America : 5 ਭਾਰਤੀਆਂ ਨੇ ਲੁੱਟਿਆ 55 ਮਿਲੀਅਨ ਡਾਲਰ ਦਾ gold
ਅਮਰੀਕਾ ਵਿਚ ਭਾਰਤੀ ਸੁਨਿਆਰਿਆਂ ’ਤੇ ਵੱਜੇ ਛਾਪਿਆਂ ਦੌਰਾਨ 55 ਮਿਲੀਅਨ ਡਾਲਰ ਦਾ ਘਪਲਾ ਸਾਹਮਣੇ ਆਇਆ ਹੈ ਅਤੇ ਪੰਜ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ
ਡੈਲਸ : ਅਮਰੀਕਾ ਵਿਚ ਭਾਰਤੀ ਸੁਨਿਆਰਿਆਂ ’ਤੇ ਵੱਜੇ ਛਾਪਿਆਂ ਦੌਰਾਨ 55 ਮਿਲੀਅਨ ਡਾਲਰ ਦਾ ਘਪਲਾ ਸਾਹਮਣੇ ਆਇਆ ਹੈ ਅਤੇ ਪੰਜ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਟੈਕਸਸ ਦੇ ਅਰਵਿੰਗ ਸ਼ਹਿਰ ਵਿਖੇ ਤਿਲਕ ਜਿਊਲਰਜ਼ ਅਤੇ ਫਰਿਸਕੋ ਵਿਖੇ ਸਾਇਮਾ ਜਿਊਲਰਜ਼ ਵਿਚ ਪੁੱਜੇ ਲਾਅ ਐਨਫ਼ੋਰਸਮੈਂਟ ਅਫ਼ਸਰਾਂ ਨੇ ਕਰੋੜਾਂ ਡਾਲਰ ਨਕਦ ਅਤੇ ਭਾਰੀ ਮਿਕਦਾਰ ਵਿਚ ਸੋਨਾ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ ਜਿਸ ਨੂੰ ਟਿਕਾਣੇ ’ਤੇ ਲਿਜਾਣ ਲਈ ਟਰੱਕ ਮੰਗਵਾਉਣਾ ਪਿਆ। ਕੌਲਿਨ ਕਾਊਂਟੀ ਦੇ ਸ਼ੈਰਿਫ਼ ਦਫ਼ਤਰ ਨੇ ਦੱਸਿਆ ਕਿ 65 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨਾਲ ਲਗਾਤਾਰ ਵੱਜ ਰਹੀਆਂ ਠੱਗੀਆਂ ਮਗਰੋਂ ਪੜਤਾਲ ਆਰੰਭੀ ਗਈ ਅਤੇ ਪੁਲਿਸ ਨੂੰ ਸ਼ੱਕੀਆਂ ਦੀ ਪੈੜ ਨੱਪਣ ਵਿਚ ਇਕ ਸਾਲ ਲੱਗ ਗਿਆ। ਪਿਛਲੇ ਸਾਲ ਅਕਤੂਬਰ ਵਿਚ ਗ੍ਰਿਫ਼ਤਾਰ ਕੀਤੇ ਰਾਧਾਕ੍ਰਿਸ਼ਨਾ ਯੇਰਮਨੇਨੀ ਨੂੰ ਠੱਗਾਂ ਅਤੇ ਧੋਖੇਬਾਜ਼ਾਂ ਦਾ ਸਰਗਣਾ ਦੱਸਿਆ ਜਾ ਰਿਹਾ ਹੈ ਜਦਕਿ ਪ੍ਰੰਜਲ ਜਿਗਨੇਸ਼ ਕੁਮਾਰ ਪਟੇਲ, ਸਿਮਰਜੀਤ ਸਿੰਘ ਗਿੱਲ, ਸਤੀਸ਼ ਅੰਮ੍ਰਿਤਲਾਲ ਕੁਮਾਰ ਪਟੇਲ ਅਤੇ ਅਰਪਿਤ ਦੇਸਾਈ ਵੀਰਵਾਰ ਨੂੰ ਛਾਪਿਆਂ ਦੌਰਾਨ ਗ੍ਰਿਫ਼ਤਾਰ ਕੀਤੇ ਗਏ।
ਬਜ਼ੁਰਗਾਂ ਨੂੰ ਡਰਾ-ਧਮਕਾ ਕੇ ਹਾਸਲ ਕਰਦੇ ਸਨ ਸੋਨਾ
ਜਾਂਚਕਰਤਾਵਾਂ ਨੇ ਦੱਸਿਆ ਕਿ ਠੱਗਾਂ ਵੱਲੋਂ ਬਜ਼ੁਰਗਾਂ ਨੂੰ ਧਮਕੀ ਭਰੀਆਂ ਈਮੇਲਜ਼ ਭੇਜ ਕੇ ਡਰਾਇਆ ਜਾਂਦਾ ਜਿਨ੍ਹਾਂ ਵਿਚ ਠੱਗ ਦਾਅਵਾ ਕਰਦੇ ਕਿ ਤੁਹਾਡੇ ਵਿਰੁੱਧ ਮਨੀ ਲਾਂਡਰਿੰਗ ਜਾਂ ਨਸ਼ਾ ਤਸਕਰੀ ਵਰਗੇ ਗੰਭੀਰ ਦੋਸ਼ ਲੱਗੇ ਹਨ। ਜੇ ਹਦਾਇਤਾਂ ਦੀ ਪਾਲਣਾ ਨਾ ਕੀਤੀ ਗਈ ਤਾਂ ਗ੍ਰਿਫ਼ਤਾਰੀ ਪੱਕੀ ਹੈ। ਹਦਾਇਤਾਂ ਵਿਚ ਬਜ਼ੁਰਗਾਂ ਨੂੰ ਅਕਸਰ ਹੀ ਗੋਲਡ ਬਾਰ ਜਾਂ ਸੋਨੇ ਦੇ ਬਿਸਕੁਟ ਖਰੀਦਣ ਵਾਸਤੇ ਆਖਿਆ ਜਾਂਦਾ। ਬਜ਼ੁਰਗਾਂ ਵੱਲੋਂ ਖਰੀਦਿਆ ਸੋਨਾ ਹਾਸਲ ਕਰਨ ਲਈ ਠੱਗ, ਸਰਕਾਰੀ ਅਫ਼ਸਰ ਬਣ ਕੇ ਉਨ੍ਹਾਂ ਦੇ ਘਰ ਪੁੱਜਦੇ ਅਤੇ ਸਾਰਾ ਸੋਨਾ ਤਿਲਕ ਜਿਊਲਰਜ਼ ਤੇ ਸਾਇਮਾ ਜਿਊਲਰਜ਼ ਤੱਕ ਪਹੁੰਚਾ ਦਿੰਦੇ। ਇਸ ਸੋਨੇ ਨੂੰ ਮੈਲਟ ਕਰ ਕੇ ਗਹਿਣੇ ਬਣਾਏ ਜਾਂਦੇ ਅਤੇ ਗਾਹਕਾਂ ਨੂੰ ਵੇਚ ਦਿਤਾ ਜਾਂਦਾ ਜਦਕਿ ਕੁਝ ਗਹਿਣੇ ਅਮਰੀਕਾ ਤੋਂ ਬਾਹਰ ਵੀ ਭੇਜੇ ਜਾਂਦੇ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਕਰੋੜਾਂ ਡਾਲਰ ਦੇ ਇਸ ਘਪਲੇ ਵਿਚ ਸ਼ਾਮਲ ਹਰ ਮੈਂਬਰ ਨੂੰ ਵੱਖੋ ਵੱਖਰਾ ਹਿੱਸਾ ਮਿਲਦਾ।
ਗਹਿਣੇ ਬਣਾ ਕੇ ਭਾਰਤੀ ਲੋਕਾਂ ਨੂੰ ਹੀ ਵੇਚ ਦਿੰਦੇ
ਪੁਲਿਸ ਵੱਲੋਂ 46 ਸਾਲ ਦੇ ਰਾਧਾਕ੍ਰਿਸ਼ਨਾ ਯੇਰਮਨੇਨੀ ਵਿਰੁੱਧ ਬਜ਼ੁਰਗਾਂ ਨਾਲ ਠੱਗੀਆਂ ਅਤੇ ਅਪਰਾਧਕ ਗਿਰੋਹ ਦਾ ਹਿੱਸਾ ਹੋਣ ਦੇ ਦੋਸ਼ ਆਇਦ ਕੀਤੇ ਗਏ ਹਨ ਅਤੇ ਜ਼ਮਾਨਤ ਹਾਸਲ ਕਰਨ ਲਈ ਘੱਟੋ ਘੱਟ 4 ਮਿਲੀਅਨ ਡਾਲਰ ਦਾ ਬੌਂਡ ਭਰਨਾ ਹੋਵੇਗਾ। ਭਾਰਤੀ ਕਰੰਸੀ ਵਿਚ ਇਹ ਰਕਮ 37 ਕਰੋੜ ਰੁਪਏ ਤੋਂ ਵੱਧ ਬਣਦੀ ਹੈ। ਪੁਲਿਸ ਦਾ ਮੰਨਣਾ ਹੈ ਕਿ ਇਕੱਲੀ ਕੌਲਿਨ ਕਾਊਂਟੀ ਵਿਚ ਤਕਰੀਬਨ 200 ਬਜ਼ੁਰਗਾਂ ਤੋਂ 7 ਮਿਲੀਅਨ ਡਾਲਰ ਠੱਗੇ ਗਏ ਜਿਨ੍ਹਾਂ ਵਿਚੋਂ ਇਕ-ਦੋ ਨੇ ਪੂਰੀ ਜ਼ਿੰਦਗੀ ਕੰਮ ਕਰ ਕੇ ਜੋੜੇ 10 ਲੱਖ ਡਾਲਰ ਤੋਂ ਵੱਧ ਗਵਾ ਦਿਤੇ। ਸੂਬਾ ਪੱਧਰ ’ਤੇ ਨੁਕਸਾਨ ਦੀ ਰਕਮ 55 ਮਿਲੀਅਨ ਡਾਲਰ ਮੰਨੀ ਜਾ ਰਹੀ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਕੁਝ ਬਜ਼ੁਰਗ ਨਮੋਸ਼ੀ ਦੇ ਡਰੋਂ ਅੱਗੇ ਨਹੀਂ ਆ ਰਹੇ। ਕੌਲਿਨ ਕਾਊਂਟੀ ਦੇ ਸ਼ੈਰਿਫ਼ ਜਿਮ ਸਕਿਨਰ ਨੇ ਕਿਹਾ ਕਿ ਕੋਈ ਵੀ ਅਪਰਾਧ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਅਤੇ ਬਜ਼ੁਰਗਾਂ ਨਾਲ ਠੱਗੀਆਂ ਕਾਰਨ ਵਾਲੇ ਬਖਸ਼ੇ ਨਹੀਂ ਜਾਣਗੇ। ਉਨ੍ਹਾਂ ਦੱਸਿਆ ਕਿ 4 ਲੱਖ ਡਾਲਰ ਦੀ ਰਕਮ ਪਹਿਲਾਂ ਹੀ ਪੀੜਤਾਂ ਨੂੰ ਵਾਪਸ ਕੀਤੀ ਜਾ ਚੁੱਕੀ ਹੈ ਅਤੇ ਮਾਮਲੇ ਦੇ ਪੜਤਾਲ ਹੁਣ ਵੀ ਜਾਰੀ ਹੈ।