World News: ਇਥੋਪੀਆ ਵਿੱਚ ਉਸਾਰੀ ਅਧੀਨ ਚਰਚ ਡਿੱਗਿਆ, 36 ਮੌਤਾਂ
100 ਤੋਂ ਵੱਧ ਦੇ ਜ਼ਖ਼ਮੀ ਹੋਣ ਦੀ ਖ਼ਬਰ
Ethiopia Church Building Collapsed: ਇਥੋਪੀਆ ਦੇ ਅਮਹਾਰਾ ਖੇਤਰ ਵਿੱਚ ਬੁੱਧਵਾਰ ਨੂੰ ਇੱਕ ਵੱਡਾ ਹਾਦਸਾ ਵਾਪਰਿਆ ਜਦੋਂ ਇੱਕ ਨਿਰਮਾਣ ਅਧੀਨ ਚਰਚ ਅਚਾਨਕ ਢਹਿ ਗਿਆ। ਘੱਟੋ-ਘੱਟ 36 ਲੋਕ ਮਾਰੇ ਗਏ ਅਤੇ 100 ਤੋਂ ਵੱਧ ਜ਼ਖਮੀ ਹੋ ਗਏ। ਇਹ ਹਾਦਸਾ ਮੇਂਜ਼ਾਰ ਸ਼ੇਨਕੋਰਾ ਅਰੇਰਤੀ ਮਰੀਅਮ ਚਰਚ ਵਿੱਚ ਵਾਪਰਿਆ, ਜਿੱਥੇ ਸ਼ਰਧਾਲੂ ਸੇਂਟ ਮੈਰੀ ਦੇ ਸਾਲਾਨਾ ਤਿਉਹਾਰ ਲਈ ਇਕੱਠੇ ਹੋਏ ਸਨ। ਸਥਾਨਕ ਹਸਪਤਾਲ ਦੇ ਡਾਕਟਰ ਸੇਓਮ ਅਲਤਾਏ ਨੇ ਕਿਹਾ ਕਿ ਮ੍ਰਿਤਕਾਂ ਵਿੱਚ ਬੱਚੇ ਅਤੇ ਬਜ਼ੁਰਗ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ 36 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਅਤੇ ਜ਼ਖਮੀਆਂ ਦੀ ਗਿਣਤੀ 100 ਤੋਂ ਵੱਧ ਹੈ। ਹਸਪਤਾਲ ਨੇ ਜ਼ਖਮੀਆਂ ਦੇ ਇਲਾਜ ਲਈ ਰੈੱਡ ਕਰਾਸ ਤੋਂ ਮਦਦ ਮੰਗੀ ਹੈ। ਸਥਾਨਕ ਪ੍ਰਸ਼ਾਸਕ ਟੇਸ਼ਾਲੇ ਤਿਲਾਹੂਨ ਨੇ ਡਰ ਪ੍ਰਗਟ ਕੀਤਾ ਕਿ ਮੌਤਾਂ ਦੀ ਗਿਣਤੀ ਹੋਰ ਵੱਧ ਸਕਦੀ ਹੈ। ਉਨ੍ਹਾਂ ਇਸਨੂੰ ਭਾਈਚਾਰੇ ਲਈ ਇੱਕ ਵੱਡੀ ਤ੍ਰਾਸਦੀ ਕਿਹਾ। ਇਲਾਕੇ ਵਿੱਚ ਹਾਦਸੇ ਦਾ ਸੋਗ ਹੈ, ਅਤੇ ਬਚਾਅ ਕਾਰਜ ਜਾਰੀ ਹਨ।