ਅਮਰੀਕਾ ’ਚ ਦੋ ਨੌਜਵਾਨਾਂ ਨਾਲ ਵਾਪਰਿਆ ਭਾਣਾ
ਅਮਰੀਕਾ ਤੋਂ ਬਹੁਤ ਹੀ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਐ, ਜਿੱਥੇ ਹਰਿਆਣੇ ਰਹਿਣ ਵਾਲੇ ਦੋ ਨੌਜਵਾਨਾਂ ਦੀ ਝੀਲ ਵਿਚ ਨਹਾਉਂਦੇ ਸਮੇਂ ਡੁੱਬਣ ਕਾਰਨ ਮੌਤ ਹੋ ਗਈ।
ਕਰਨਾਲ: ਅਮਰੀਕਾ ਤੋਂ ਬਹੁਤ ਹੀ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਐ, ਜਿੱਥੇ ਹਰਿਆਣੇ ਰਹਿਣ ਵਾਲੇ ਦੋ ਨੌਜਵਾਨਾਂ ਦੀ ਝੀਲ ਵਿਚ ਨਹਾਉਂਦੇ ਸਮੇਂ ਡੁੱਬਣ ਕਾਰਨ ਮੌਤ ਹੋ ਗਈ। ਦੋਵੇਂ ਆਪਣੇ ਪਰਿਵਾਰਾਂ ਦੇ ਇਕਲੌਤੇ ਪੁੱਤਰ ਸਨ। ਪਰਿਵਾਰ ਨੇ ਦੋਵੇਂ ਜਣਿਆਂ ਨੂੰ ਕਰੀਬ ਇਕ ਸਾਲ ਪਹਿਲਾਂ 80 ਲੱਖ ਰੁਪਏ ਖ਼ਰਚ ਕਰਕੇ ਡੰਕੀ ਦੇ ਰਸਤੇ ਅਮਰੀਕਾ ਭੇਜਿਆ ਸੀ, ਜਿੱਥੇ ਉਹ ਇਕ ਡਿਪਾਰਟਮੈਂਟਲ ਸਟੋਰ ’ਤੇ ਕੰਮ ਕਰਦੇ ਸੀ। ਇਹ ਖ਼ਬਰ ਸੁਣ ਕੇ ਦੋਵੇਂ ਪਰਿਵਾਰਾਂ ’ਤੇ ਦੁੱਖਾਂ ਦਾ ਪਹਾੜ ਟੁੱਟ ਗਿਆ।
ਹਰਿਆਣਾ ਵਿਚ ਕਰਨਾਲ ਦੇ ਰਹਿਣ ਵਾਲੇ ਦੋ ਗੱਭਰੂ ਨੌਜਵਾਨਾਂ ਅਮਰੀਕਾ ਵਿਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇਹ ਦੋਵੇਂ ਨੌਜਵਾਨ ਕੈਲੀਫੋਰਨੀਆ ਵਿਖੇ ਇਕ ਝੀਲ ਵਿਚ ਨਹਾਉਣ ਲਈ ਗਏ ਸੀ, ਜਿੱਥੇ ਪਾਣੀ ਵਿਚ ਡੁੱਬਣ ਕਾਰਨ ਇਨ੍ਹਾਂ ਦੋਵਾਂ ਦੀ ਮੌਤ ਹੋ ਗਈ, ਜਦਕਿ ਉਨ੍ਹਾਂ ਦੇ ਇਕ ਸਾਥੀ ਦੀ ਮਸਾਂ ਜਾਨ ਬਚੀ। ਮ੍ਰਿਤਕ ਨੌਜਵਾਨਾਂ ਦੀ ਪਛਾਣ 21 ਸਾਲਾ ਮਹਿਤਾਬ ਸਿੰਘ ਵਾਸੀ ਪਿੰਡ ਗੋਬਿੰਦਗੜ੍ਹ ਅਤੇ 17 ਸਾਲਾ ਏਕਮ ਸਿੰਘ ਵਾਸੀ ਪਿੰਡ ਚੁਨਰੀ ਜ਼ਿਲ੍ਹਾ ਕਰਨਾਲ ਦੇ ਰੂਪ ਵਿਚ ਹੋਈ ਐ। ਇਸ ਘਟਨਾ ਦੌਰਾਨ ਇਨ੍ਹਾਂ ਦਾ ਇਕ ਹੋਰ ਸਾਥੀ ਫੈਜ਼ਪੁਰ ਵਾਸੀ ਚਰਨਜੀਤ ਸਿੰਘ ਵੀ ਝੀਲ ਵਿਚ ਡੁੱਬ ਰਿਹਾ ਸੀ, ਜਿਸ ਨੂੰ ਉਥੇ ਮੌਜੂਦ ਲੋਕਾਂ ਨੇ ਸਮਾਂ ਰਹਿੰਦੇ ਬਾਹਰ ਕੱਢ ਲਿਆ, ਜਿਸ ਕਰਕੇ ਉਸ ਦੀ ਜਾਨ ਬਚ ਗਈ।
ਪਰਿਵਾਰਕ ਮੈਂਬਰਾਂ ਦੇ ਅਨੁਸਾਰ ਮਹਿਤਾਬ ਸਿੰਘ, ਏਕਮ ਸਿੰਘ ਅਤੇ ਚਰਨਜੀਤ ਸਿੰਘ ਇਕੱਠੇ ਇਕੋ ਕਮਰੇ ਵਿਚ ਰਹਿੰਦੇ ਸੀ। 25 ਜੂਨ ਨੂੰ ਉਹ ਕੈਲੀਫੋਰਨੀਆ ਦੀ ਸੈਨ ਫਰਾਂਸਿਸਕੋ ਝੀਲ ਵਿਚ ਨਹਾਉਣ ਗਏ ਸੀ, ਜਿੱਥੇ ਮਹਿਤਾਬ ਸਿੰਘ ਅਤੇ ਏਕਮ ਸਿੰਘ ਝੀਲ ਵਿਚ ਡੁੱਬ ਗਏ। ਉਨ੍ਹਾਂ ਨੂੰ ਬਚਾਉਣ ਲਈ ਚਰਨਜੀਤ ਸਿੰਘ ਵੀ ਅੱਗੇ ਵੱਲ ਵਧਿਆ ਤਾਂ ਉਹ ਵੀ ਡੁੱਬਣ ਲੱਗਾ ਸੀ ਪਰ ਆਸਪਾਸ ਦੇ ਲੋਕਾਂ ਨੇ ਮਹਿਤਾਬ ਅਤੇ ਚਰਨਜੀਤ ਨੂੰ ਬਾਹਰ ਕੱਢ ਲਿਆ ਪਰ ਏਕਮ ਬਾਰੇ ਕੁੱਝ ਪਤਾ ਨਹੀਂ ਚੱਲ ਸਕਿਆ। ਦੋਵਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਮਹਿਤਾਬ ਨੂੰ ਡਾਕਟਰਾਂ ਨੇ ਮ੍ਰਿਤਕ ਕਰਾਰ ਦੇ ਦਿੱਤਾ। ਇਸ ਮਗਰੋਂ ਕਰੀਬ 24 ਘੰਟੇ ਬਾਅਦ ਏਕਤ ਦੀ ਲਾਸ਼ ਝੀਲ ਵਿਚੋਂ ਬਰਾਮਦ ਹੋਈ।
ਮਹਿਤਾਬ ਦੇ ਪਿਤਾ ਗੁਲਾਬ ਸਿੰਘ ਨੇ ਰੋਂਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਆਪਣਾ ਇਕਲੌਤਾ ਬੇਟਾ ਕਰੀਬ ਇਕ ਸਾਲ ਪਹਿਲਾਂ ਡੰਕੀ ਰਾਹੀਂ ਅਮਰੀਕਾ ਭੇਜਿਆ ਸੀ, ਹੁਣ ਅਮਰੀਕਾ ਵਿਚ ਉਹ ਚੰਗਾ ਕੰਮਕਾਰ ਕਰ ਰਿਹਾ ਸੀ ਪਰ 25 ਜੂਨ ਨੂੰ ਇਹ ਭਾਣਾ ਵਰਤ ਗਿਆ, ਜਿਸਦੀ ਸੂਚਨਾ ਮਹਿਤਾਬ ਦੇ ਫੁੱਫੜ ਵੱਲੋਂ ਪਰਿਵਾਰ ਨੂੰ ਦਿੱਤੀ ਗਈ ਕਿਉਂਕਿ ਉਹ ਵੀ ਅਮਰੀਕਾ ਵਿਚ ਹੀ ਰਹਿੰਦੇ ਨੇ। ਮ੍ਰਿਤਕ ਨੌਜਵਾਨ ਦੇ ਪਿਤਾ ਨੇ ਦੱਸਿਆ ਕਿ ਉਹ ਖੇਤੀਬਾੜੀ ਦਾ ਕੰਮ ਕਰਦੇ ਨੇ, ਉਨ੍ਹਾਂ ਨੇ ਕਰੀਬ 35 ਲੱਖ ਰੁਪਏ ਖ਼ਰਚ ਕਰਕੇ ਆਪਣੇ ਇਕਲੌਤੇ ਮੁੰਡੇ ਨੂੰ ਅਮਰੀਕਾ ਭੇਜਿਆ ਸੀ।
ਉਧਰ ਏਕਮ ਸਿੰਘ ਦੇ ਪਿਤਾ ਰੁਪਿੰਦਰ ਸਿੰਘ ਨੇ ਦੱਸਿਆ ਕਿ ਕਰੀਬ 14 ਮਹੀਨੇ ਪਹਿਲਾਂ ਉਨ੍ਹਾਂ ਨੇ ਆਪਣੇ ਇਕਲੌਤੇ ਪੁੱਤਰ ਨੂੰ ਅੱਧੀ ਜ਼ਮੀਨ ਵੇਚ ਕੇ ਅਮਰੀਕਾ ਭੇਜਿਆ ਸੀ ਤਾਂ ਜੋ ਘਰ ਦੇ ਹਾਲਾਤ ਸੁਧਰ ਸਕਣ ਪਰ ਉਨ੍ਹਾਂ ਨੂੰ ਕੀ ਪਤਾ ਸੀ ਕਿ ਇਹ ਭਾਣਾ ਵਰਤ ਜਾਵੇਗਾ। ਏਕਮ ਦੀ ਇਕ 19 ਸਾਲਾਂ ਦੀ ਭੈਣ ਵੀ ਐ। ਫਿਲਹਾਲ ਦੋਵੇਂ ਪੀੜਤ ਪਰਿਵਾਰਾਂ ਨੇ ਸਰਕਾਰ ਨੂੰ ਅਪੀਲ ਕੀਤੀ ਐ ਕਿ ਉਨ੍ਹਾਂ ਦੇ ਪੁੱਤਰਾਂ ਦੀਆਂ ਮ੍ਰਿਤਕ ਦੇਹਾਂ ਭਾਰਤ ਮੰਗਵਾਉਣ ਵਿਚ ਮਦਦ ਕੀਤੀ ਜਾਵੇ ਤਾਂ ਜੋ ਉਹ ਆਪਣੇ ਹੱਥੀਂ ਆਪਣੇ ਪੁੱਤਰਾਂ ਦਾ ਅੰਤਿਮ ਸਸਕਾਰ ਕਰ ਸਕਣ।