਾਣ-ਪੀਣ 'ਤੇ ਹੀ ਸੰਕਟ ਆ ਗਿਆ ਹੈ। ਕਾਰਨ ਹੈ – ਰਸੋਈ ਗੈੱਸ ਦਾ ਗੰਭੀਰ ਸੰਕਟ।
ਉੱਤਰ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ ਅਤੇ ਉੜੀਸਾ ਵਰਗੇ ਰਾਜਾਂ ਤੋਂ ਕੰਮ ਦੀ ਭਾਲ ਵਿੱਚ ਆਏ ਲੋਕਾਂ 'ਤੇ ਗੈੱਸ ਸੰਕਟ ਕਾਰਨ ਰੋਟੀ ਦਾ ਸੰਕਟ ਛਾ ਗਿਆ ਹੈ। ਇਹੀ ਕਾਰਨ ਹੈ ਕਿ ਆਨੰਦ ਵਿਹਾਰ, ਨਵੀਂ ਦਿੱਲੀ ਅਤੇ ਪੁਰਾਣੀ ਦਿੱਲੀ ਰੇਲਵੇ ਸਟੇਸ਼ਨਾਂ 'ਤੇ ਘਰ ਪਰਤਣ ਵਾਲੇ ਪ੍ਰਵਾਸੀਆਂ ਦੀ ਭਾਰੀ ਭੀੜ ਉਮੜ ਰਹੀ ਹੈ।
ਗੈੱਸ ਦੀ ਕਿੱਲਤ ਨੇ ਸਿਰਫ਼ ਘਰੇਲੂ ਰਸੋਈਆਂ ਨੂੰ ਹੀ ਪ੍ਰਭਾਵਿਤ ਨਹੀਂ ਕੀਤਾ, ਗੈੱਸ ਸੰਕਟ ਦਾ ਸਭ ਤੋਂ ਵੱਧ ਅਸਰ ਹੋਟਲਾਂ ਅਤੇ ਰੈਸਟੋਰੈਂਟਾਂ 'ਤੇ ਪਿਆ ਹੈ। ਗੈੱਸ ਦੀ ਕਮੀ ਕਾਰਨ ਸੈਂਕੜੇ ਛੋਟੇ-ਵੱਡੇ ਹੋਟਲ ਬੰਦ ਹੋ ਗਏ ਹਨ।
ਨਤੀਜੇ ਵਜੋਂ ਉੱਥੇ ਕੰਮ ਕਰਨ ਵਾਲੇ ਵੇਟਰਾਂ, ਰਸੋਈਏ ਅਤੇ ਸਫ਼ਾਈ ਕਰਮਚਾਰੀਆਂ ਦੀ ਛੁੱਟੀ ਕਰ ਦਿੱਤੀ ਗਈ ਹੈ। ਯੂ ਪੀ, ਬਿਹਾਰ, ਮੱਧ ਪ੍ਰਦੇਸ਼ ਅਤੇ ਬੰਗਾਲ ਤੋਂ ਆਏ ਇਨ੍ਹਾਂ ਮਜ਼ਦੂਰਾਂ 'ਤੇ ਦੋਹਰੀ ਮਾਰ ਪਈ ਹੈ—ਇੱਕ ਪਾਸੇ ਚੁੱਲ੍ਹਾ ਬਾਲਣ ਲਈ ਗੈੱਸ ਨਹੀਂ ਅਤੇ ਦੂਜੇ ਪਾਸੇ ਕਮਾਈ ਦਾ ਕੋਈ ਜ਼ਰੀਆਂ ਨਹੀਂ ਬਚਿਆ। ਬਿਹਾਰ ਦੇ ਕਟਿਹਾਰ ਦੇ ਰਹਿਣ ਵਾਲੇ ਇੱਕ ਨੇ ਦੱਸਿਆ ਕਿ ਉਹ ਦਿੱਲੀ ਦੇ ਇੱਕ ਹੋਟਲ ਵਿੱਚ ਖਾਣਾ ਬਣਾਉਣ ਦਾ ਕੰਮ ਕਰਦੇ ਸਨ।
ਗੈੱਸ ਦੀ ਕਿੱਲਤ ਕਾਰਨ ਹੋਟਲ ਬੰਦ ਹੋ ਗਿਆ, ਜਿਸ ਨਾਲ ਉਨ੍ਹਾਂ ਦਾ ਰੁਜ਼ਗਾਰ ਖ਼ਤਮ ਹੋ ਗਿਆ। ਘਰ ਵਿੱਚ ਜੋ ਗੈੱਸ ਬਚੀ ਸੀ, ਉਹ ਵੀ ਮੁੱਕ ਗਈ ਹੈ। ਬਾਜ਼ਾਰ ਵਿੱਚ ਇੱਕ ਕਿੱਲੋ ਗੈੱਸ ਭਰਨ ਲਈ ਵੱਡੀ ਕੀਮਤ ਮੰਗੀ ਜਾ ਰਹੀ ਹੈ । ਕੰਮ ਛੁੱਟਣ ਕਾਰਨ ਹਾਲਾਤ ਇੰਨੇ ਮਾੜੇ ਹੋ ਗਏ ਹਨ ਕਿ ਘਰ ਦਾ ਕਿਰਾਇਆ ਦੇਣਾ ਵੀ ਮੁਸ਼ਕਲ ਹੋ ਗਿਆ ਹੈ।
ਦਿੱਲੀ ਵਰਗੇ ਮਹਾਂ ਨਗਰਾਂ ਵਿੱਚ ਰੋਜ਼ੀ-ਰੋਟੀ ਕਮਾਉਣ ਆਏ ਯੂ ਪੀ, ਬਿਹਾਰ ਅਤੇ ਬੰਗਾਲ ਦੇ ਪ੍ਰਵਾਸੀ ਮਜ਼ਦੂਰ ਅੱਜ ਇੱਕ ਅਜਿਹੇ ਸੰਕਟ ਵਿੱਚ ਫਸ ਗਏ ਹਨ, ਜਿੱਥੇ ਉਨ੍ਹਾਂ ਲਈ ਦੋ ਵਕਤ ਦੀ ਰੋਟੀ ਜੁਟਾਉਣਾ ਵੀ ਮੁਸ਼ਕਲ ਹੋ ਗਿਆ ਹੈ। ਗੈੱਸ ਦੀ ਕਿੱਲਤ ਅਤੇ ਕਾਲਾਬਾਜ਼ਾਰੀ ਨੇ ਇਨ੍ਹਾਂ ਗ਼ਰੀਬਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ।
ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਇੱਕ ਮਜ਼ਦੂਰ ਨੇ ਦੱਸਿਆ ਕਿ ਦਿੱਲੀ ਵਿੱਚ ਰਹਿ ਕੇ ਉਹ ਪਹਿਲਾਂ ਹੀ ਦੋ ਵੇਲੇ ਦੀ ਰੋਟੀ ਲਈ ਸੰਘਰਸ਼ ਕਰ ਰਹੇ ਸਨ। ਹੁਣ ਗੈੱਸ ਦੀ ਕਿੱਲਤ ਅਤੇ ਕਾਲਾਬਾਜ਼ਾਰੀ ਨੇ ਉਨ੍ਹਾਂ ਦਾ ਲੱਕ ਤੋੜ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਰੋਜ਼ਾਨਾ ਦੀ ਕਮਾਈ 300-400 ਰੁਪਏ ਹੈ, ਜਦਕਿ ਬਾਜ਼ਾਰ ਵਿੱਚ ਗੈੱਸ ਦੀ ਕੀਮਤ ਪ੍ਰਤੀ ਕਿੱਲੋ ਰੋਜ਼ਾਨਾ ਦੀ ਕਮਾਈ ਤੋਂ ਦੁੱਗਣੀ ਚਾਲ ਰਹੀ ਹੈ।
ਇਹ ਸੰਕਟ ਸਿਰਫ਼ ਮਜ਼ਦੂਰਾਂ ਤੱਕ ਹੀ ਸੀਮਤ ਨਹੀਂ ਹੈ। ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਵਿਦਿਆਰਥੀ ਵੀ ਇਸ ਦੀ ਲਪੇਟ ਵਿੱਚ ਹਨ। ਦਰਭੰਗਾ ਦੇ ਕਈ ਵਿਦਿਆਰਥੀ, ਜੋ ਦਿੱਲੀ ਦੇ ਰਾਜੇਂਦਰ ਨਗਰ ਵਿੱਚ ਰਹਿ ਕੇ ਪੜ੍ਹਾਈ ਕਰ ਰਹੇ ਸਨ, ਨੇ ਦੱਸਿਆ ਕਿ ਘਰ ਵਿੱਚ ਗੈੱਸ ਖ਼ਤਮ ਹੋ ਗਈ ਹੈ। ਉਨ੍ਹਾਂ ਕੋਲ ਇੰਨੇ ਪੈਸੇ ਨਹੀਂ ਹਨ ਕਿ ਉਹ ਰੋਜ਼ਾਨਾ ਬਾਹਰੋਂ ਖਾਣਾ ਖਾ ਸਕਣ, ਇਸ ਲਈ ਉਨ੍ਹਾਂ ਨੇ ਘਰ ਵਾਪਸ ਜਾਣਾ ਹੀ ਠੀਕ ਸਮਝਿਆ।
ਆਨੰਦ ਵਿਹਾਰ ਸਟੇਸ਼ਨ 'ਤੇ ਆਪਣੀ ਪੋਟਲੀ ਬੰਨ੍ਹੀ ਖੜ੍ਹੇ ਮਜ਼ਦੂਰ ਦੀਆਂ ਅੱਖਾਂ ਵਿੱਚ ਬੇਬਸੀ ਸਾਫ਼ ਦਿਖਾਈ ਦੇ ਰਹੀ ਸੀ। ਉਹ ਕਹਿੰਦੇ ਹਨ, "ਸਾਹਿਬ, ਕੰਮ ਬੰਦ ਹੈ, ਮਾਲਕ ਨੇ ਹੱਥ ਖੜ੍ਹੇ ਕਰ ਦਿੱਤੇ ਹਨ। ਮਕਾਨ ਮਾਲਕ ਕਿਰਾਇਆ ਮੰਗ ਰਿਹਾ ਹੈ, ਪਰ ਇੱਥੇ ਤਾਂ ਪੇਟ ਭਰਨਾ ਔਖਾ ਹੋ ਗਿਆ ਹੈ। ਜਦੋਂ ਗੈੱਸ ਹੀ ਨਹੀਂ ਮਿਲੇਗੀ ਤਾਂ ਖਾਣਾ ਕਿੱਥੇ ਬਣਾਵਾਂਗੇ? ਘੱਟੋ-ਘੱਟ ਪਿੰਡ ਵਿੱਚ ਸੁੱਕੀ ਰੋਟੀ ਤਾਂ ਨਸੀਬ ਹੋਵੇਗੀ।"
ਦੂਜੇ ਪਾਸੇ ਸਾਡੇ ਦੇਸ਼ ਦੀ ਰੀਡ ਦੀ ਹੱਡੀ ਮੰਨੇ ਜਾਂਦੇ ਮਜ਼ਦੂਰਾਂ ਦੀ ਤਰਸਦੀ ਦੇਖੋ ਕੇ ਆਪਣਾ ਢਿੱਡ ਭਰਨ ਲਈ ਹੁਣ ਚੋਣਾਂ ਦਾ ਸਹਾਰਾ ਲੈਣਾ ਪੈ ਰਿਹਾ ਏ ਪੱਛਮੀ ਬੰਗਾਲ ਤੋਂ ਆਏ ਮਜ਼ਦੂਰਾਂ ਦਾ ਕਿਹਾ ਹੈ ਕਿ ਦਿੱਲੀ ਵਿੱਚ ਖਾਣ ਦੇ ਲਾਲੇ ਪੈ ਰਹੇ ਹਨ, ਪਰ ਪੱਛਮੀ ਬੰਗਾਲ ਵਿੱਚ ਚੋਣਾਂ ਦਾ ਸਾਲ ਹੋਣ ਕਰਕੇ ਸਹੂਲਤਾਂ ਦੀ ਭਰਮਾਰ ਹੈ।
ਉੱਥੇ ਸਰਕਾਰ ਗੈੱਸ ਦੀ ਕਿੱਲਤ ਨਹੀਂ ਹੋਣ ਦੇ ਰਹੀ। ਪੱਛਮੀ ਬੰਗਾਲ ਜਾ ਰਹੇ ਮਜ਼ਦੂਰਾਂ ਨੇ ਦੱਸਿਆ ਕਿ ਉੱਥੇ ਜਾ ਕੇ ਵੋਟ ਵੀ ਪਾਵਾਂਗੇ ਅਤੇ ਚੋਣਾਂ ਦੌਰਾਨ ਕੋਈ ਸੰਕਟ ਵੀ ਨਹੀਂ ਰਹੇਗਾ। ਤਾਂ ਆਉਣ ਵਾਲੇ ਕੁੱਝ ਮਹੀਨੇ ਸੁਖਾਲੇ ਵੀ ਨਿਕਲ ਜਾਣਗੇ
ਰੇਲਵੇ ਸਟੇਸ਼ਨਾਂ 'ਤੇ ਲੰਬੀਆਂ ਲਾਈਨਾਂ ਅਤੇ ਸਿਸਕਦੇ ਚਿਹਰੇ ਇਹ ਦੱਸ ਰਹੇ ਹਨ ਕਿ ਮਹਾਂ ਨਗਰਾਂ ਦੀ ਚਮਕ-ਧਮਕ ਪਿੱਛੇ ਲੁਕਿਆ ਇਹ ਹਨੇਰਾ ਬਹੁਤ ਡੂੰਘਾ ਹੈ। ਜਦੋਂ ਸਿਸਟਮ ਤੋਂ ਭਰੋਸਾ ਉੱਠ ਜਾਵੇ, ਤਾਂ ਪਲਾਇਨ ਕੋਈ ਸ਼ੌਕ ਨਹੀਂ, ਸਗੋਂ ਮਜਬੂਰੀ ਬਣ ਜਾਂਦਾ ਹੈ।
ਆਨੰਦ ਵਿਹਾਰ ਸਟੇਸ਼ਨ 'ਤੇ ਖੜ੍ਹੇ ਘਰ ਵਾਪਸੀ ਕਰ ਰਹੇ ਪ੍ਰਵਾਸੀਆਂ ਦੀਆਂ ਸਿੱਲੀਆਂ ਅੱਖਾਂ ਇਹ ਸਵਾਲ ਪੁੱਛ ਰਹੀਆਂ ਹਨ ਕਿ ਕੀ ਵਿਕਾਸ ਦੇ ਇਸ ਦੌਰ ਵਿੱਚ ਗ਼ਰੀਬ ਲਈ ਦੋ ਵਕਤ ਦੀ ਰੋਟੀ ਸੱਚਮੁੱਚ ਇੰਨੀ ਮਹਿੰਗੀ ਹੋ ਗਈ ਹੈ? ਕੀ ਅਸੀਂ ਅਜਿਹਾ ਭਾਰਤ ਸਿਰਜ ਰਹੇ ਹਾਂ ਜਿੱਥੇ ਗ਼ਰੀਬ ਨੂੰ ਰੋਟੀ ਪਕਾਉਣ ਲਈ ਆਪਣਾ ਰੁਜ਼ਗਾਰ ਅਤੇ ਘਰ ਛੱਡਣਾ ਪਵੇ?
ਜਦੋਂ ਇੱਕ ਦਿਹਾੜੀਦਾਰ ਮਜ਼ਦੂਰ ਦੀ ਰੋਜ਼ਾਨਾ ਕਮਾਈ 300-400 ਰੁਪਏ ਹੋਵੇ ਅਤੇ ਉਸ ਨੂੰ ਇੱਕ ਕਿੱਲੋ ਗੈੱਸ ਲਈ ਦੁੱਗਣੇ ਰੁਪਏ ਖ਼ਰਚਣੇ ਪੈਣ, ਤਾਂ ਸਵਾਲ ਸਿਰਫ਼ ਮਹਿੰਗਾਈ ਦਾ ਨਹੀਂ, ਸਗੋਂ ਹੋਂਦ ਦਾ ਬਣ ਜਾਂਦਾ ਹੈ। ਘਰ ਵਾਪਸੀ ਕਰ ਰਹੇ ਹਜ਼ਾਰਾਂ ਮਜ਼ਦੂਰਾਂ ਦੀ ਕਹਾਣੀ ਇੱਕੋ ਜਿਹੀ ਹੈ—ਕੰਮ ਛੁੱਟ ਗਿਆ ਹੈ, ਜੇਬ ਖ਼ਾਲੀ ਹੈ ਅਤੇ ਮਕਾਨ ਮਾਲਕ ਕਿਰਾਏ ਲਈ ਦਬਾਅ ਪਾ ਰਿਹਾ ਹੈ।
ਅਜਿਹੀ ਸਥਿਤੀ ਵਿੱਚ 'ਆ ਹੁਣ ਮੁੜ ਚੱਲੀਏ' ਦਾ ਨਾਅਰਾ ਕੋਈ ਸ਼ੌਕ ਨਹੀਂ, ਸਗੋਂ ਜਾਨ ਬਚਾਉਣ ਦੀ ਇੱਕ ਮਜਬੂਰੀ ਹੈ। ਦਿੱਲੀ ਦੇ ਆਨੰਦ ਵਿਹਾਰ ਅਤੇ ਨਵੀਂ ਦਿੱਲੀ ਰੇਲਵੇ ਸਟੇਸ਼ਨਾਂ 'ਤੇ ਲੱਗੀਆਂ ਲੰਬੀਆਂ ਕਤਾਰਾਂ ਇਸ ਗੱਲ ਦੀ ਗਵਾਹ ਹਨ ਕਿ ਜਦੋਂ ਸ਼ਹਿਰ ਰੁਜ਼ਗਾਰ ਅਤੇ ਰੋਟੀ ਦੀ ਗਾਰੰਟੀ ਨਹੀਂ ਦੇ ਪਾਉਂਦਾ, ਤਾਂ ਮਜ਼ਦੂਰ ਆਪਣੇ ਪਿੰਡਾਂ ਦੀ 'ਸੁੱਕੀ ਰੋਟੀ' ਨੂੰ ਹੀ ਸਕੂਨ ਸਮਝ ਕੇ ਵਾਪਸ ਮੁੜ ਜਾਂਦਾ ਹੈ।
ਪਰ ਇੱਥੇ ਹੈਰਾਨੀ ਦੀ ਗੱਲ ਇਹ ਵੀ ਹੈ ਕਿ ਇੱਕ ਪਾਸੇ ਪੱਛਮੀ ਬੰਗਾਲ ਵਰਗੇ ਸੂਬਿਆਂ ਵਿੱਚ ਚੋਣਾਂ ਕਾਰਨ ਸਹੂਲਤਾਂ ਦੀ ਗੱਲ ਹੋ ਰਹੀ ਹੈ, ਉੱਥੇ ਹੀ ਦੇਸ਼ ਦੀ ਰਾਜਧਾਨੀ ਵਿੱਚ ਮੁੱਢਲੀਆਂ ਲੋੜਾਂ ਲਈ ਹਾਹਾਕਾਰ ਮਚੀ ਹੋਈ ਹੈ। ਇਹ ਸਥਿਤੀ ਪ੍ਰਸ਼ਾਸਨਿਕ ਨਾਕਾਮੀ ਅਤੇ ਬਾਜ਼ਾਰ ਦੇ ਕੰਟਰੋਲ ਤੋਂ ਬਾਹਰ ਹੋਣ ਦਾ ਪ੍ਰਤੀਕ ਹੈ। ਜੇਕਰ ਸਮੇਂ ਸਿਰ ਕਾਲਾਬਾਜ਼ਾਰੀ 'ਤੇ ਨੱਥ ਨਾ ਪਾਈ ਗਈ, ਤਾਂ ਇਹ ਪਲਾਇਨ ਨਾ ਸਿਰਫ਼ ਮਾਨਵੀ ਸੰਕਟ ਪੈਦਾ ਕਰੇਗਾ, ਸਗੋਂ ਸ਼ਹਿਰੀ ਅਰਥਚਾਰੇ ਨੂੰ ਵੀ ਵੱਡੀ ਸੱਟ ਮਾਰੇਗਾ।
ਕਿਉਂਕਿ ਦਿੱਲੀ ਅਤੇ ਹੋਰ ਮਹਾਂ ਨਗਰਾਂ ਤੋਂ ਪ੍ਰਵਾਸੀ ਮਜ਼ਦੂਰਾਂ ਦਾ ਇੱਕ ਵਾਰ ਫਿਰ ਪਲਾਇਨ ਸ਼ੁਰੂ ਹੋਣਾ ਸਾਡੇ ਸਿਸਟਮ ਲਈ ਇੱਕ ਗੰਭੀਰ ਚੇਤਾਵਨੀ ਹੈ। ਉੱਤਰ ਪ੍ਰਦੇਸ਼, ਬਿਹਾਰ ਅਤੇ ਬੰਗਾਲ ਦੇ ਉਹ ਹੱਥ, ਜੋ ਸ਼ਹਿਰਾਂ ਦੀਆਂ ਉੱਚੀਆਂ ਇਮਾਰਤਾਂ ਦੀ ਨੀਂਹ ਰੱਖਦੇ ਹਨ, ਅੱਜ ਰਸੋਈ ਗੈੱਸ ਦੀ ਕਿੱਲਤ ਅਤੇ ਕਾਲਾਬਾਜ਼ਾਰੀ ਕਾਰਨ ਖ਼ਾਲੀ ਹੇਠ ਮੁੜਨ ਲਈ ਮਜਬੂਰ ਹਨ।
ਇਹ ਬੜੀ ਮੰਦਭਾਗੀ ਗੱਲ ਹੈ ਕਿ ਦੇਸ਼ ਦੀ ਰਾਜਧਾਨੀ ਵਿੱਚ ਇੱਕ ਦਿਹਾੜੀਦਾਰ ਨੂੰ ਆਪਣੇ ਰੋਜ਼ਾਨਾ ਦੇ ਕੰਮ ਤੋਂ ਦੁੱਗਣੇ ਭਾਅ ਚ ਪ੍ਰਤੀ ਕਿੱਲੋ ਗੈੱਸ ਖ਼੍ਰੀਦਣੀ ਪੈ ਰਹੀ ਹੈ। ਜਦੋਂ ਕਿਸੇ ਮਜ਼ਦੂਰ ਦੀ ਦਿਹਾੜੀ ਹੀ 300-400 ਰੁਪਏ ਹੋਵੇ, ਤਾਂ ਉਹ ਆਪਣੇ ਪਰਿਵਾਰ ਦਾ ਢਿੱਡ ਭਰੇਗਾ ਜਾਂ ਗੈੱਸ ਸਲੰਡਰ ਲਵੇਗਾ?
ਹੋਟਲ-ਰੈਸਟੋਰੈਂਟ ਬੰਦ ਹੋਣ ਕਾਰਨ ਰੁਜ਼ਗਾਰ ਦਾ ਖੁੱਸਣਾ 'ਕੋਹੜ ਵਿੱਚ ਖਾਜ' ਵਾਲੀ ਗੱਲ ਸਾਬਤ ਹੋ ਰਹੀ ਹੈ। ਰੇਲਵੇ ਸਟੇਸ਼ਨਾਂ 'ਤੇ ਲੱਗੀਆਂ ਲੰਬੀਆਂ ਕਤਾਰਾਂ ਅਤੇ ਸਿਸਕਦੇ ਚਿਹਰੇ ਦੱਸ ਰਹੇ ਹਨ ਕਿ ਗ਼ਰੀਬ ਲਈ ਮਹਾਂ ਨਗਰਾਂ ਦੀ ਚਮਕ ਹੁਣ ਫਿੱਕੀ ਪੈ ਚੁੱਕੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਿਰਫ਼ ਅੰਕੜਿਆਂ ਦੀ ਖੇਡ ਨਾ ਖੇਡੇ, ਸਗੋਂ ਜ਼ਮੀਨੀ ਪੱਧਰ 'ਤੇ ਗੈੱਸ ਦੀ ਕਾਲਾਬਾਜ਼ਾਰੀ ਨੂੰ ਰੋਕ ਕੇ ਇਨ੍ਹਾਂ ਪ੍ਰਵਾਸੀਆਂ ਦਾ ਭਰੋਸਾ ਬਹਾਲ ਕਰੇ।
"ਇਹ ਸਿਰਫ਼ ਰੇਲਵੇ ਸਟੇਸ਼ਨਾਂ 'ਤੇ ਲੱਗੀਆਂ ਲੰਬੀਆਂ ਕਤਾਰਾਂ ਨਹੀਂ ਹਨ, ਸਗੋਂ ਇਹ ਸਾਡੀ ਵਿਵਸਥਾ ਦੇ ਮੂੰਹ 'ਤੇ ਇੱਕ ਕਰਾਰੀ ਚਪੇੜ ਹੈ। ਜਿਹੜੇ ਹੱਥ ਕੱਲ੍ਹ ਤੱਕ ਸ਼ਹਿਰ ਦਾ ਚੱਕਾ ਚਲਾਉਂਦੇ ਸਨ, ਅੱਜ ਉਹ ਆਪਣੀਆਂ ਪੋਟਲੀਆਂ ਬੰਨ੍ਹ ਕੇ ਸਿਰਫ਼ ਇਸ ਲਈ ਵਾਪਸ ਮੁੜ ਰਹੇ ਹਨ ਕਿਉਂਕਿ ਉਨ੍ਹਾਂ ਦੀ ਰਸੋਈ ਦਾ ਚੁੱਲ੍ਹਾ ਠੰਢਾ ਪੈ ਚੁੱਕਾ ਹੈ। ਸਵਾਲ ਪ੍ਰਸ਼ਾਸਨ ਨੂੰ ਹੈ— ਕੀ 800 ਰੁਪਏ ਕਿੱਲੋ ਗੈੱਸ ਵਿਕਣਾ ਸਾਡੀ ਪ੍ਰਣਾਲੀ ਦੀ ਹਾਰ ਨਹੀਂ? ਕੀ ਵੱਡੇ ਸ਼ਹਿਰਾਂ ਵਿੱਚ ਗ਼ਰੀਬ ਦੀ ਕੋਈ ਜਗ੍ਹਾ ਨਹੀਂ ਰਹਿ ਗਈ?
ਹਜ਼ਾਰਾਂ ਲੋਕ ਅੱਜ ਦਿੱਲੀ ਨੂੰ ਪਿੱਠ ਦਿਖਾ ਕੇ ਜਾ ਰਹੇ ਹਨ, ਪਰ ਉਹ ਆਪਣੇ ਨਾਲ ਇੱਕ ਚਿੰਤਾਜਨਕ ਸਵਾਲ ਲੈ ਕੇ ਜਾ ਰਹੇ ਹਨ— ਕਿ ਜੇਕਰ ਅੱਜ ਇਹ ਮਜ਼ਦੂਰ ਸ਼ਹਿਰ ਛੱਡ ਗਿਆ, ਤਾਂ ਕੱਲ੍ਹ ਨੂੰ ਸ਼ਹਿਰ ਦੀ ਨੀਂਹ ਕੌਣ ਸੰਭਾਲੇਗਾ?
ਉਮੀਦ ਹੈ ਕਿ ਸੱਤਾ ਦੇ ਗਲਿਆਰਿਆਂ ਵਿੱਚ ਬੈਠੇ ਲੋਕਾਂ ਤੱਕ ਇਨ੍ਹਾਂ ਮਜ਼ਦੂਰਾਂ ਦੀ ਸਿਸਕੀ ਜ਼ਰੂਰ ਪਹੁੰਚੇਗੀ ਅਤੇ ਕਾਲਾਬਾਜ਼ਾਰੀ ਕਰਨ ਵਾਲਿਆਂ 'ਤੇ ਸ਼ਿਕੰਜਾ ਕੱਸਿਆ ਜਾਵੇਗਾ। ਪਰ ਫ਼ਿਲਹਾਲ, ਇਨ੍ਹਾਂ ਪ੍ਰਵਾਸੀਆਂ ਲਈ ਸਿਰਫ਼ ਇੱਕੋ ਸੱਚ ਹੈ— 'ਪਿੰਡ ਦੀ ਸੁੱਕੀ ਰੋਟੀ, ਸ਼ਹਿਰ ਦੀ ਮਹਿੰਗੀ ਭੁੱਖ ਨਾਲੋਂ ਕਿਤੇ ਬਿਹਤਰ ਹੈ।'
ਤੁਹਾਡੀ ਇਸ ਬਾਬਤ ਕੀ ਰਾਏ ਸਾਡੇ ਨਾਲ ਜ਼ਰੂਰ ਸਾਂਝੀ ਕਰੋ ਕਮੈਂਟ ਦੇ ਜਰੀਏ ਜੁੜੇ ਰਹੋ ਹਮਦਰਦ ਟੀਵੀ ਦੇ ਨਾਲ ਸਹਾਈ ਤੇ ਸਟੀਕ ਖ਼ਬਰਾਂ ਦੇ ਲਈ