ਟਰੰਪ ਨੂੰ ਜਾਨੋ ਮਾਰਨ ਦੀ ਧਮਕੀ ਦੇਣ ਵਾਲੀ ਗ੍ਰਿਫ਼ਤਾਰ

ਡੌਨਲਡ ਟਰੰਪ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਵਾਲੀ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ

Update: 2025-08-20 12:35 GMT

ਵਾਸ਼ਿੰਗਟਨ : ਡੌਨਲਡ ਟਰੰਪ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਵਾਲੀ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜੀ ਹਾਂ, ਇੰਡਿਆਨਾ ਸੂਬੇ ਨਾਲ ਸਬੰਧਤ 50 ਸਾਲ ਦੀ ਨੈਟਲੀ ਰੋਜ਼ ਜੋਨਜ਼ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਰਾਹੀਂ ਟਰੰਪ ਨੂੰ ਰਾਸ਼ਟਰਪਤੀ ਦੇ ਅਹੁਦੇ ਤੋਂ ਹਟਾਉਣ ਦਾ ਸੱਦਾ ਦਿੰਦਿਆਂ ਅਤਿਵਾਦੀ ਕਰਾਰ ਦਿਤਾ। ਸਿਰਫ ਐਨਾ ਹੀ ਨਹੀਂ, ਟਰੰਪ ਸਰਕਾਰ ਨੂੰ ਤਾਨਾਸ਼ਾਹ ਕਰਾਰ ਦਿੰਦਿਆਂ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਢੁਕਵੇਂ ਕਦਮ ਨਾ ਉਠਾਉਣ ਦਾ ਦੋਸ਼ ਵੀ ਲਾਇਆ। ਦੂਜੇ ਪਾਸੇ ਫੇਸਬੁੱਕ ਅਕਾਊਂਟ ਰਾਹੀਂ ਨੈਟਲੀ ਨੇ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਨੂੰ ਕਰੜੇ ਹੱਥੀਂ ਲਿਆ ਅਤੇ ਕਿਹਾ ਕਿ ਉਹ ਅਮਰੀਕਾ ਦੇ ਰਾਸ਼ਟਰਪਤੀ ਨੂੰ ਖਤਮ ਕਰਨਾ ਚਾਹੁੰਦੀ ਹੈ। 15 ਅਗਸਤ ਨੂੰ ਸੀਕਰੇਟ ਸਰਵਿਸ ਵਾਲਿਆਂ ਨਾਲ ਗੱਲਬਾਤ ਦੌਰਾਨ ਨੈਟਲੀ ਵੱਲੋਂ ਟਰੰਪ ਨੂੰ ਨਾਜ਼ੀ ਦੱਸਿਆ ਗਿਆ ਅਤੇ ਕਿਹਾ ਕਿ ਕਿਸੇ ਬਲੇਡ ਵਰਗੀ ਚੀਜ਼ ਨਾਲ ਉਹ ਟਰੰਪ ਨੂੰ ਮਾਰਨਾ ਚਾਹੁੰਦੀ ਹੈ।

ਸੋਸ਼ਲ ਮੀਡੀਆ ਰਾਹੀਂ ਟਿੱਪਣੀਆਂ ਵਿਚ ਅਤਿਵਾਦੀ ਵੀ ਦੱਸਿਆ

ਉਰ ਡਿਪਾਰਟਮੈਂਟ ਆਫ਼ ਜਸਟਿਸ ਨੇ ਦੱਸਿਆ ਕਿ 16 ਅਗਸਤ ਨੂੰ ਵਾਈਟ ਹਾਊਸ ਨੇਡੇ ਹੋਏ ਰੋਸ ਵਿਖਾਵੇ ਵਿਚ ਨੈਟਲੀ ਰੋਜ਼ ਜੋਨਜ਼ ਨੇ ਸ਼ਮੂਲੀਅਤ ਕੀਤੀ ਅਤੇ ਇਕ ਵਾਰ ਫਿਰ ਫੈਡਰਲ ਏਜੰਟਾਂ ਵੱਲੋਂ ਉਸ ਤੋਂ ਪੁੱਛ ਪੜਤਾਲ ਕੀਤੀ ਗਈ। ਇਥੇ ਵੀ ਉਹ ਆਪਣੀਆਂ ਧਮਕੀਆਂ ’ਤੇ ਕਾਇਮ ਰਹੀ ਜਿਸ ਮਗਰੋਂ ਉਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਯੂ.ਐਸ. ਸੀਕਰੇਟ ਸਰਵਿਸ ਦੇ ਵਾਸ਼ਿੰਗਟਨ ਫੀਲਡ ਦਫ਼ਤਰ ਵਿਚ ਸਪੈਸ਼ਲ ਏਜੰਟ ਮੈਟ ਮਕੂਲ ਨੇ ਇਸ ਘਟਨਾਕ੍ਰਮ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਰਾਸ਼ਟਰਪਤੀ ਦੀ ਸੁਰੱਖਿਆ ਸਾਡੀ ਪਹਿਲੀ ਤਰਜੀਹ ਹੈ ਅਤੇ ਹਰ ਸੰਭਾਵਤ ਖਤਰੇ ਨੂੰ ਗੰਭੀਰਤਾ ਲਾਲ ਲਿਆ ਜਾਂਦਾ ਹੈ। ਜੋਨਜ਼ ਵਿਰੁੱਧ ਜਾਨੋ ਮਾਰਨ ਦੀ ਧਮਕੀ ਦੇਣ ਅਤੇ ਅਗਵਾ ਕਰਨ ਦੀ ਧਮਕੀ ਦੇ ਦੋਸ਼ ਆਇਦ ਕੀਤੇ ਗਏ ਹਨ। ਮਾਮਲੇ ਦੀ ਪੜਤਾਲ ਸੀਕਰੇਟ ਸਰਵਿਸ ਵੱਲੋਂ ਕੀਤੀ ਜਾ ਰਹੀ ਹੈ। ਚੇਤੇ ਰਹੇ ਕਿ 2020 ਦੀਆਂ ਚੋਣਾਂ ਦੌਰਾਨ ਟਰੰਪ ਨੂੰ ਜ਼ਹਿਰ ਨਾਲ ਲਿਬੜੀ ਚਿੱਠੀ ਭੇਜਣ ਦਾ ਗੁਨਾਹ ਕਿਊਬੈਕ ਦੀ ਪਾਸਕਲ ਫੈਰੀਅਰ ਨੇ ਕਬੂਲ ਕਰ ਲਿਆ ਸੀ। 56 ਸਾਲ ਦੀ ਪਾਸਕਲ ਨੂੰ ਕੈਨੇਡਾ ਅਮਰੀਕਾ ਦੇ ਬਾਰਡਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸ ਨੇ ਚਿੱਠੀ ’ਤੇ ਲਾਉਣ ਲਈ ਮੌਂਟਰੀਅਲ ਸਥਿਤ ਆਪਣੇ ਘਰ ਵਿਚ ਜ਼ਹਿਰ ਤਿਆਰ ਕੀਤਾ।

Tags:    

Similar News