ਕੀ ਗੁਰਦਾਸ ਮਾਨ ਕੋਈ ਰੱਬ ਐ?

ਕੁੱਝ ਲੋਕ ਤਾਂ ਗੁਰਦਾਸ ਮਾਨ ਕੋਲੋਂ ਹੋਈ ਗ਼ਲਤੀ ਨੂੰ ਇੰਝ ਪੇਸ਼ ਕਰ ਰਹੇ ਨੇ ਕਿ ਉਸ ਨੇ ਗ਼ਲਤੀ ਕਿਵੇਂ ਕਰ ਦਿੱਤੀ?? ਕੀ ਗੁਰਦਾਸ ਮਾਨ ਕੋਈ ਰੱਬ ਐ?? ਕਿ ਉਸ ਕੋਲੋਂ ਕੋਈ ਗ਼ਲਤੀ ਨਹੀਂ ਹੋ ਸਕਦੀ। ਜਦੋਂ ਕੋਈ ਵਿਅਕਤੀ ਆਪਣੇ ਕੀਤੇ ’ਤੇ ਪਛਤਾਵਾ ਕਰਕੇ ਗ਼ਲਤੀ ਸਵੀਕਾਰ ਕਰ ਲਵੇ ਅਤੇ ਅੱਖਾਂ ਵਿਚ ਹੰਝੂ ਲੈ ਕੇ ਮੁਆਫ਼ੀ ਮੰਗ ਲਵੇ ਤਾਂ ਉਸ ਨੂੰ ਮੁਆਫ਼ ਕਰ ਦੇਣਾ ਚਾਹੀਦਾ ਏ,,, ਨਾ ਕਿ ਦੁਰਕਾਰਨਾ।

Update: 2024-09-27 09:06 GMT

ਚੰਡੀਗੜ੍ਹ (ਸ਼ਾਹ) : ਮੌਜੂਦਾ ਸਮੇਂ ਪੰਜਾਬ ਦੇ ਮਸ਼ਹੂਰ ਫਨਕਾਰ ਗੁਰਦਾਸ ਮਾਨ ਦੀ ਮੁਆਫ਼ੀ ਨੂੰ ਲੈ ਕੇ ਕਾਫ਼ੀ ਘਮਾਸਾਣ ਮੱਚਿਆ ਹੋਇਆ ਏ। ਦਰਅਸਲ ਗੁਰਦਾਸ ਮਾਨ ਨੇ ਕੁੱਝ ਸਾਲ ਪਹਿਲਾਂ ਕੁੱਝ ਅਜਿਹੀਆਂ ਬਿਆਨਬਾਜ਼ੀਆਂ ਕੀਤੀਆਂ ਸੀ, ਜਿਨ੍ਹ੍ਹਾਂ ਤੋਂ ਬਾਅਦ ਪੰਜਾਬ ਦੇ ਲੋਕਾਂ ਖ਼ਾਸ ਕਰਕੇ ਸਿੱਖਾਂ ਵਿਚ ਭਾਰੀ ਗੁੱਸੇ ਦੀ ਲਹਿਰ ਪਾਈ ਜਾ ਰਹੀ ਸੀ ਪਰ ਹੁਣ ਉਨ੍ਹਾਂ ਨੇ ਚਾਰ ਸਾਲਾਂ ਬਾਅਦ ਆਪਣੇ ਕਹੇ ਬੋਲਾਂ ’ਤੇ ਮੁਆਫ਼ੀ ਮੰਗ ਲਈ ਐ। ਉਂਝ ਤਾਂ ਸਿੱਖ ਧਰਮ ਦਾ ਸਿਧਾਂਤ ਐ ਭੁੱਲੇ ਭਟਕੇ ਨੂੰ ਮੁਆਫ਼ ਕਰਕੇ ਗਲੇ ਲਗਾਉਣਾ ਪਰ ਗੁਰਦਾਸ ਮਾਨ ਦੇ ਮਾਮਲੇ ਵਿਚ ਕੁੱਝ ਜ਼ਿਆਦਾ ਹੀ ਸਖ਼ਤੀ ਦਿਖਾਈ ਜਾ ਰਹੀ ਐ। ਹੋ ਸਕਦੈ ਉਸ ਦਾ ਗੁਨਾਹ ਕਾਂਗਰਸ ਤੋਂ ਵੀ ਵੱਡਾ ਸਮਝਿਆ ਜਾ ਰਿਹਾ ਹੋਵੇ, ਜਿਸ ਨੂੰ ਅਕਸਰ ਸਿੱਖਾਂ ਦੀ ਕਾਤਲ ਜਮਾਤ ਕਿਹਾ ਜਾਂਦੈ। ਸੋ ਆਓ ਤੁਹਾਨੂੰ ਦੱਸਦੇ ਆਂ ਕਿ ਕਿਉਂ ਵਰਤੀ ਜਾ ਰਹੀ ਐ ਗੁਰਦਾਸ ਮਾਨ ਦੇ ਪ੍ਰਤੀ ਇੰਨੀ ਸਖ਼ਤੀ ਅਤੇ ਕੌਣ ਲੋਕ ਕਰ ਰਹੇ ਨੇ ਮੁਆਫ਼ੀ ਅਤੇ ਸਜ਼ਾ ਦੇ ਫ਼ੈਸਲੇ? 


ਪੰਜਾਬ ਦੇ ਮਸ਼ਹੂਰ ਗਾਇਕ ਗੁਰਦਾਸ ਮਾਨ ਨੇ ਪੂਰੇ ਪੰਜਾਬ ਵਾਸੀਆਂ ਅਤੇ ਸਿੱਖਾਂ ਤੋਂ ਹੱਥ ਜੋੜ ਕੇ ਮੁਆਫ਼ੀ ਮੰਗੀ ਐ ਕਿ ਉਸ ਕੋਲੋਂ ਜਾਣੇ ਅਣਜਾਣੇ ਵਿਚ ਬੋਲੇ ਸ਼ਬਦਾਂ ਨਾਲ ਜੇ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਐ ਤਾਂ ਉਹ ਦੋਵੇਂ ਹੱਥ ਜੋੜ ਕੇ ਮੁਆਫ਼ੀ ਮੰਗਦਾ ਏ। ਇਸ ਦੌਰਾਨ ਗੁਰਦਾਸ ਮਾਨ ਭਾਵੁਕ ਵੀ ਹੋਏ ਅਤੇ ਉਨ੍ਹਾਂ ਦੀਆਂ ਅੱਖਾਂ ਵਿਚ ਭਰੇ ਅੱਥਰੂ ਸਾਫ਼ ਦਿਖਾਈ ਦੇ ਰਹੇ ਸੀ। ਹੁਣ ਆਲਮ ਇਹ ਐ ਕਿ ਗੁਰਦਾਸ ਮਾਨ ਦੀ ਇਸ ਮੁਆਫ਼ੀ ਤੋਂ ਬਾਅਦ ਤੋਂ ਵੀ ਕਈ ਤਰ੍ਹ੍ਹਾਂ ਦੇ ਸਵਾਲ ਉਠਾਏ ਜਾ ਰਹੇ ਨੇ,, ਕੋਈ ਕਹਿੰਦਾ ਏ ਕਿ ਇੰਨੇ ਸਾਲਾਂ ਬਾਅਦ ਮੁਆਫ਼ੀ ਕਿਉਂ ਮੰਗੀ? ਕੋਈ ਕਹਿੰਦਾ ਮੁਆਫ਼ੀ ਮੰਗਣ ਦਾ ਤਰੀਕਾ ਸਹੀ ਨਹੀਂ ਸੀ,, ਸਭ ਆਪੋ ਆਪਣੀ ਵਿਦਵਾਨੀ ਝਾੜਨ ਵਿਚ ਲੱਗੇ ਹੋਏ ਨੇ, ਆਪੋ ਆਪਣੀ ਸਮਝ ਦੇ ਮੁਤਾਬਕ।

ਇਸ ਵਿਚ ਕੋਈ ਸ਼ੱਕ ਨਹੀਂ ਕਿ ਗੁਰਦਾਸ ਮਾਨ ਦੀਆਂ ਬਿਆਨਬਾਜ਼ੀਆਂ ਨੇ ਲੋਕਾਂ ਦਾ ਦਿਲ ਦੁਖਾਇਆ ਕਿਉਂਕਿ ਇਕ ਅਜਿਹੇ ਸੁਲਝੇ ਹੋਏ ਗਾਇਕ ਤੋਂ ਅਜਿਹੀ ਬਿਆਨਬਾਜ਼ੀ ਦੀ ਉਮੀਦ ਨਹੀਂ ਕੀਤੀ ਜਾ ਸਕਦੀ, ਜਿਸ ਨੇ ਸਾਰੀ ਉਮਰ ਚੰਗੇ ਉਸਾਰੂ ਸੋਚ ਅਤੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਵਾਲੇ ਗੀਤ ਗਾਏ ਹੋਣ। ਹਮੇਸ਼ਾਂ ਪੰਜਾਬ ਦਾ ਭਲਾ ਮੰਗਿਆ ਹੋਵੇ,, ਪੰਜਾਬ ਦੇ ਦਰਦ ਨੂੰ ਗੀਤਾਂ ਵਿਚ ਪਰੋਇਆ ਹੋਵੇ।

ਭਾਵੇਂ ਕਿ ਗੁਰਦਾਸ ਮਾਨ ਨੇ ਆਪਣੇ ਬਿਆਨਾਂ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਮੁਆਫ਼ੀਆਂ ਵੀ ਮੰਗੀਆਂ ਅਤੇ ਹੁਣ ਮੀਡੀਆ ਸਾਹਮਣੇ ਆ ਕੇ ਵੀ ਮੁਆਫ਼ੀ ਮੰਗ ਲਈ ਐ ਪਰ ਪਤਾ ਨਹੀਂ ਉਨ੍ਹਾਂ ਦੀ ਮੁਆਫ਼ੀ ਵਿਚ ਕੀ ਕਸਰ ਬਾਕੀ ਰਹਿ ਗਈ ਜੋ ਅਜੇ ਵੀ ਉਨ੍ਹ੍ਹਾਂ ’ਤੇ ਸਵਾਲ ਉਠਾਏ ਜਾ ਰਹੇ ਨੇ। ਸਿਆਣੇ ਕਹਿੰਦੇ ਨੇ ਕਿ ਜੇਕਰ ਸਵੇਰ ਦਾ ਭੁੱਲਿਆ ਸ਼ਾਮੀਂ ਘਰ ਵਾਪਸ ਜਾ ਜਾਵੇ ਤਾਂ ਉਸ ਨੂੰ ਭੁੱਲਿਆ ਨਹੀਂ ਕਹਿੰਦੇ। ਸਿੱਖ ਧਰਮ ਵਿਚ ਵੀ ਗ਼ਲਤੀ ’ਤੇ ਮੁਆਫ਼ੀ ਮੰਗਣ ਦਾ ਸਿਧਾਂਤ ਐ ਅਤੇ ਭੁੱਲੇ ਭਟਕੇ ਨੂੰ ਗਲ਼ੇ ਲਗਾਉਣ ਦੀ ਰਵਾਇਤ ਐ,, ਪਰ ਗੁਰਦਾਸ ਮਾਨ ਦੇ ਮਾਮਲੇ ਵਿਚ ਕੁੱਝ ਜ਼ਿਆਦਾ ਹੀ ਸਖ਼ਤੀ ਦਿਖਾਈ ਜਾ ਰਹੀ ਐ।

ਕੁੱਝ ਦਿਨ ਪਹਿਲਾਂ ਭਾਜਪਾ ਨੇਤਾ ਇਕਬਾਲ ਸਿੰਘ ਲਾਲਪੁਰਾ ਜੋ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਵੀ ਹਨ, ਉਨ੍ਹਾਂ ਨੇ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਵਿਸ਼ਨੂੰ ਦਾ ਅਵਤਾਰ ਆਖ ਦਿੱਤਾ ਸੀ। ਥੋੜ੍ਹ੍ਹੇ ਦਿਨਾਂ ਤੱਕ ਉਨ੍ਹਾਂ ਦਾ ਹਲਕਾ ਫੁਲਕਾ ਵਿਰੋਧ ਹੋਇਆ, ਇਕਬਾਲ ਸਿੰਘ ਲਾਲਪੁਰਾ ਨੇ ਮੁਆਫ਼ੀ ਮੰਗ ਲਈ ਅਤੇ ਅੱਗੇ ਤੋਂ ਅਜਿਹੀ ਗ਼ਲਤੀ ਨਾ ਕਰਨ ਦੀ ਗੱਲ ਆਖੀ। ਲਾਲਪੁਰਾ ਸਾਬ੍ਹ ਦੇ ਇੰਨਾ ਕਹਿਣ ਦੀ ਦੇਰ ਸੀ ਕਿ ਵਿਰੋਧ ਕਰਨ ਵਾਲੇ ਪਾਣੀ ਦੀ ਝੱਗ ਵਾਂਗ ਸ਼ਾਂਤ ਹੋ ਗਏ।


ਦਰਅਸਲ ਗੁਰਦਾਸ ਮਾਨ ਨੂੰ ਵੀ ਮੁਆਫ਼ੀ ਮੰਗਣ ਤੋਂ ਪਹਿਲਾਂ ਇਕਬਾਲ ਸਿੰਘ ਲਾਲਪੁਰਾ ਦੀ ਸਲਾਹ ਲੈ ਲੈਣੀ ਚਾਹੀਦੀ ਸੀ ਕਿ ‘‘ਜਨਾਬ ਮੈਨੂੰ ਵੀ ਲੀਡਰਾਂ ਵਾਲੀ ਮੁਆਫ਼ੀ ਵਾਲਾ ਨੁਕਤਾ ਦੇ ਦਿਓ।’’ ਜਾਂ ਫਿਰ ਪੰਜਾਬ ਕਾਂਗਰਸ ਦੇ ਪ੍ਰਧਾਨ ਦੀ ਪਤਨੀ ਤੋਂ ਕੋਈ ਸਲਾਹ ਲੈ ਲੈਂਦੇ, ਜਿਸ ਨੇ ਕਾਂਗਰਸ ਦੇ ਚੋਣ ਨਿਸ਼ਾਨ ‘ਪੰਜੇ’ ਨੂੰ ਬਾਬੇ ਨਾਨਕ ਦਾ ਪੰਜਾ ਦੱਸ ਦਿੱਤਾ ਸੀ ਅਤੇ ਫਿਰ ਮੁਆਫ਼ੀ ਮੰਗ ਲਈ ਸੀ। ਉਸ ਦੀ ਮੁਆਫ਼ੀ ਵੀ ਪੰਜਾਬੀਆਂ ਨੇ ਜਲਦ ਸਵੀਕਾਰ ਕਰ ਲਈ,, ਰਾਜਾ ਵੜਿੰਗ ਨੂੰ ਦੁਬਾਰਾ ਜਿਤਾ ਕੇ। ਹੋ ਸਕਦੈ ਗੁਰਦਾਸ ਮਾਨ ਨੂੰ ਮੁਆਫ਼ੀ ਮੰਗਣ ਦਾ ਕੋਈ ਲੀਡਰਾਂ ਵਾਲਾ ਨੁਕਤਾ ਹੀ ਮਿਲ ਜਾਂਦਾ ਅਤੇ ਉਸ ਦੀ ਮੁਆਫ਼ੀ ਜਲਦੀ ਮਨਜ਼ੂਰ ਹੋ ਜਾਂਦੀ।

ਗੁਰਦਾਸ ਮਾਨ ਉਹ ਗਾਇਕ ਐ, ਜਿਸ ਨੇ ਸੰਨ 1984 ਵਿਚ ਸ੍ਰੀ ਦਰਬਾਰ ਸਾਹਿਬ ’ਤੇ ਹੋਏ ਹਮਲੇ ਦੇ ਰੋਸ ਵਜੋਂ ਕੈਨੇਡਾ ਵਿਚ ਆਪਣਾ ਸ਼ੋਅ ਰੱਦ ਕਰ ਦਿੱਤਾ ਸੀ। ਉਸ ਨੇ ਸਰੋਤਿਆਂ ਨੂੰ ਹੱਥ ਜੋੜ ਕੇ ਆਖ ਦਿੱਤਾ ਸੀ ਕਿ ਪੰਜਾਬ ਵਿਚ ਵਾਪਰੇ ਇੰਨੇ ਵੱਡੇ ਦੁਖਾਂਤ ਤੋਂ ਬਾਅਦ ਉਹ ਗੀਤ ਨਹੀਂ ਗਾ ਸਕੇਗਾ, ਹਜ਼ਾਰਾਂ ਦੀ ਗਿਣਤੀ ਵਿਚ ਮੌਜੂਦ ਸਰੋਤਿਆਂ ਨੇ ਚੂੰ ਤੱਕ ਨਹੀਂ ਕੀਤੀ,, ਸ਼ੋਅ ਦੇਖਣ ਪੁੱਜੇ ਹਜ਼ਾਰਾਂ ਲੋਕ ਗੁਰਦਾਸ ਮਾਨ ਦੇ ਬੋਲਾਂ ’ਤੇ ਫੁੱਲ ਚਾੜ੍ਹ੍ਹ ਕੇ ਚੁੱਪਚਾਪ ਘਰਾਂ ਨੂੰ ਤੁਰ ਗਏ ਸੀ। ਆਫ਼ ਦਿ ਰਿਕਾਰਡ ਇਹ ਵੀ ਸੁਣਨ ਵਿਚ ਆਇਆ ਏ ਕਿ ਗੁਰਦਾਸ ਮਾਨ ਦੇ ਇਸ ਫ਼ੈਸਲੇ ਤੋਂ ਪ੍ਰਮੋਟਰ ਬਹੁਤ ਗੁੱਸੇ ਹੋ ਗਿਆ ਸੀ, ਉਸ ਨੇ ਗੁਰਦਾਸ ਮਾਨ ਨੂੰ ਦਿੱਤੇ ਪੈਸੇ ਵਾਪਸ ਕਰਵਾਉਣ ਦੇ ਨਾਲ-ਨਾਲ ਉਸ ਨੂੰ ਗਿਫ਼ਟ ਕੀਤੀ ਇਕ ਕੋਟੀ ਤੱਕ ਵਾਪਸ ਕਰਵਾ ਲਈ ਸੀ, ਜੋ ਉਸ ਸਮੇਂ ਗੁਰਦਾਸ ਮਾਨ ਨੇ ਪਹਿਨੀ ਹੋਈ ਸੀ।


ਇੱਥੇ ਹੀ ਬਸ ਨਹੀਂ, ਗੁਰਦਾਸ ਮਾਨ ਨੂੰ ਇਸ ਦਾ ਕਾਫ਼ੀ ਹਰਜ਼ਾਨਾ ਭਰਨਾ ਪਿਆ ਸੀ, ਉਸ ਦਾ ਕੈਨੇਡਾ ਆਉਣਾ ਤੱਕ ਬੈਨ ਕਰ ਦਿੱਤਾ ਸੀ। ਗੁਰਦਾਸ ਮਾਨ ਅਮਰੀਕਾ ਵਿਚ ਸ਼ੋਅ ਕਰਕੇ ਵਾਪਸ ਹੋ ਜਾਂਦਾ ਸੀ। ਇਹ ਗੱਲ ਸੱਚ ਐ ਕਿ ਪੰਜਾਬ ਦੇ ਲੋਕ ਗੁਰਦਾਸ ਮਾਨ ਨੂੰ ਰੱਬ ਦੀ ਤਰ੍ਹ੍ਹਾਂ ਪੂਜਦੇ ਸੀ, ਮਾਂ ਬੋਲੀ ਦਾ ਮਹਾਨ ਸਪੂਤ ਮੰਨਦੇ ਰਹੇ। ਗੁਰਦਾਸ ਮਾਨ ਵਿਚ ਵੀ ਕਾਬਲੀਅਤ ਰਹੀ ਐ ਕਿ ਉਨ੍ਹਾਂ ਨੇ ਹਜ਼ਾਰਾਂ ਸ਼ੋਅ ਲਗਾਏ ਪਰ ਉਨ੍ਹਾਂ ਦੇ ਕਿਸੇ ਸ਼ੋਅ ਵਿਚ ਕਦੇ ਕੋਈ ਹੁੱਲੜ੍ਹਬਾਜ਼ੀ ਨਹੀਂ ਹੋਈ। ਗੁਰਦਾਸ ਮਾਨ ਆਪਣੇ ਮੋਹ ਭਰੇ ਬੋਲਾਂ ਦੇ ਨਾਲ ਹਜ਼ਾਰਾਂ ਲੋਕਾਂ ਨੂੰ ਕੀਲ ਲੈਂਦੇ ਸੀ। ਪੰਜਾਬੀ ਵਿਚ ਇਕ ਕਹਾਵਤ ਐ ਕਿ ‘‘ਰੱਬ ਨਾ ਮੁੱਕਾ ਮਾਰਦੈ ਨਾ ਲੱਤ ਮਾਰਦੈ,,, ਜਦੋਂ ਵੀ ਮਾਰਦੈ ਬੰਦੇ ਦੀ ਮੱਤ ਮਾਰਦੈ।’’ ਸ਼ਾਇਦ ਗੁਰਦਾਸ ਮਾਨ ਦੇ ਨਾਲ ਵੀ ਕੁੱਝ ਅਜਿਹਾ ਹੀ ਹੋਇਆ,, ਉਸ ਦੀ ਜਿਵੇਂ ਮੱਤ ਹੀ ਮਾਰੀ ਗਈ ਕਿ ਉਸ ਨੇ ਕੁੱਝ ਅਜਿਹੇ ਬਿਆਨ ਦੇ ਦਿੱਤੇ ਜੋ ਪੰਜਾਬੀਆਂ ਨੂੰ ਨਾ-ਗਵਾਰ ਗੁਜ਼ਰੇ।

ਗੁਰਦਾਸ ਮਾਨ ਦਾ ਅਸਲ ਵਿਵਾਦ ਉਸ ਸਮੇਂ ਸ਼ੁਰੂ ਹੋਇਆ ਜਦੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਬਿਆਨ ਆਇਆ ਕਿ ‘ਇਕ ਦੇਸ਼ ਇਕ ਭਾਸ਼ਾ’ ਹੋਣੀ ਚਾਹੀਦੀ ਐ,,, ਗੁਰਦਾਸ ਮਾਨ ਸਾਬ੍ਹ ਨੇ ਬਿਨਾ ਸੋਚੇ ਸਮਝੇ ਝੱਟ ਅਮਿਤ ਸ਼ਾਹ ਦੇ ਬਿਆਨ ਦੀ ਤਾਇਦ ਕਰ ਦਿੱਤੀ, ਜਿਵੇਂ ਕਿ ਉਹ ਭਾਜਪਾ ਦੇ ਕੋਈ ਵੱਡੇ ਲੀਡਰ ਹੋਣ,,, ਕਿ ਹਾਂ ਦੇਸ਼ ਦੀ ਇਕ ਭਾਸ਼ਾ ਹੋਣੀ ਚਾਹੀਦੀ ਐ,, ਉਨ੍ਹ੍ਹਾਂ ਇਹ ਵੀ ਆਖ ਦਿੱਤਾ ਕਿ ਜਦੋਂ ਪੰਜਾਬੀ ਸਾਡੀ ਮਾਂ ਐ ਤਾਂ ਹਿੰਦੀ ਸਾਡੀ ਮਾਸੀ ਕਿਉਂ ਨਹੀਂ ਹੋ ਸਕਦੀ,, ਪਰ ਉਹ ਇਸ ਬਿਆਨ ਪਿਛਲੀ ਸਾਜਿਸ਼ ਨੂੰ ਨਹੀਂ ਸਮਝ ਸਕੇ। ਕਈ ਸੂਬਿਆਂ ਦੇ ਲੋਕਾਂ ਨੇ ਅਮਿਤ ਸ਼ਾਹ ਦੇ ਇਸ ਬਿਆਨ ਦਾ ਵਿਰੋਧ ਕੀਤਾ।


ਪੰਜਾਬ ਵਿਚ ਅਮਿਤ ਸ਼ਾਹ ਨੂੰ ਘੱਟ, ਲੋਕਾਂ ਨੇ ਗੁਰਦਾਸ ਮਾਨ ਨੂੰ ਜ਼ਿਆਦਾ ਕੋਸਿਆ,,,, ਸ਼ਾਇਦ ਇਸ ਲਈ ਕਿ ਉਹ ਪੰਜਾਬ ਦਾ ਪੁੱਤ ਸੀ, ਉਸ ਤੋਂ ਅਜਿਹੀ ਉਮੀਦ ਨਹੀਂ ਸੀ। ਇਸ ਮਗਰੋਂ ਕੈਨੇਡਾ ਦੇ ਸ਼ੋਅ ਵਿਚ ਜਦੋਂ ਗੁਰਦਾਸ ਮਾਨ ਨੂੰ ਕੁੱਝ ਲੋਕ ਬੈਨਰ ਦਿਖਾ ਰਹੇ ਸੀ ਤਾਂ ਗੁਰਦਾਸ ਮਾਨ ਨੇ ਭਰੀ ਸਟੇਜ ਤੋਂ ਸ਼ਰ੍ਹ੍ਹੇਆਮ ਅਜਿਹੀ ਅਭੱਦਰ ਭਾਸ਼ਾ ਦੀ ਵਰਤੋਂ ਕੀਤੀ ਜੋ ਇਕ ਨੌਸਿੱਖੀਆ ਕਲਾਕਾਰ ਵੀ ਨਹੀਂ ਕਰ ਸਕਦਾ। ਹਾਲਾਂਕਿ ਜਦੋਂ ਉਨ੍ਹ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਤਾਂ ਉਨ੍ਹ੍ਹਾਂ ਨੇ ਆਪਣੀ ਇਸ ਅਭੱਦਰ ਟਿੱਪਣੀ ’ਤੇ ਮੁਆਫ਼ੀ ਮੰਗ ਲਈ।

ਕਹਾਣੀ ਇੱਥੇ ਹੀ ਖ਼ਤਮ ਨਹੀਂ ਹੋਈ,,,, ਗੱਲ ਇੱਥੋਂ ਤੱਕ ਹੀ ਰਹਿ ਜਾਂਦੀ ਤਾਂ ਸ਼ਾਇਦ ਲੋਕ ਭੁੱਲ ਵੀ ਜਾਂਦੇ,,, ਪਰ ਇਸ ਮਗਰੋਂ ਗੁਰਦਾਸ ਮਾਨ ਨੇ ਨਕੋਦਰ ਦੀ ਸਟੇਜ ਤੋਂ ਸਾਈਂ ਲਾਡੀ ਸ਼ਾਹ ਨੂੰ ਸ੍ਰੀ ਗੁਰੂ ਅਮਰਦਾਸ ਜੀ ਦਾ ਵੰਸ਼ਜ ਦੱਸ ਕੇ ਸਭ ਤੋਂ ਵੱਡੀ ਗ਼ਲਤੀ ਕਰ ਦਿੱਤੀ,, ਜੋ ਸਿੱਖਾਂ ਲਈ ਬਰਦਾਸ਼ਤ ਤੋਂ ਬਾਹਰ ਦੀ ਗੱਲ ਸੀ। ਮਾਨ ਮਰਜਾਣੇ ਦੇ ਇਸ ਬੇਤੁਕੇ ਬਿਆਨ ਨੇ ਪਿਛਲੀਆਂ ਮੁਆਫ਼ੀਆਂ ’ਤੇ ਵੀ ਪਾਣੀ ਫੇਰ ਦਿੱਤਾ। ਭਾਵੇਂ ਕਿ ਇਸ ਬਿਆਨ ਤੋਂ ਬਾਅਦ ਵੀ ਉਨ੍ਹ੍ਹਾਂ ਨੇ ਮੁਆਫ਼ੀ ਮੰਗ ਲਈ ਸੀ,,,ਪਰ ਜਦੋਂ ਕੋਈ ਬੰਦਾ ਗ਼ਲਤੀ ’ਤੇ ਗ਼ਲਤੀ ਕਰੀ ਜਾਵੇ ਤਾਂ ਕੋਈ ਕਿੰਨਾ ਕੁ ਬਰਦਾਸ਼ਤ ਕਰ ਲਵੇ।

ਗੁਰਦਾਸ ਮਾਨ ਨੇ ਜਦੋਂ ਹੁਣ ਮੁਆਫ਼ੀ ਮੰਗੀ ਤਾਂ ਉਨ੍ਹਾਂ ਆਪਣੀ ਪ੍ਰੈੱਸ ਕਾਨਫਰੰਸ ਵਿਚ ਆਖਿਆ ‘‘ਮੈਂ ਸੋਚਿਆ ਸੀ ਕਿ ਲੋਕ ਭੁੱਲ ਗਏ ਹੋਣਗੇ ਪਰ ਇਹ ਤਾਂ ਜਿੱਦ ਫੜੀ ਬੈਠੇ ਨੇ।’’ ਗੁਰਦਾਸ ਮਾਨ ਹੋਵੇ ਜਾਂ ਕੋਈ ਹੋਰ,,,, ਉਸ ਨੂੰ ਕਦੇ ਵੀ ਇਹ ਨਹੀਂ ਭੁੱਲਣਾ ਚਾਹੀਦਾ ਕਿ ਜੇਕਰ ਤੁਸੀਂ ਪਹਿਲਾਂ ਚੰਗੇ ਕੰਮ ਕੀਤੇ ਨੇ ਤਾਂ ਅੱਜ 30-35 ਸਾਲ ਬਾਅਦ ਤੁਹਾਨੂੰ ਕੋਈ ਵੀ ਬੇਤੁਕਾ ਬਿਆਨ ਦੇਣ ਦੀ ਆਜ਼ਾਦੀ ਨਹੀਂ ਮਿਲ ਜਾਂਦੀ,,, ਸਗੋਂ ਅਜਿਹੇ ਬਾਬਾ ਬੋਹੜ ਕਲਾਕਾਰਾਂ ਨੂੰ ਤਾਂ ਜ਼ਿਆਦਾ ਸੂਝ ਬੂਝ ਨਾਲ ਬੋਲਣ ਦੀ ਲੋੜ ਹੁੰਦੀ ਐ। ਸਰੋਤਿਆਂ ਨੂੰ ਰੱਬ ਦਾ ਰੂਪ ਮੰਨਣ ਵਾਲੇ ਗੁਰਦਾਸ ਮਾਨ ਪਤਾ ਨਹੀਂ,,, ਇਹ ਗੱਲ ਕਿਵੇਂ ਭੁੱਲ ਗਏ???


ਕੁੱਝ ਲੋਕਾਂ ਵੱਲੋਂ ਗੁਰਦਾਸ ਮਾਨ ਦੀਆਂ ਕੇਪੀਐਸ ਗਿੱਲ ਦੇ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਜਾ ਰਹੀਆਂ ਨੇ ਕਿ ਗੁਰਦਾਸ ਮਾਨ ਸਿੱਖਾਂ ਦੇ ਕਾਤਲ ਨੂੰ ਕਿਉਂ ਮਿਲਿਆ? ਇਸ ਬਾਰੇ ਇਹ ਕਿਹਾ ਜਾਂਦੈ ਕਿ ਇਕ ਫਿਲਮ ਦੇ ਪ੍ਰਮੋਟਰ ਆਪਣੀ ਕਿਸੇ ਫਿਲਮ ਨੂੰ ਲੈ ਕੇ ਕੇਪੀਐਸ ਗਿੱਲ ਨੂੰ ਮਿਲੇ ਸੀ, ਗੁਰਦਾਸ ਮਾਨ ਵੀ ਉਨ੍ਹਾਂ ਦੇ ਨਾਲ ਸੀ ਜੋ ਉਸ ਫਿਲਮ ਦੇ ਅਦਾਕਾਰ ਸੀ। ਦਰਅਸਲ ਫਿਲਮ ਪੰਜਾਬ ਦੇ ਦੁਖਾਂਤ ’ਤੇ ਅਧਾਰਿਤ ਸੀ, ਪ੍ਰਮੋਟਰ ਚਾਹੁੰਦੇ ਸੀ ਕਿ ਅਜਿਹੇ ਵਿਅਕਤੀ ਨੂੰ ਮਿਲਿਆ ਜਾਵੇ, ਜਿਸ ਨਾਲ ਫਿਲਮ ਲੱਗਣ ਵਿਚ ਕੋਈ ਰੁਕਾਵਟ ਨਾ ਆਵੇ।

ਉਂਝ ਇਕ ਗੱਲ ਸਮਝ ਤੋਂ ਬਾਹਰ ਐ ਕਿ ਇਨ੍ਹਾਂ ਚੀਜ਼ਾਂ ਨੂੰ ਗੁਰਦਾਸ ਮਾਨ ਦੇ ਲਈ ਹੀ ਕਿਉਂ ਵੱਡਾ ਗੁਨਾਹ ਦੱਸਿਆ ਜਾ ਰਿਹੈ? ਜਦਕਿ ਕੈਪਟਨ ਅਮਰਿੰਦਰ ਸਿੰਘ ਪਤਾ ਨਹੀਂ ਕਿੰਨੀ ਕੁ ਵਾਰ ਕੇਪੀਐਸ ਗਿੱਲ ਨੂੰ ਮਿਲੇ ਹੋਣਗੇ,,, ਜਿਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੇ ਦੋ ਵਾਰ ਪੰਜਾਬ ਸੂਬੇ ਦੀ ਵਾਗਡੋਰ ਸੰਭਾਲ ਕੇ ਮੁੱਖ ਮੰਤਰੀ ਬਣਾ ਦਿੱਤਾ। ਉਂਝ ਹੈਰਾਨੀ ਇਸ ਗੱਲ ਵੀ ਹੁੰਦੀ ਐ ਕਿ ਜਦੋਂ ਅਪਰੇਸ਼ਨ ਬਲੂ ਸਟਾਰ ਵੇਲੇ ਹੱਥ ਖੜ੍ਹੇ ਕਰਕੇ ਬਾਹਰ ਨਿਕਲਣ ਵਾਲਿਆਂ ਨੂੰ ਮੁਆਫ਼ੀ ਮਿਲ ਸਕਦੀ ਐ, ਜਿਨ੍ਹਾਂ ਨੂੰ ਕੁੱਝ ਲੋਕ ਗੱਦਾਰ ਤੱਕ ਵੀ ਆਖਦੇ ਰਹੇ,,, ਫਿਰ ਗੁਰਦਾਸ ਮਾਨ ’ਤੇ ਕਿਉਂ ਗਰਾਰੀ ਫਸੀ ਹੋਈ ਐ?


ਇਕ ਹੋਰ ਗੱਲ ਵੀ ਸੋਚਣ ਤੇ ਵਿਚਾਰਨ ਵਾਲੀ ਇਹ ਐ ਕਿ ਪੰਜਾਬ ਦੇ ਬਾਬਾ ਬੋਹੜ ਕਲਾਕਾਰ ਮੰਨੇ ਜਾਂਦੇ ਗੁਰਦਾਸ ਮਾਨ ਦੇ ਇਸ ਵਿਵਾਦ ਨੂੰ ਲੈ ਕੇ ਕੋਈ ਵੀ ਕਲਾਕਾਰ ਉਨ੍ਹਾਂ ਦੇ ਸਮਰਥਨ ਵਿਚ ਨਹੀਂ ਆ ਰਿਹਾ, ਜਦਕਿ ਸਟੇਜਾਂ ’ਤੇ ਇਹੀ ਕਲਾਕਾਰ ਗੁਰਦਾਸ ਮਾਨ ਨੂੰ ‘ਬਾਬਾ ਜੀ-ਬਾਬਾ ਜੀ’ ਕਹਿੰਦੇ ਨਹੀਂ ਥੱਕਦੇ ਸੀ। ਉਂਝ ਸੋਸ਼ਲ ਮੀਡੀਆ ’ਤੇ ਕੁੱਝ ਲੋਕ ਤਾਂ ਇਹ ਵੀ ਆਖ ਰਹੇ ਨੇ ਕਿ ਇਹ ਸਾਰਾ ਪੜਪੰਚ ਕੁੱਝ ਕਲਾਕਾਰਾਂ ਨੇ ਹੀ ਰਚਿਆ ਹੋਇਆ ਏ,,, ਕਿ ਬਾਬਾ ਜੀ ਤਾਂ 70 ਸਾਲ ਦੇ ਹੋ ਗਏ,, ਅਜੇ ਵੀ ਸ਼ੋਅ ਨਹੀਂ ਛੱਡ ਰਹੇ!!

ਖ਼ੈਰ,,, ਇਸ ਵਿਚ ਸੱਚ ਕੀ ਐ ਅਤੇ ਝੂਠ ਕੀ?? ਇਹ ਤਾਂ ਰੱਬ ਹੀ ਜਾਣਦੈ,,, ਪਰ ਇਹ ਗੱਲ ਵੀ ਮੰਨਣੀ ਪਊ ਕਿ ਧੂੰਆਂ ਉਦੋਂ ਹੀ ਨਿਕਲਦੈ,,, ਜੇ ਕਿਤੇ ਮਾੜੀ ਮੋਟੀ ਅੱਗ ਲੱਗੀ ਹੋਵੇ। ਕੁੱਝ ਲੋਕ ਤਾਂ ਇਨ੍ਹਾਂ ਗੱਲਾਂ ਨੂੰ ਯਾਭਾਂ ਦਾ ਭੇੜ ਦੱਸ ਰਹੇ ਨੇ ਕਿ ਜੋ ਜੀਹਦੇ ਜੀਅ ਵਿਚ ਆਉਂਦੈ,,, ਬੋਲੀ ਜਾਂਦੈ। ਉਂਝ ਗੁਰਦਾਸ ਮਾਨ ਕੋਈ ਪਹਿਲਾ ਕਲਾਕਾਰ ਨਹੀਂ, ਜਿਸ ਦੇ ਖ਼ਿਲਾਫ਼ ਅਜਿਹਾ ਕੁੱਝ ਹੋਇਆ ਹੋਵੇ,,, ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਕਲਾਕਾਰਾਂ ਦੇ ਨਾਲ ਅਜਿਹਾ ਹੋ ਚੁੱਕਿਆ ਏ।

ਵੱਡਾ ਸਵਾਲ ਇਹ ਐ ਕਿ ਜਦੋਂ ਪੰਜਾਬ ਦੇ ਲੋਕ ਉਸ ਕਾਂਗਰਸ ਪਾਰਟੀ ਦੀ ਪੰਜਾਬ ਵਿਚ ਕਈ ਵਾਰ ਸਰਕਾਰ ਬਣਾ ਸਕਦੇ ਨੇ, ਜਿਸ ਨੂੰ ਸਿੱਖਾਂ ਵੱਲੋਂ ਅਕਸਰ ਸਿੱਖਾਂ ਦੀ ਕਾਤਲ ਜਮਾਤ ਕਿਹਾ ਜਾਂਦਾ ਹੋਵੇ,,, ਤਾਂ ਕੀ ਗੁਰਦਾਸ ਮਾਨ ਦਾ ਗੁਨਾਹ ਉਸ ਤੋਂ ਵੀ ਵੱਡਾ ਹੋ ਗਿਆ??? ਰਹੀ ਗੱਲ, ਹਿੰਦੀ ਪੰਜਾਬੀ ਭਾਸ਼ਾ ’ਤੇ ਹੋਏ ਵਿਵਾਦ ਦੀ,,, ਤਾਂ ਅੱਜ ਪੰਜਾਬ ਵਿਚ ਵੱਡੀ ਗਿਣਤੀ ਵਿਚ ਪਰਵਾਸੀ ਰਹਿ ਰਹੇ ਨੇ ਜੋ ਕਦੇ ਵੀ ਪੰਜਾਬੀ ਲੋਕਾਂ ਦੇ ਨਾਲ ਪੰਜਾਬੀ ਵਿਚ ਗੱਲ ਨਹੀਂ ਕਰਦੇ ਬਲਕਿ ਪੰਜਾਬ ਵਾਸੀ ਖ਼ੁਦ ਹਿੰਦੀ ਵਿਚ ਉਨ੍ਹਾਂ ਦੇ ਨਾਲ ਗੱਲਬਾਤ ਕਰਦੇ ਨੇ। ਕੀ ਗੁਰਦਾਸ ਮਾਨ ਦਾ ਵਿਰੋਧ ਕਰਨ ਵਾਲੇ ਉਨ੍ਹਾਂ ਲੋਕਾਂ ਦਾ ਵੀ ਵਿਰੋਧ ਕਰਨਗੇ ਜੋ ਪਰਵਾਸੀਆਂ ਦੇ ਨਾਲ ਹਿੰਦੀ ਵਿਚ ਗੱਲ ਕਰਦੇ ਨੇ??


ਕੀ ਉਨ੍ਹਾਂ ਕਲਾਕਾਰਾਂ ਦਾ ਵੀ ਵਿਰੋਧ ਹੋਵੇਗਾ,,, ਜੋ ਪੰਜਾਬੀ ਛੱਡ ਕੇ ਹਿੰਦੀ ਫ਼ਿਲਮਾਂ ਬਣਾ ਰਹੇ ਨੇ?? ਸਭ ਤੋਂ ਵੱਡੀ ਗੱਲ ਇਹ ਐ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਵੀ ਹਿੰਦੀ ਸਮੇਤ ਕਈ ਭਾਸ਼ਾਵਾਂ ਦੇ ਬਹੁਤ ਸਾਰੇ ਸ਼ਬਦ ਮੌਜੂਦ ਨੇ,,, ਕੀ ਵਿਰੋਧ ਕਰਨ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਪੜ੍ਹਨਾ ਛੱਡ ਦੇਣਗੇ?? ਕੁੱਝ ਲੋਕ ਤਾਂ ਗੁਰਦਾਸ ਮਾਨ ਕੋਲੋਂ ਹੋਈ ਗ਼ਲਤੀ ਨੂੰ ਇੰਝ ਪੇਸ਼ ਕਰ ਰਹੇ ਨੇ ਕਿ ਉਸ ਨੇ ਗ਼ਲਤੀ ਕਿਵੇਂ ਕਰ ਦਿੱਤੀ?? ਕੀ ਗੁਰਦਾਸ ਮਾਨ ਕੋਈ ਰੱਬ ਐ?? ਕਿ ਉਸ ਕੋਲੋਂ ਕੋਈ ਗ਼ਲਤੀ ਨਹੀਂ ਹੋ ਸਕਦੀ। ਜਦੋਂ ਕੋਈ ਵਿਅਕਤੀ ਆਪਣੇ ਕੀਤੇ ’ਤੇ ਪਛਤਾਵਾ ਕਰਕੇ ਗ਼ਲਤੀ ਸਵੀਕਾਰ ਕਰ ਲਵੇ ਅਤੇ ਅੱਖਾਂ ਵਿਚ ਹੰਝੂ ਲੈ ਕੇ ਮੁਆਫ਼ੀ ਮੰਗ ਲਵੇ ਤਾਂ ਉਸ ਨੂੰ ਮੁਆਫ਼ ਕਰ ਦੇਣਾ ਚਾਹੀਦਾ ਏ,,, ਨਾ ਕਿ ਦੁਰਕਾਰਨਾ।

ਸੋ ਤੁਹਾਡਾ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ

Tags:    

Similar News