ਅਮਰੀਕਾ ’ਚ ਪ੍ਰਵਾਸੀਆਂ ਦਾ ਹਿੰਸਕ ਰੋਸ ਵਿਖਾਵਾ, 76 ਗ੍ਰਿਫ਼ਤਾਰ
ਡੌਨਲਡ ਟਰੰਪ ਵੱਲੋਂ ਸੈਂਕੜੇ ਮੁਜ਼ਾਹਰਕਾਰੀਆਂ ਨੂੰ ਡਿਪੋਰਟ ਕੀਤੇ ਜਾਣ ਦੇ ਬਾਵਜੂਦ ਨਿਊ ਯਾਰਕ ਦੀ ਕੋਲੰਬੀਆ ਯੂਨੀਵਰਸਿਟੀ ਵਿਚ ਬੁੱਧਵਾਰ ਨੂੰ ਹਿੰਸਕ ਰੋਸ ਵਿਖਾਵਾ ਹੋਇਆ
ਨਿਊ ਯਾਰਕ : ਡੌਨਲਡ ਟਰੰਪ ਵੱਲੋਂ ਸੈਂਕੜੇ ਮੁਜ਼ਾਹਰਕਾਰੀਆਂ ਨੂੰ ਡਿਪੋਰਟ ਕੀਤੇ ਜਾਣ ਦੇ ਬਾਵਜੂਦ ਨਿਊ ਯਾਰਕ ਦੀ ਕੋਲੰਬੀਆ ਯੂਨੀਵਰਸਿਟੀ ਵਿਚ ਬੁੱਧਵਾਰ ਨੂੰ ਹਿੰਸਕ ਰੋਸ ਵਿਖਾਵਾ ਹੋਇਆ ਅਤੇ ਪੁਲਿਸ ਘੱਟੋ ਘੱਟ 76 ਜਣਿਆਂ ਨੂੰ ਗ੍ਰਿਫ਼ਤਕਾਰ ਕਰ ਕੇ ਲੈ ਗਈ। ਯੂਨੀਵਰਸਿਟੀ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਬਾਹਰੀ ਲੋਕਾਂ ਦੇ ਦਾਖਲੇ ਕਾਰਨ ਮੁਜ਼ਾਹਰਾ ਹਿੰਸਕ ਰੂਪ ਅਖਤਿਆਰ ਕਰ ਗਿਆ ਅਤੇ ਦੋ ਸੁਰੱਖਿਆ ਮੁਲਾਜ਼ਮ ਜ਼ਖਮੀ ਹੋ ਗਏ। ਨਿਊ ਯਾਰਕ ਸਿਟੀ ਦੇ ਮੇਅਰ ਐਰਿਕ ਐਡਮਜ਼ ਨੇ ਕਿਹਾ ਕਿ ਅਣਅਧਿਕਾਰਤ ਲੋਕਾਂ ਨੂੰ ਬਾਹਰ ਕੱਢਣ ਲਈ ਕੋਲੰਬੀਆ ਯੂਨੀਵਰਸਿਟੀ ਵੱਲੋਂ ਹੀ ਗੁਜ਼ਾਰਿਸ਼ ਕੀਤੀ ਗਈ ਸੀ। ਉਧਰ ਨਿਊ ਯਾਰਕ ਸੂਬੇ ਦੀ ਗਵਰਨਰ ਕੈਥੀ ਹੋਚਲ ਨੇ ਸੋਸ਼ਲ ਮੀਡੀਆ ਰਾਹੀਂ ਟਿੱਪਣੀ ਕਰਦਿਆਂ ਕਿਹਾ ਕਿ ਸ਼ਾਂਤਮਈ ਤਰੀਕੇ ਨਾਲ ਰੋਸ ਵਿਖਾਵਾ ਕਰਨ ਦਾ ਹਰ ਇਕ ਨੂੰ ਹੱਕ ਹੈ ਪਰ ਹਿੰਸਾ ਅਤੇ ਤੋੜ-ਭੰਨ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ।
ਨਿਊ ਯਾਰਕ ਦੀ ਕੋਲੰਬੀਆ ਯੂਨੀਵਰਸਿਟੀ ਮੁੜ ਸੁਰਖੀਆਂ ’ਚ ਆਈ
ਯੂਨੀਵਰਸਿਟੀ ਵਿਚ ਪਏ ਖੱਪਖਾਨੇ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ ਜਿਸ ਵਿਚ ਮੁਜ਼ਾਹਰਾਕਾਰੀਆਂ ਨੂੰ ਲਾਇਬ੍ਰੇਰੀ ਵੱਲ ਜਾਂਦਿਆਂ ਦੇਖਿਆ ਜਾ ਸਕਦਾ ਹੈ। ਯੂਨੀਵਰਸਿਟੀ ਦੇ ਬੁਲਾਰੇ ਨੇ ਹਾਲਾਤ ’ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਜਿਉਂ ਹੀ ਭੀੜ ਦੀ ਆਮਦ ਬਾਰੇ ਪਤਾ ਲੱਗਾ ਤਾਂ ਸੁਰੱਖਿਆ ਮੁਲਾਜ਼ਮਾਂ ਦੀ ਟੀਮ ਵੱਲੋਂ ਉਨ੍ਹਾਂ ਨੂੰ ਰੋਕਣ ਦੇ ਯਤਨ ਕੀਤੇ ਗਏ। ਮੁਜ਼ਾਹਰਾਕਾਰੀਆਂ ਨੂੰ ਆਪਣੇ ਸ਼ਨਾਖਤੀ ਕਾਰਡ ਦਿਖਾਉਣ ਅਤੇ ਇਲਾਕੇ ਖਾਲੀ ਕਰਨ ਵਾਸਤੇ ਆਖਿਆ ਗਿਆ ਪਰ ਕਿਸੇ ਨੇ ਵੀ ਆਪਣੀ ਪਛਾਣ ਦਾ ਸਬੂਤ ਪੇਸ਼ ਨਾ ਕੀਤਾ ਅਤੇ ਨਾ ਹੀ ਕੈਂਪਸ ਵਿਚੋਂ ਬਾਹਰ ਜਾਣ ਵਾਸਤੇ ਰਾਜ਼ੀ ਹੋਏ। ਕੁਝ ਦੇਰ ਬਾਅਦ ਫਾਇਰ ਅਲਾਰਮ ਵੱਜਣ ਲੱਗਾ ਅਤੇ ਐਮਰਜੰਸੀ ਕਾਮੇ ਇਕ ਸ਼ਖਸ ਨੂੰ ਸਟ੍ਰੈਚਰ ’ਤੇ ਪਾ ਕੇ ਬਾਹਰ ਲਿਆਉਂਦੇ ਦੇਖੇ ਗਏ। ਕੋਲੰਬੀਆ ਯੂਨੀਵਰਸਿਟੀ ਦੀ ਐਕਟਿੰਗ ਪ੍ਰੈਜ਼ੀਡੈਂਟ ਕਲੇਅਰ ਸ਼ਿਪਮੈਨ ਮੁਤਾਬਕ ਭੀੜ ਵੱਲੋਂ ਕੀਤੀ ਧੱਕਾ-ਮੁੱਕੀ ਦੌਰਾਨ ਦੋ ਸੁਰੱਖਿਆ ਅਫ਼ਸਰ ਜ਼ਖਮੀ ਹੋਏ। ਦੂਜੇ ਪਾਸੇ ਇਕ ਵਿਦਿਆਰਥੀ ਜਥੇਬੰਦੀ ਵੱਲੋਂ ਸੋਸ਼ਲ ਮੀਡੀਆ ਰਾਹੀਂ ਸੁਨੇਹ ਸਾਂਝਾ ਕਰਦਿਆਂ ਸੁਰੱਖਿਆ ਅਫ਼ਸਰਾਂ ’ਤੇ ਕੁੱਟਮਾਰ ਕਰਨ ਦਾ ਦੋਸ਼ ਲਾਇਆ ਗਿਆ ਹੈ। ਇਥੇ ਦਸਣਾ ਬਣਦਾ ਹੈ ਕਿ ਰੋਸ ਵਿਖਾਵਾ ਆਰੰਭ ਹੋਣ ਤੋਂ ਤਿੰਨ ਘੰਟੇ ਬਾਅਦ ਨਿਊ ਯਾਰਕ ਪੁਲਿਸ ਤੋਂ ਮਦਦ ਮੰਗੀ ਗਈ ਅਤੇ ਪੁਲਿਸ ਨੇ ਆਉਂਦਿਆਂ ਹੀ ਭੀੜ ਨੂੰ ਖਿੰਡਾ ਦਿਤਾ ਜਦਕਿ ਦਰਜਨਾਂ ਮੁਜ਼ਾਹਰਾਕਾਰੀਆਂ ਨੂੰ ਗ੍ਰਿਫ਼ਤਾਰ ਕਰ ਕੇ ਅਣਦੱਸੀ ਥਾਂ ’ਤੇ ਲਿਜਾਇਆ ਗਿਆ। ਗ੍ਰਿਫ਼ਤਾਰ ਪ੍ਰਵਾਸੀਆਂ ਵਿਰੁੱਧ ਆਇਦ ਦੋਸ਼ਾਂ ਬਾਰੇ ਵੀ ਫਿਲਹਾਲ ਨਿਊ ਯਾਰਕ ਪੁਲਿਸ ਨੇ ਕੋਈ ਜਾਣਕਾਰੀ ਨਹੀਂ ਦਿਤੀ। ਯੂਨੀਵਰਸਿਟੀ ਦੀ ਵੈਬਸਾਈਟ ਮੁਤਾਬਕ ਵਿਦਿਆਰਥੀਆਂ ਦੇ ਮਹਿਮਾਨਾਂ ਦਾ ਵਿਦਿਅਕ ਅਦਾਰੇ ਵਿਚ ਦਾਖਲਾ ਵੀਰਵਾਰ ਨੂੰ ਬੰਦ ਰਹੇਗਾ ਅਤੇ ਕੈਂਪਸ ਵਿਚ ਦਾਖਲ ਹੋਣ ਲਈ ਯੂਨੀਵਰਸਿਟੀ ਨਾਲ ਸਬੰਧਤ ਪਛਾਣ ਪੱਤਰ ਦਿਖਾਉਣੇ ਹੋਣਗੇ।
ਸੈਂਕੜੇ ਮੁਜ਼ਾਹਰਾਕਾਰੀਆਂ ਨੂੰ ਡਿਪੋਰਟ ਕਰ ਚੁੱਕੇ ਨੇ ਟਰੰਪ
ਚੇਤੇ ਰਹੇ ਕਿ ਕੋਲੰਬੀਆ ਯੂਨੀਵਰਸਿਟੀ ਦੇ ਮੁਜ਼ਾਹਰਿਆਂ ਵਿਚ ਸ਼ਾਮਲ ਹੋਣ ਕਰ ਕੇ ਕਈ ਭਾਰਤੀ ਵਿਦਿਆਰਥੀ ਅਮਰੀਕਾ ਤੋਂ ਡਿਪੋਰਟ ਕੀਤੇ ਜਾ ਚੁੱਕੇ ਹਨ। ਦੋ ਪ੍ਰਮੁੱਖ ਵਿਦਿਆਰਥੀ ਆਗੂ ਮਹਿਮੂਦ ਖਲੀਲ ਅਤੇ ਮੋਹਸਿਨ ਮਦਾਵੀ ਨੂੰ ਵੀ ਇੰਮੀਗ੍ਰੇਸ਼ਨ ਵਾਲੇ ਗ੍ਰਿਫ਼ਤਾਰ ਕਰ ਕੇ ਲੈ ਗਏ ਸਨ ਜਿਨ੍ਹਾਂਵਿਚੋਂ ਮਹਿਮੂਦ ਖਲੀਲ ਗਰੀਨ ਕਾਰਡ ਹੋਲਡਰ ਹੈ। ਰੋਸ ਵਿਖਾਵਿਆਂ ਕਰ ਕੇ ਹੀ ਕੋਲੰਬੀਆ ਯੂਨੀਵਰਸਿਟੀ ਦਾ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਪੇਚਾ ਪਿਆ ਅਤੇ ਹਦਾਇਤਾਂ ਦੀ ਪਾਲਣਾ ਨਾ ਕਰਨ ’ਤੇ ਲੱਖਾਂ ਡਾਲਰ ਦੀ ਗਰਾਂਟ ਰੋਕਣ ਦੀ ਧਮਕੀ ਦਿਤੀ ਗਈ। ਨਿਊ ਯਾਰਕ ਦੇ ਮੇਅਰ ਵੱਲੋਂ ਵਿਦਿਆਰਥੀਆਂ ਦੇ ਮਾਪਿਆਂ ਨੂੰ ਭੇਜੇ ਸੁਨੇਹੇ ਵਿਚ ਕਿਹਾ ਗਿਆ ਹੈ ਕਿ ਕਾਨੂੰਨ ਤੋੜਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਕਿਉਂਕਿ ਹਿੰਸਕ ਰੋਸ ਵਿਖਾਵਿਆਂ ਨਾਲ ਯਹੂਦੀਆਂ ਵਿਚ ਡਰ ਦਾ ਮਾਹੌਲ ਪੈਦਾ ਹੁੰਦਾ ਹੈ।