ਅਮਰੀਕਾ ਤੋਂ ਰੋਂਦੀ-ਰੋਂਦੀ ਰਵਾਨਾ ਹੋਈ ਭਾਰਤੀ ਮੁਟਿਆਰ
ਟਰੰਪ ਦੀਆਂ ਇੰਮੀਗ੍ਰੇਸ਼ਨ ਨੀਤੀਆਂ ਜਿਥੇ ਕੱਚੇ ਪ੍ਰਵਾਸੀਆਂ ਬਿਸਤਰੇ ਗੋਲ ਕਰ ਰਹੀਆਂ ਹਨ, ਉਥੇ ਹੀ ਪੜ੍ਹੇ-ਲਿਖੇ ਨੌਜਵਾਨਾਂ ਨੂੰ ਲੱਖ ਯਤਨਾਂ ਦੇ ਬਾਵਜੂਦ ਨੌਕਰੀਆਂ ਨਹੀਂ ਮਿਲ ਰਹੀਆਂ
ਨਿਊ ਯਾਰਕ : ਟਰੰਪ ਦੀਆਂ ਇੰਮੀਗ੍ਰੇਸ਼ਨ ਨੀਤੀਆਂ ਜਿਥੇ ਕੱਚੇ ਪ੍ਰਵਾਸੀਆਂ ਬਿਸਤਰੇ ਗੋਲ ਕਰ ਰਹੀਆਂ ਹਨ, ਉਥੇ ਹੀ ਪੜ੍ਹੇ-ਲਿਖੇ ਨੌਜਵਾਨਾਂ ਨੂੰ ਲੱਖ ਯਤਨਾਂ ਦੇ ਬਾਵਜੂਦ ਨੌਕਰੀਆਂ ਨਹੀਂ ਮਿਲ ਰਹੀਆਂ। ਅਮਰੀਕਾ ਤੋਂ ਰਵਾਨਾ ਹੋ ਰਹੀ ਇਕ ਭਾਰਤੀ ਮੁਟਿਆਰ ਦੀ ਵੀਡੀਓ ਵਾਇਰਲ ਹੋ ਰਹੀ ਹੈ ਜੋ ਹੁਣ ਦੁਬਈ ਵਿਚ ਨੌਕਰੀ ਕਰੇਗੀ। ਨੌਰਥ ਵੈਸਟ੍ਰਨ ਯੂਨੀਵਰਸਿਟੀ ਤੋਂ 2024 ਵਿਚ ਪੜ੍ਹਾਈ ਮੁਕੰਮਲ ਕਰਨ ਵਾਲੀ ਅਨੰਨਿਆ ਜੋਸ਼ੀ ਨੇ ਕਿਹਾ ਕਿ ਉਸ ਦੀ ਜ਼ਿੰਦਗੀ ਦਾ ਇਹ ਸਭ ਤੋਂ ਵੱਡਾ ਕਦਮ ਹੈ।
ਨੌਕਰੀ ਨਾ ਮਿਲਣ ਕਾਰਨ ਛੱਡਣਾ ਪਿਆ ਸੁਪਨਿਆਂ ਦਾ ਮੁਲਕ
ਇਕ ਖੁਦਮੁਖਤਿਆਰ ਬਾਲਗ ਵਜੋਂ ਅਮਰੀਕਾ ਹੀ ਉਸ ਦਾ ਪਹਿਲਾ ਘਰ ਸੀ ਪਰ ਬਦਕਿਸਮਤੀ ਨਾਲ ਹੁਣ ਇਸ ਨੂੰ ਅਲਵਿਦਾ ਕਹਿਣਾ ਪਿਆ। ਇਥੇ ਦਸਣਾ ਬਣਦਾ ਹੈ ਕਿ ਅਨੰਨਿਆ ਜੋਸ਼ੀ ਨੇ ਚਾਰ ਮਹੀਨੇ ਪਹਿਲਾਂ ਸੋਸ਼ਲ ਮੀਡੀਆ ’ਤੇ ਇਕ ਪੋਸਟ ਸਾਂਝੀ ਕਰਦਿਆਂ ਨੌਕਰੀ ਦੀ ਮੰਗ ਕੀਤੀ ਸੀ। ਉਸ ਨੇ ਕਿਹਾ ਕਿ ਨੌਕਰੀ ਦੀ ਅਣਹੋਂਦ ਵਿਚ ਉਸ ਦਾ ਵੀਜ਼ਾ ਬਰਕਰਾਰ ਨਹੀਂ ਰਹਿ ਸਕੇਗਾ ਅਤੇ ਅਮਰੀਕਾ ਛੱਡਣਾ ਪੈ ਸਕਦਾ ਹੈ। ਸੋਸ਼ਲ ਮੀਡੀਆ ਰਾਹੀਂ ਕੀਤੀਆਂ ਅਪੀਲਾਂ ਕੰਮ ਨਾ ਆਈਆਂ ਅਤੇ ਆਖਰਕਾਰ ਦੁਬਈ ਵਿਚ ਨੌਕਰੀ ਮਿਲਣ ’ਤੇ ਅਨੰਨਿਆ ਮੱਧ ਪੂਰਬ ਦੇ ਮੁਲਕ ਵੱਲ ਰਵਾਨਾ ਹੋ ਗਈ।