ਪੂਰੇ ਸਰੀਰ ’ਤੇ ਟੈਟੂ ਗੁਦਵਾ ਕੇ ਬਣਾਇਆ ਵਿਸ਼ਵ ਰਿਕਾਰਡ

ਦੁਨੀਆ ਵਿਚ ਨਿਵੇਕਲੇ ਅਤੇ ਦਿਲਚਸਪ ਕੰਮ ਕਰਕੇ ਰਿਕਾਰਡ ਬਣਾਉਣ ਵਾਲਿਆਂ ਦੀ ਕਮੀ ਨਹੀਂ। ਕੁੱਝ ਲੋਕਾਂ ਵੱਲੋਂ ਤਾਂ ਅਜਿਹੇ ਵਿਸ਼ਵ ਰਿਕਾਰਡਾਂ ਬਣਾਏ ਜਾ ਚੁੱਕੇ ਨੇ, ਜਿਨ੍ਹਾਂ ਬਾਰੇ ਜਾਣ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਏ। ਇਨ੍ਹਾਂ ਵਿਚ ਇਕ ਅਜਿਹੀ ਔਰਤ ਦਾ ਨਾਂਅ ਵੀ ਸ਼ਾਮਲ ਐ...;

Update: 2024-08-24 09:17 GMT

ਕੈਲੀਫੋਰਨੀਆ : ਦੁਨੀਆ ਵਿਚ ਨਿਵੇਕਲੇ ਅਤੇ ਦਿਲਚਸਪ ਕੰਮ ਕਰਕੇ ਰਿਕਾਰਡ ਬਣਾਉਣ ਵਾਲਿਆਂ ਦੀ ਕਮੀ ਨਹੀਂ। ਕੁੱਝ ਲੋਕਾਂ ਵੱਲੋਂ ਤਾਂ ਅਜਿਹੇ ਵਿਸ਼ਵ ਰਿਕਾਰਡਾਂ ਬਣਾਏ ਜਾ ਚੁੱਕੇ ਨੇ, ਜਿਨ੍ਹਾਂ ਬਾਰੇ ਜਾਣ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਏ। ਇਨ੍ਹਾਂ ਵਿਚ ਇਕ ਅਜਿਹੀ ਔਰਤ ਦਾ ਨਾਂਅ ਵੀ ਸ਼ਾਮਲ ਐ, ਜਿਸ ਨੇ ਆਪਣੇ ਸਰੀਰ ਦਾ 99.98 ਫ਼ੀਸਦੀ ਹਿੱਸਾ ਟੈਟੂਆਂ ਨਾਲ ਢਕਿਆ ਹੋਇਆ ਏ। ਹਾਲ ਹੀ ਵਿਚ ਉਸ ਦਾ ਨਾਮ ਗਿੰਨੀਜ਼ ਵਰਲਡ ਰਿਕਾਰਡਜ਼ 2025 ਵਿਚ ਦਰਜ ਕੀਤਾ ਗਿਆ ਏ। ਇਸ ਔਰਤ ਦੀ ਕਹਾਣੀ ਕਾਫ਼ੀ ਦਿਲਚਸਪ ਐ। ਸੋ ਆਓ ਤੁਹਾਨੂੰ ਦੱਸਦੇ ਆਂ ਕਿ ਕੌਣ ਐ ਪੂਰੇ ਸਰੀਰ ’ਤੇ ਟੈਟੂ ਬਣਵਾਉਣ ਵਾਲੀ ਇਹ ਔਰਤ ਅਤੇ ਕਿਉਂ ਪਿਆ ਇਸ ਨੂੰ ਇਹ ਸ਼ੌਕ?

ਅਮਰੀਕਾ ਦੀ ਰਹਿਣ ਵਾਲੀ ਐਸਪਰੈਂਸ ਲੁਮੀਨੇਸਕਾ ਫਿਉਰਜਿਨਾ ਨੂੰ ਉਸ ਦੇ ਨਿਵੇਕਲੇ ਸ਼ੌਕ ਸਦਕਾ ਅੱਜ ਪੂਰੀ ਦੁਨੀਆ ਜਾਣਨ ਲੱਗ ਪਈ ਐ ਕਿਉਂਕਿ ਇਸ ਸ਼ੌਕ ਦੇ ਚਲਦਿਆਂ ਉਸ ਦਾ ਨਾਮ ਹੁਣ ਗਿੰਨੀਜ਼ ਵਰਲਡ ਰਿਕਾਰਡ ਵਿਚ ਦਰਜ ਹੋ ਚੁੱਕਿਆ ਏ। ਦਰਅਸਲ ਫਿਉਰਜਿਨਾ ਦੇ ਸਰੀਰ ਦਾ ਕੋਈ ਹਿੱਸਾ ਅਜਿਹਾ ਨਹੀਂ, ਜਿੱਥੇ ਉਸ ਨੇ ਟੈਟੂ ਨਾ ਬਣਵਾਇਆ ਹੋਵੇ।

ਉਸ ਦਾ 99.98 ਫ਼ੀਸਦੀ ਸਰੀਰ ਟੈਟੂਆਂ ਦੇ ਨਾਲ ਭਰਿਆ ਹੋਇਆ ਏ। 36 ਸਾਲਾਂਦੀ ਫਿਉਰਜਿਨਾ ਬ੍ਰਿਜਪੋਰਟ ਅਮਰੀਕਾ ਦੀ ਫ਼ੌਜ ਵਿਚ ਕੰਮ ਕਰ ਚੁੱਕੀ ਐ। ਉਸ ਦਾ ਸਰੀਰ ਦੇਖਣ ਨੂੰ ਇਕ ਕੈਨਵਸ ਦੀ ਤਰ੍ਹਾਂ ਜਾਪਦਾ ਏ। ਉਸ ਦੇ ਪੂਰੇ ਸਰੀਰ ’ਤੇ ਸਿਰ ਤੋਂ ਲੈ ਕੇ ਪੈਰਾਂ ਤੱਕ ਸੁੰਦਰ ਡਿਜ਼ਾਇਨ ਵਾਲੇ ਟੈਟੂ ਬਣਾਏ ਹੋਏ ਨੇ। ਹਾਲਾਂਕਿ ਜੇਕਰ ਕੋਈ ਬੱਚਾ ਨੂੰ ਉਸ ਦੇਖ ਲਵੇ ਤਾਂ ਉਹ ਡਰ ਵੀ ਸਕਦਾ ਏ। ਫਿਉਰਜਿਨਾ ਦੇ ਹੱਥਾਂ, ਪੈਰਾਂ, ਸਿਰ, ਜੀਭ, ਮਸੂੜੇ, ਅੱਖਾਂ ਦੀ ਬਾਹਰੀ ਪਰਤ ਅਤੇ ਜਣਨਅੰਗਾਂ ਤੱਕ ਟੈਟੂ ਹੀ ਟੈਟੂ ਫੈਲੇ ਹੋਏ ਨੇ।

ਗਿੰਨੀਜ਼ ਵਰਲਡ ਰਿਕਾਰਡਜ਼ ਦੇ ਮੁਤਾਬਕ ਫਿਉਰਜਿਨਾ ਦਾ ਪਹਿਲਾ ਰਿਕਾਰਡ 22 ਸਤੰਬਰ 2023 ਨੂੰ ਤਿਜੁਆਨਾ, ਮੈਕਸੀਕੋ ਵਿਚ ਦਰਜ ਕੀਤਾ ਗਿਆ ਸੀ। ਸਭ ਤੋਂ ਜ਼ਿਆਦਾ ਟੈਟੂ ਵਾਲੀ ਫਿਉਰਜਿਨਾਂ ਦਾ ਨਾਂਮ ਹੁਣ ਗਿੰਨੀਜ਼ ਵਰਲਡ ਰਿਕਾਰਡਜ਼ 2025 ਵਿਚ ਦਰਜ ਹੋ ਚੁੱਕਿਆ ਏ। ਆਪਣੇ ਟੈਟੂਆਂ ਦੇ ਸ਼ੌਕ ਬਾਰੇ ਦੱਸਦਿਆਂ ਫਿਊਰਜਿਨਾ ਨੇ ਆਖਿਆ ਕਿ ਉਹ ਗਿੰਨੀਜ਼ ਵਰਲਡ ਰਿਕਾਰਡਜ਼ ਪਰਿਵਾਰ ਵਿਚ ਸ਼ਾਮਲ ਹੋ ਕੇ ਸਨਮਾਨਿਤ ਅਤੇ ਹੈਰਾਨੀਜਨਕ ਮਹਿਸੂਸ ਕਰ ਰਹੀ ਐ। ਉਸ ਨੇ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਗਿੰਨੀਜ਼ ਵਰਲਡ ਰਿਕਾਰਡਜ਼ ਦੀ ਬੁੱਕਸ ਵਿਚ ਆਉਣ ਦੀ ਚਾਹਨਾ ਸੀ ਪਰ ਹੁਣ ਉਸ ਦਾ ਇਹ ਸੁਪਨਾ ਪੂਰਾ ਹੋ ਗਿਆ ਏ, ਜਿਸ ਤੋਂ ਬਾਅਦ ਉਹ ਬੇਹੱਦ ਖ਼ੁਸ਼ ਐ।

ਫਿਉਰਜਿਨਾ ਦਾ ਕਹਿਣਾ ਏ ਕਿ ਉਨ੍ਹਾਂ ਦੇ ਇਕ ਜਾਣਕਾਰ ਨੇ ਉਸ ਨੂੰ ਰਿਕਾਰਡ ਦੇ ਬਾਰੇ ਵੀ ਦੱਸਿਆ ਸੀ। ਉਸ ਤੋਂ ਬਾਅਦ ਉਸ ਦੇ ਅੰਦਰ ਇਸ ਵਿਚ ਭਾਗ ਲੈਣ ਦੀ ਇੱਛਾ ਜਾਗੀ ਸੀ, ਜਿਸ ਨੂੰ ਉਸ ਨੇ ਜਲਦ ਹੀ ਪੂਰਾ ਕਰ ਲਿਆ। ਉਸ ਦਾ ਕਹਿਣਾ ਏ ਕਿ ਉਹ ਇਹ ਰਿਕਾਰਡ ਬਣਾ ਕੇ ਸਮੁੱਚੇ ਵਿਸ਼ਵ ਦੀਆਂ ਔਰਤਾਂ ਨੂੰ ਦੱਸਣਾ ਚਾਹੁੰਦੀ ਐ ਕਿ ਤੁਸੀਂ ਜੋ ਵੀ ਕਰਨਾ ਚਾਹੋ, ਕਰ ਸਕਦੀਆਂ ਹੋ, ਕੁੱਝ ਵੀ ਅਸੰਭਵ ਨਹੀਂ। 89 ਸਰੀਰਕ ਬਦਲਾਵਾਂ ਦੇ ਨਾਲ ਫਿਉਰਜਿਨਾ ਨੇ ਮਾਰੀਆ ਜੋਸ ਕ੍ਰਿਸਟੇਰਨਾ ਦੇ ਰਿਕਾਰਡ ਨੂੰ ਤੋੜ ਦਿੱਤਾ ਏ। ਕ੍ਰਿਸਟੇਰਨਾ ਨੇ ਆਪਣੇ ਸਰੀਰ ਵਿਚ 49 ਬਦਲਾਅ ਕੀਤੇ ਸੀ ਜੋ ਫਿਉਰਜਿਨਾ ਦੇ ਮੁਕਾਬਲੇ ਕਾਫ਼ੀ ਘੱਟ ਨੇ।

ਫਿਉਰਜਿਨਾ ਨੇ ਆਪਣੇ ਸਰੀਰ ਵਿਚ ਪਹਿਲਾ ਬਦਲਾਅ 21 ਸਾਲ ਦੀ ਉਮਰ ਵਿਚ ਕਰਵਾਇਆ ਸੀ, ਜਦੋਂ ਉਸ ਨੇ ਆਪਣੀ ਜੀਭ ਨੂੰ ਦੋ ਹਿੱਸਿਆਂ ਵਿਚ ਕਟਵਾ ਲਿਆ ਸੀ। ਫਿਰ ਜੀਭ ਦੇ ਦੋਵੇਂ ਹਿੱਸਿਆਂ ਨੂੰ ਵੱਖ ਵੱਖ ਤਰ੍ਹਾਂ ਦਾ ਰੰਗ ਵੀ ਕਰਵਾਇਆ। ਉਸ ਤੋਂ ਬਾਅਦ ਉਸ ਨੇ ਆਪਣੇ ਸਰੀਰ ਵਿਚ ਕਈ ਤਰ੍ਹਾਂ ਦੇ ਬਦਲਾਅ ਕਰਵਾਏ, ਟੈਟੂ ਬਣਵਾਏ, ਉਸ ਦੀਆਂ ਅੱਖਾਂ ਅਤੇ ਮਸੂੜਿਆਂ ’ਤੇ ਵੀ ਟੈਟੂ ਬਣੇ ਹੋਏ ਨੇ। ਫਿਉਰਜਿਨਾ ਦਾ ਮੰਨਣਾ ਏ ਕਿ ਫ਼ੌਜ ਵਿਚ ਬਿਤਾਏ ਸਮੇਂ ਨੇ ਉਸ ਨੂੰ ਬਾਡੀ ਆਰਟ ਵੱਲ ਪ੍ਰੇਰਿਤ ਕੀਤਾ। ਉਹ ਆਪਣੇ ਹਰ ਟੈਟੂ ਨੂੰ ਕਲਾ ਦੇ ਇਕ ਸਥਾਈ ਟੁਕੜੇ ਦੇ ਰੂਪ ਵਿਚ ਦੇਖਦੀ ਐ ਅਤੇ ਕਲਾਕਾਰਾਂ ਨੂੰ ਡਿਜ਼ਾਇਨ ਕਰਦੇ ਸਮੇਂ ਬਹੁਤ ਸਾਰੀ ਰਚਨਾਤਮਕ ਆਜ਼ਾਦੀ ਦਿੰਦੀ ਐ। ਹਾਲਾਂਕਿ ਉਹ ਆਪਣੇ ਕੁੱਝ ਟੈਟੂ ਖ਼ੁਦ ਬਣਾਉਂਦੀ ਐ ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਪੂਰੇ ਸਰੀਰ ’ਤੇ ਬਣੇ ਟੈਟੂਆਂ ਵਿਚ ਉਸ ਦਾ ਕੋਈ ਪਸੰਦੀਦਾ ਟੈਟੂ ਨਹੀਂ ਐ।

ਸੋ ਤੁਹਾਡਾ ਇਸ ਔਰਤ ਬਾਰੇ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਜ਼ਰੂਰ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ

Tags:    

Similar News