ਅਮਰੀਕਾ ’ਚ ਇੰਮੀਗ੍ਰੇਸ਼ਨ ਛਾਪਿਆਂ ਦੌਰਾਨ ਹਿੰਸਾ, ਸੈਂਕੜੇ ਪ੍ਰਵਾਸੀ ਕਾਬੂ
ਅਮਰੀਕਾ ਵਿਚ ਇੰਮੀਗ੍ਰੇਸ਼ਨ ਛਾਪਿਆਂ ਦੌਰਾਨ ਹਿੰਸਕ ਟਕਰਾਅ ਆਮ ਵਰਤਾਰਾ ਬਣ ਚੁੱਕਾ ਹੈ ਜਿਥੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਕਾਬੂ ਕਰਦਿਆਂ ਹੰਝੂ ਗੈਸ ਦੇ ਗੋਲੇ ਵੀ ਦਾਗੇ ਗਏ।
ਕੈਲੇਫੋਰਨੀਆ : ਅਮਰੀਕਾ ਵਿਚ ਇੰਮੀਗ੍ਰੇਸ਼ਨ ਛਾਪਿਆਂ ਦੌਰਾਨ ਹਿੰਸਕ ਟਕਰਾਅ ਆਮ ਵਰਤਾਰਾ ਬਣ ਚੁੱਕਾ ਹੈ ਅਤੇ ਤਾਜ਼ਾ ਮਾਮਲੇ ਕੈਲੇਫੋਰਨੀਆ ਵਿਚ ਸਾਹਮਣੇ ਆਏ ਜਿਥੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਕਾਬੂ ਕਰਦਿਆਂ ਹੰਝੂ ਗੈਸ ਦੇ ਗੋਲੇ ਵੀ ਦਾਗੇ ਗਏ। ਪਹਿਲਾ ਮਾਮਲਾ ਕਾਰਪਨਟੈਰੀਆ ਦੇ ਖੇਤਾਂ ਵਿਚ ਸਾਹਮਣੇ ਆਇਆ ਜਿਥੇ 100 ਤੋਂ ਵੱਧ ਪ੍ਰਵਾਸੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਵੱਖ ਵੱਖ ਸਰੋਤਾਂ ਰਾਹੀਂ ਸਾਹਮਣੇ ਆ ਰਹੀਆਂ ਵੀਡੀਓਜ਼ ਵਿਚ ਦੇਖਿਆ ਜਾ ਸਕਦਾ ਹੈ ਕਿ ਆਪਣੇਸ ਸਾਥੀਆਂ ਦੀ ਗ੍ਰਿਫ਼ਤਾਰੀ ਦਾ ਪ੍ਰਵਾਸੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਲੌਸ ਐਂਜਲਸ ਤੋਂ 90 ਮੀਲ ਦੱਖਣ ਪੱਛਮ ਵੱਲ ਕਾਰਪਨਟੈਰੀਆ ਤੋਂ ਇਲਾਵਾ ਵੈਂਚੁਰਾ ਕਾਊਂਟੀ ਦੇ ਕੈਮਾਰਿਲੋ ਕਸਬੇ ਵਿਚ ਵੀ ਛਾਪੇ ਮਾਰੇ ਗਏ ਜਦਕਿ ਸੈਨ ਫਰਾਂਸਿਸਕੋ ਦੇ ਅਦਾਲਤੀ ਕੰਪਲੈਕਸ ਵਿਚ ਧੱਕਾਮੁੱਕੀ ਦੀਆਂ ਤਸਵੀਰਾਂ ਵੱਖਰੇ ਤੌਰ ’ਤੇ ਸਾਹਮਣੇ ਆਈਆਂ।
ਕੈਲੇਫੋਰਨੀਆ ਦੇ ਖੇਤਾਂ ਵਿਚ ਵੱਡੇ ਪੱਧਰ ’ਤੇ ਕਾਰਵਾਈ
ਛਾਪਿਆਂ ਦੌਰਾਨ ਇੰਮੀਗ੍ਰੇਸ਼ਨ ਵਾਲਿਆਂ ਦੀ ਮਦਦ ਹਥਿਆਰਬੰਦ ਨੈਸ਼ਨਲ ਗਾਰਡਜ਼ ਕਰ ਰਹੇ ਸਨ। ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਉਰਿਟੀ ਵੱਲੋਂ ਜਾਰੀ ਬਿਆਨ ਮੁਤਾਬਕ ਕਾਨੂੰਨ ਦੀ ਪਾਲਣਾ ਕਰਦਿਆਂ ਭੰਗ ਦੇ ਖੇਤਾਂ ਵਿਚ ਛਾਪਾ ਮਾਰਿਆ ਗਿਆ। ਉਧਰ ਕਾਰਪਨਟੈਰੀਆ ਤੋਂ ਹਾਊਸ ਆਫ਼ ਰਿਪ੍ਰਜ਼ੈਂਟੇਟਿਵਜ਼ ਦੇ ਮੈਂਬਰ ਸਾਲਦ ਕਰਬਾਜਾਲ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਛਾਪੇ ਵਾਲੀ ਥਾਂ ਵੱਲ ਜਾਣ ਤੋਂ ਰੋਕ ਦਿਤਾ ਗਿਆ ਜਦਕਿ ਕਾਨੂੰਨੀ ਤੌਰ ’ਤੇ ਅਜਿਹਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦੱਸਿਆ ਕਿ 50 ਤੋਂ ਵੱਧ ਆਈਸ ਏਜੰਟ ਛਾਪੇ ਵਿਚ ਸ਼ਾਮਲੀ ਹੋਏ ਜਿਨ੍ਹਾਂ ਵੱਲੋਂ ਖੇਤੀ ਕਾਮਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਇਸੇ ਦੌਰਾਨ ਮੌਕੇ ’ਤੇ ਮੌਜੂਦ ਸਿਟੀ ਕੌਂਸਲ ਦੇ 2 ਮੈਂਬਰਾਂ ਵਿਚੋਂ ਇਕ ਧੱਕਾਮੁੱਕੀ ਦੌਰਾਨ ਸੜਕ ’ਤੇ ਡਿੱਗ ਕੇ ਜ਼ਖਮੀ ਹੋ ਗਿਆ। ਦੂਜੇ ਪਾਸੇ ਕੈਮਾਰਿਲੋ ਵਿਖੇ ਗੋਲੀ ਚੱਲਣ ਦੀ ਰਿਪੋਰਟ ਹੈ। ਸੈਨ ਫਰਾਂਸਿਸਕੋ ਦਾ ਜ਼ਿਕਰ ਕੀਤਾ ਜਾਵੇ ਤਾਂ ਮੁਜ਼ਹਾਰਾਕਾਰੀਆਂ ਅਤੇ ਇੰਮੀਗ੍ਰੇਸ਼ਨ ਅਫ਼ਸਰਾਂ ਦਰਮਿਆਨ ਟਕਰਾਅ ਦੇਖਣ ਨੂੰ ਮਿਲਿਆ। ਮੁਜ਼ਾਹਰਾਕਾਰੀ, ਪ੍ਰਵਾਸੀਆਂ ਨੂੰ ਹਿਰਾਸਤ ਵਿਚ ਲੈਣ ਦਾ ਵਿਰੋਧ ਕਰ ਰਹੇ ਸਨ ਪਰ ਆਈਸ ਦੇ ਅਫ਼ਸਰਾਂ ਨੇ ਉਨ੍ਹਾਂ ਨੂੰ ਦਰਵਾਜ਼ੇ ਤੋਂ ਦੂਰ ਕਰ ਦਿਤਾ। ਬਿਲਕੁਲ ਇਹੋ ਨਜ਼ਾਰਾ ਸੜਕ ’ਤੇ ਦੇਖਣ ਨੂੰ ਮਿਲਿਆ ਜਿਥੇ ਮੁਜ਼ਾਹਰਾਕਾਰੀ ਆਈਸ ਵਾਲਿਆਂ ਦੀ ਗੱਡੀ ਦੇ ਅੱਗੇ ਆ ਗਏ ਅਤੇ ਇਕ ਜਣਾ ਬੋਨਟ ’ਤੇ ਲਟਕ ਗਿਆ। ਨੈਸ਼ਨਲ ਗਾਰਡਜ਼ ਦਾ ਇਕ ਸਿਪਾਹੀ ਬੰਦੂਕ ਰਾਹੀਂ ਮੁਜ਼ਾਹਰਕਾਰੀਆਂ ਨੂੰ ਚਿਤਾਵਨੀ ਵੀ ਦੇ ਰਿਹਾ ਸੀ।
ਮੁਹੰਮਦ ਖਲੀਲ ਵੱਲੋਂ ਟਰੰਪ ਸਰਕਾਰ ਵਿਰੁੱਧ 20 ਮਿਲੀਅਨ ਡਾਲਰ ਦਾ ਮੁਕੱਦਮਾ
ਉਧਰ ਆਈਸ ਦੀ ਹਿਰਾਸਤ ਵਿਚੋਂ ਰਿਹਾਅ ਹੋਏ ਕੋਲੰਬੀਆ ਯੂਨੀਵਰਸਿਟੀ ਦੇ ਮੁਹੰਮਦ ਖਲੀਲ ਵੱਲੋਂ ਟਰੰਪ ਸਰਕਾਰ ਵਿਰੁੱਧ 20 ਮਿਲੀਅਨ ਡਾਲਰ ਹਰਜਾਨੇ ਦਾ ਮੁਕੱਦਮਾ ਦਾਇਰ ਕੀਤਾ ਗਿਆ ਹੈ। ਮੈਨਹਟਨ ਦੇ ਅਪਾਰਟਮੈਂਟ ਵਿਚ ਆਪਣੇ 10 ਹਫ਼ਤੇ ਦੇ ਬੱਚੇ ਨਾਲ ਮੌਜੂਦ ਖਲੀਲ ਨੇ ਕਿਹਾ ਕਿ ਉਹ ਆਪਣੇ ਨਾਲ ਹੋਏ ਸਲੂਕ ਨੂੰ ਬਿਲਕੁਲ ਨਹੀਂ ਭੁਲਾ ਸਕਦਾ। ਖਲੀਲ ਦੇ ਵਕੀਲਾਂ ਨੇ ਮੁਕੱਦਮੇ ਵਿਚ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਮੁਵੱਕਲ ਨੂੰ ਬੇਬੁਨਿਆਦ ਤੱਥਾਂ ਦੇ ਆਧਾਰ ’ਤੇ ਗ੍ਰਿਫ਼ਤਾਰ ਕਰਦਿਆਂ ਡਿਪੋਰਟ ਕਰਨ ਦਾ ਯਤਨ ਕੀਤਾ ਗਿਆ। ਮੌਜੂਦਾ ਸਰਕਾਰ ਆਪਣੀ ਤਾਕਤ ਦੀ ਦੁਰਵਰਤੋਂ ਕਰ ਰਹੀ ਹੈ ਅਤੇ ਜਵਾਬਦੇਹੀ ਤੈਅ ਕਰਨ ਨੂੰ ਤਿਆਰ ਨਹੀਂ। ਮੁਹੰਮਦ ਖਲੀਲ ਨੇ ਦੱਸਿਆ ਕਿ ਸਰਕਾਰ ਤੋਂ ਮਿਲਣ ਵਾਲੇ ਹਰਜਾਨੇ ਦੀ ਰਕਮ ਨੂੰ ਹੋਰਨਾਂ ਪੀੜਤਾਂ ਨਾਲ ਸਾਂਝਾ ਕੀਤਾ ਜਾਵੇਗਾ। ਦੂਜੇ ਪਾਸੇ ਗ੍ਰਹਿ ਸੁਰੱਖਿਆ ਮੰਤਰਾਲੇ ਦੀ ਤਰਜਮਾਨ ਟ੍ਰਿਸ਼ੀਆ ਮੈਕਲਾਫ਼ਲਿਨ ਨੇ ਮੁਹੰਮਦ ਖਲੀਲ ਦੇ ਮੁਕੱਦਮੇ ਨੂੰ ਬੇਤੁਕਾ ਕਰਾਰ ਦਿਤਾ ਅਤੇ ਕਿਹਾ ਕਿ ਉਸ ਦਾ ਵਤੀਰਾ ਯਹੂਦੀ ਵਿਦਿਆਰਥੀਆਂ ਲਈ ਖਤਰਾ ਪੈਦਾ ਰਿਹਾ ਹੈ। ਟ੍ਰਿਸ਼ੀਆ ਨੇ ਦਾਅਵਾ ਕੀਤਾ ਕਿ ਸਰਕਾਰ ਦੀ ਕਾਰਵਾਈ ਮੁਕੰਮਲ ਤੌਰ ’ਤੇ ਕਾਨੂੰਨ ਮੁਤਾਬਕ ਕੀਤੀ ਗਈ।