ਨੇਪਾਲ ਦੀ ਰਾਜਧਾਨੀ ਵਿਚ ਹਿੰਸਕ ਰੋਸ ਵਿਖਾਵੇ, 16 ਮੌਤਾਂ

ਨੇਪਾਲ ਵਿਚ ਸੋਸ਼ਲ ਮੀਡੀਆ ’ਤੇ ਪਾਬੰਦੀ ਅਤੇ ਭ੍ਰਿਸ਼ਟਾਚਾਰ ਵਿਰੁੱਧ ਵੱਡੇ ਪੱਧਰ ’ਤੇ ਰੋਸ ਵਿਖਾਵੇ ਸ਼ੁਰੂ ਹੋ ਚੁੱਕੇ ਹਨ ਅਤੇ ਸੋਮਵਾਰ ਨੂੰ ਹਜ਼ਾਰਾਂ ਮੁਜ਼ਾਹਰਾਕਾਰੀ ਸੰਸਦ ਵਿਚ ਦਾਖਲ ਹੋ ਗਏ

Update: 2025-09-08 13:16 GMT

ਕਾਠਮੰਡੂ : ਨੇਪਾਲ ਵਿਚ ਸੋਸ਼ਲ ਮੀਡੀਆ ’ਤੇ ਪਾਬੰਦੀ ਅਤੇ ਭ੍ਰਿਸ਼ਟਾਚਾਰ ਵਿਰੁੱਧ ਵੱਡੇ ਪੱਧਰ ’ਤੇ ਰੋਸ ਵਿਖਾਵੇ ਸ਼ੁਰੂ ਹੋ ਚੁੱਕੇ ਹਨ ਅਤੇ ਸੋਮਵਾਰ ਨੂੰ ਹਜ਼ਾਰਾਂ ਮੁਜ਼ਾਹਰਾਕਾਰੀ ਸੰਸਦ ਵਿਚ ਦਾਖਲ ਹੋ ਗਏ। ਪੁਲਿਸ ਨੇ ਵਿਖਾਵਾਕਾਰੀਆਂ ਨੂੰ ਰੋਕਣ ਲਈ ਹੰਝੂ ਗੈਸ ਦੇ ਗੋਲੇ ਦਾਗੇ ਅਤੇ ਜਲ ਤੋਪਾਂ ਦੀ ਵਰਤੋਂ ਕੀਤੀ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਲੋਕਾਂ ਨੂੰ ਸੰਸਦ ਵੱਲ ਆਉਣ ਤੋਂ ਰੋਕਣ ਲਈ ਪੁਲਿਸ ਨੇ ਗੋਲੀਆਂ ਵੀ ਚਲਾਈਆਂ ਅਤੇ ਹੁਣ ਤੱਕ 16 ਜਣਿਆਂ ਦੀ ਮੌਤ ਹੋਣ ਦੀ ਰਿਪੋਰਟ ਹੈ ਜਦਕਿ ਕਈ ਹੋਰ ਜ਼ਖਮੀ ਹੋ ਗਏ। ਮੀਡੀਆ ਰਿਪੋਰਟਾਂ ਮੁਤਾਬਕ ਮੁਜ਼ਾਹਰਾਕਾਰੀਆਂ ਨੇ ਪਾਰਲੀਮੈਂਟ ਦੇ ਗੇਟ ਨੰਬਰ 1 ਅਤੇ 2 ਕਬਜ਼ਾ ਕਰ ਲਿਆ ਜਿਸ ਮਗਰੋਂ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼ ਵਾਲੇ ਇਲਾਕਿਆਂ ਵਿਚ ਕਰਫਿਊ ਲਾ ਦਿਤਾ ਗਿਆ। ਨੇਪਾਲ ਦੇ ਇਤਿਹਾਸ ਵਿਚ ਪਹਿਲੀ ਵਾਰ ਮੁਜ਼ਾਹਰਾਕਾਰੀ ਸੰਸਦ ਵਿਚ ਦਾਖਲ ਹੋਏ ਅਤੇ ਸਰਕਾਰ ਦੀਆਂ ਨੀਹਾਂ ਹਿਲਾ ਦਿਤੀਆਂ।

ਸੰਸਦ ਉਤੇ ਕਾਬਜ਼ ਹੋਣ ਦਾ ਯਤਨ, ਕਰਫਿਊ ਲਾਇਆ

ਨੇਪਾਲ ਸਰਕਾਰ ਵੱਲੋਂ 3 ਸਤੰਬਰ ਨੂੰ ਫੇਸਬੁਕ, ਇੰਸਟਾਗ੍ਰਾਮ ਅਤੇ ਯੂਟਿਊਬ ਸਣੇ 26 ਸੋਸ਼ਲ ਮੀਡੀਆ ਸਾਈਟਸ ’ਤੇ ਪਾਬੰਦੀ ਦਾ ਐਲਾਨ ਕੀਤਾ ਗਿਆ ਸੀ। ਸੋਸ਼ਲ ਮੀਡੀਆ ਪਲੈਟਫਾਰਮਜ਼ ’ਤੇ ਦੋਸ਼ ਹੈ ਕਿ ਉਨ੍ਹਾਂ ਨੇ ਨੇਪਾਲ ਦੇ ਸੂਚਨਾ ਅਤੇ ਤਕਨੀਕ ਮੰਤਰਾਲੇ ਕੋਲ ਰਜਿਸਟ੍ਰੇਸ਼ਨ ਨਹੀਂ ਕਰਵਾਈ ਅਤੇ ਇਸ ਦੀ ਅੰਤਮ ਤਰੀਕ 2 ਸਤੰਬਰ ਤੈਅ ਕੀਤੀ ਗਈ ਸੀ। ਹਾਲਾਤ ਬੇਕਾਬੂ ਹੁੰਦੇ ਵੇਖ ਕਾਠਮੰਡੂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਹਿਰ ਵਿਚ ਰਾਤ 10 ਵਜੇ ਤੱਕ ਕਰਫਿਊ ਦਾ ਐਲਾਨ ਕੀਤਾ ਗਿਆ ਹੈ ਪਰ ਇਸ ਦੇ ਉਲਟ ਸ਼ਹਿਰ ਦੇ ਮੇਅਰ ਬਾਲੇਂਦਰ ਸ਼ਾਹ ਅੰਦੋਲਨ ਦੀ ਹਮਾਇਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਮਰ ਦੀ ਹੱਦ ਨੂੰ ਵੇਖਦਿਆਂ ਉਹ ਰੋਸ ਵਿਖਾਵੇ ਵਿਚ ਸ਼ਾਮਲ ਨਹੀਂ ਹੋ ਸਕਦੇ ਪਰ ਨੌਜਵਾਨਾਂ ਦੀ ਆਵਾਜ਼ ਸੁਣੀ ਜਾਣੀ ਚਾਹੀਦੀ ਹੈ। ਵਿਦੇਸ਼ਾਂ ਵਿਚ ਵਸਦੇ ਨੇਪਾਲ ਦੇ ਲੋਕਾਂ ਵੱਲੋਂ ਅੰਦੋਲਨ ਦੀ ਹਮਾਇਤ ਕੀਤੀ ਗਈ ਹੈ ਅਤੇ ਉਨ੍ਹਾਂਕਿਹਾ ਕਿ ਭ੍ਰਿਸ਼ਟਾਚਾਰ ਅਤੇ ਗੈਰਬਰਾਬਰੀ ਖਤਮ ਨਾ ਕੀਤੀ ਗਈ ਤਾਂ ਪੜ੍ਹੇ ਲਿਖੇ ਨੌਜਵਾਨ ਦੇਸ਼ ਛੱਡਣ ਲਈ ਮਜਬੂਰ ਹੋ ਜਾਣਗੇ। ਦੂਜੇ ਪਾਸੇ ਅੰਦੋਲਨ ਦੀ ਅਗਵਾਈ ਕਰ ਰਹੀ ਜਥੇਬੰਦੀ ਦਾ ਕਹਿਣਾ ਹੈ ਕਿ ਦੇਸ਼ ਦੇ ਹੋਰਨਾਂ ਸ਼ਹਿਰਾਂ ਵਿਚ ਵੀ ਅਜਿਹੇ ਅੰਦੋਲਨ ਕੀਤੇ ਜਾਣਗੇ। ਦੱਸਿਆ ਜਾ ਰਿਹਾ ਹੈ ਕਿ ਇਸ ਰੌਲੇ ਰੱਪੇ ਦਰਮਿਆਨ ਟਿਕਟੌਕ, ਵਾਈਬਰ, ਪੋਪੋ ਲਾਈਵ ਅਤੇ ਹੋਰ ਕਈ ਸੋਸ਼ਲ ਮੀਡੀਆ ਸਾਈਟਸ ਵੱਲੋਂ ਰਜਿਸਟ੍ਰੇਸ਼ਨ ਪ੍ਰਕਿਰਿਆ ਮੁਕੰਮਲ ਕੀਤੀ ਜਾ ਚੁੱਕੀ ਹੈ ਜਦਕਿ ਟੈਲੀਗ੍ਰਾਮ ਅਤੇ ਗਲੋਬਲ ਡਾਇਰੀ ਦੀ ਪ੍ਰਵਾਨਗੀ ਪ੍ਰਕਿਰਿਆ ਚੱਲ ਰਹੀ ਹੈ। ਸੂਚਨਾ ਅਤੇ ਤਕਨੀਕ ਮੰਤਰਾਲੇ ਦੇ ਬੁਲਾਰੇ ਗਜਿੰਦਰ ਕੁਮਾਰ ਠਾਕੁਰ ਨੇ ਦੱਸਿਆ ਕਿ ਜੇ ਕੋਈ ਸੋਸ਼ਲ ਮੀਡੀਆ ਸਾਈਟ ਰਜਿਸਟ੍ਰੇਸ਼ਨ ਮੁਕੰਮਲ ਕਰਦੀ ਹੈ ਤਾਂ ਉਸ ਨੂੰ ਤੁਰਤ ਬਹਾਲ ਕਰ ਦਿਤਾ ਜਾਵੇਗਾ।

Tags:    

Similar News