ਅਮਰੀਕਾ ਵਿਚ ਗੋਰੀ ਨੇ ਆਪਣੇ ਹੀ 4 ਬੱਚਿਆਂ ਨੂੰ ਮਾਰੀ ਗੋਲੀ
ਅਮਰੀਕਾ ਵਿਚ ਇਕ ਕਲਯੁਗੀ ਮਾਂ ਨੇ ਆਪਣੇ ਹੀ 4 ਬੱਚਿਆਂ ਨੂੰ ਗੋਲੀ ਮਾਰ ਦਿਤੀ ਜਿਨ੍ਹਾਂ ਵਿਚੋਂ 2 ਦਮ ਤੋੜ ਗਏ ਜਦਕਿ 2 ਨੂੰ ਨਾਜ਼ੁਕ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ
ਹਿਊਸਟਨ : ਅਮਰੀਕਾ ਵਿਚ ਇਕ ਕਲਯੁਗੀ ਮਾਂ ਨੇ ਆਪਣੇ ਹੀ 4 ਬੱਚਿਆਂ ਨੂੰ ਗੋਲੀ ਮਾਰ ਦਿਤੀ ਜਿਨ੍ਹਾਂ ਵਿਚੋਂ 2 ਦਮ ਤੋੜ ਗਏ ਜਦਕਿ 2 ਨੂੰ ਨਾਜ਼ੁਕ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਟੈਕਸਸ ਦੀ ਬ੍ਰਾਜ਼ੋਰੀਆ ਕਾਊਂਟੀ ਦੇ ਸ਼ੈਰਿਫ਼ ਬੋਅ ਸਟਾਲਮੈਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 31 ਸਾਲ ਦੇ ਮਾਂ ਵਿਰੁੱਧ ਪਹਿਲੇ ਦਰਜੇ ਦੀ ਹੱਤਿਆ ਦੇ ਦੋਸ਼ ਆਇਦ ਕੀਤੇ ਗਏ ਹਨ ਅਤੇ ਜ਼ਮਾਨਤ ਵਾਸਤੇ ਉਸ ਨੂੰ 14 ਮਿਲੀਅਨ ਡਾਲਰ ਦੀ ਰਕਮ ਜਮ੍ਹਾਂ ਕਰਵਾਉਣੀ ਹੋਵੇਗੀ।
2 ਜਣਿਆਂ ਨੇ ਦਮ ਤੋੜਿਆ, 2 ਦੀ ਹਾਲਤ ਗੰਭੀਰ
ਇਥੇ ਦਸਣਾ ਬਣਦਾ ਹੈ ਕਿ ਗੋਲੀਬਾਰੀ ਦੌਰਾਨ ਜਾਨ ਗਵਾਉਣ ਵਾਲੇ ਬੱਚਿਆਂ ਦੀ ਉਮਰ 13 ਅਤੇ 14 ਸਾਲ ਸੀ ਜਦਕਿ 8 ਅਤੇ 9 ਸਾਲ ਦੇ ਬੱਚਿਆਂ ਨੂੰ ਮੈਡੀਕਲ ਹੈਲੀਕਾਪਟਰ ਰਾਹੀਂ ਹਿਊਸਟਨ ਦੇ ਹਸਪਤਾਲ ਵਿਚ ਲਿਜਾਇਆ ਗਿਆ। ਸਟਾਲਮੈਨ ਮੁਤਾਬਕ ਮਾਂ ਨੇ 911 ’ਤੇ ਕਾਲ ਕਰ ਕੇ ਗੋਲੀਕਾਂਡ ਦੀ ਇਤਲਾਹ ਦਿਤੀ ਅਤੇ ਮੌਕੇ ’ਤੇ ਪੁੱਜੇ ਅਫ਼ਸਰਾਂ ਨੇ ਹਥਿਆਰ ਬਰਾਮਦ ਕਰ ਲਿਆ। ਗੋਲੀਬਾਰੀ ਦੀ ਵਾਰਦਾਤ ਐਂਗਲਟਨ ਕਸਬੇ ਵਿਚ ਵਾਪਰੀ ਜਿਸ ਦੀ ਆਬਾਦੀ ਤਕਰੀਬਨ 20 ਹਜ਼ਾਰ ਹੈ ਅਤੇ ਇਹ ਹਿਊਸਟਨ ਤੋਂ 45 ਮੀਲ ਦੀ ਦੂਰੀ ’ਤੇ ਸਥਿਤ ਹੈ।