ਅਮਰੀਕਾ ਵਿਚ ਭਾਰਤ ਦੇ ਨਵੇਂ ਰਾਜਦੂਤ ਹੋਣਗੇ ਵਿਨੇ ਮੋਹਨ ਕਵਾਤਰਾ
ਨਵੀਂ ਦਿੱਲੀ : ਸਾਬਕਾ ਵਿਦੇਸ਼ ਸਕੱਤਰ ਵਿਨੇ ਮੋਹਨ ਕਵਾਤਰਾ ਨੂੰ ਅਮਰੀਕਾ ਵਿਚ ਭਾਰਤ ਦਾ ਨਵਾਂ ਰਾਜਦੂਤ ਨਿਯੁਕਤ ਕੀਤਾ ਗਿਆ ਹੈ। ਤਰਨਜੀਤ ਸਿੰਘ ਸੰਧੂ ਦਾ ਕਾਰਜਕਾਲ ਮੁਕੰਮਲ ਹੋਣ ਮਗਰੋਂ ਇਹ ਅਹੁਦਾ ਖਾਲੀ ਪਿਆ ਸੀ ਅਤੇ ਭਾਰਤ ਸਰਕਾਰ ਵੱਲੋਂ ਅਮਰੀਕਾ ਨੂੰ ਤਾਜ਼ਾ ਨਿਯੁਕਤੀ ਬਾਰੇ ਰਸਮੀ ਇਤਲਾਹ ਦੇ ਦਿਤੀ ਗਈ ਹੈ। 1988 ਬੈਚ ਦੇ ਇੰਡੀਅਨ ਫੌਰਨ ਸਰਵਿਸ ਅਫਸਰ ਵਿਨੇ ਮੋਹਨ ਕਵਾਤਰਾ ਵਾਸ਼ਿੰਗਟਨ ਡੀ.ਸੀ. ਵਿਖੇ ਅਹੁਦਾ ਸੰਭਾਲਣਗੇ ਪਰ ਇਸ ਤੋਂ ਪਹਿਲਾਂ ਕੁਝ ਰਸਮੀ ਕਾਰਵਾਈ ਕੀਤੀ ਜਾਣੀ ਬਾਕੀ ਹੈ।
ਤਰਨਜੀਤ ਸਿੰਘ ਸੰਧੂ ਦੀ ਸੇਵਾ ਮੁਕਤੀ ਮਗਰੋਂ ਖਾਲੀ ਪਿਆ ਸੀ ਅਹੁਦਾ
ਅਪ੍ਰੈਲ 2022 ਵਿਚ ਵਿਦੇਸ਼ ਸਕੱਤਰ ਵਜੋਂ ਸੇਵਾ ਆਰੰਭ ਕਰਨ ਵਾਲੇ ਵਿਨੇ ਮੋਹਨ ਕਵਾਤਰਾ ਬੀਤੀ 15 ਜੁਲਾਈ ਸੇਵਾ ਮੁਕਤ ਹੋਏ ਅਤੇ ਉਨ੍ਹਾਂ ਦੀ ਥਾਂ ਵਿਕਰਮ ਮਿਸਰੀ ਨੂੰ ਵਿਦੇਸ਼ ਸਕੱਤਰ ਨਿਯੁਕਤ ਕੀਤਾ ਗਿਆ। ਨਵੇਂ ਰਾਜਦੂਤ ਦੀ ਨਿਯੁਕਤੀ ਅਜਿਹੇ ਸਮੇਂ ਕੀਤੀ ਗਈ ਹੈ ਜੋ ਭਾਰਤ ਅਤੇ ਅਮਰੀਕਾ ਦੇ ਰਿਸ਼ਤਿਆਂ ਵਿਚ ਰੂਸ ਦੇ ਮੁੱਦੇ ’ਤੇ ਨਾਖੁਸ਼ੀ ਵਾਲਾ ਮਾਹੌਲ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੂਸ ਦੌਰੇ ਤੋਂ ਅਮਰੀਕਾ ਨਾਖੁਸ਼ ਹੈ ਜਦਕਿ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਦੇ ਮਾਮਲੇ ਤਹਿਤ ਭਾਰਤੀ ਨਾਗਰਿਕ ਨਿਖਿਲ ਗੁਪਤਾ ਦੀ ਗ੍ਰਿਫ਼ਤਾਰੀ ਅਤੇ ਇਕ ਭਾਰਤੀ ਅਫਸਰ ਦੀ ਕਥਿਤ ਸ਼ਮੂਲੀਅਤ ਦਾ ਮਾਮਲਾ ਵੀ ਭਖਿਆ ਹੋਇਆ ਹੈ।