ਅਮਰੀਕਾ ਨੇ ਭਾਰਤੀ ਲੋਕਾਂ ਨੂੰ ਠੱਗ ਟਰੈਵਲ ਏਜੰਟਾਂ ਤੋਂ ਕੀਤਾ ਸੁਚੇਤ
ਕੈਨੇਡਾ ਤੋਂ ਬਾਅਦ ਅਮਰੀਕਾ ਵੱਲੋਂ ਵੀ ਭਾਰਤੀ ਲੋਕਾਂ ਨੂੰ ਵੀਜ਼ੇ ਦੀ ਗਾਰੰਟੀ ਦੇਣ ਵਾਲੇ ਏਜੰਟਾਂ ਤੋਂ ਸੁਚੇਤ ਕੀਤਾ ਗਿਆ ਹੈ
ਨਵੀਂ ਦਿੱਲੀ : ਕੈਨੇਡਾ ਤੋਂ ਬਾਅਦ ਅਮਰੀਕਾ ਵੱਲੋਂ ਵੀ ਭਾਰਤੀ ਲੋਕਾਂ ਨੂੰ ਵੀਜ਼ੇ ਦੀ ਗਾਰੰਟੀ ਦੇਣ ਵਾਲੇ ਏਜੰਟਾਂ ਤੋਂ ਸੁਚੇਤ ਕੀਤਾ ਗਿਆ ਹੈ। ਜੀ ਹਾਂ, ਨਵੀਂ ਦਿੱਲੀ ਸਥਿਤ ਯੂ.ਐਸ. ਅੰਬੈਸੀ ਨੇ ਸ਼ੁੱਕਰਵਾਰ ਨੂੰ ਜਾਰੀ ਐਡਵਾਇਜ਼ਰੀ ਵਿਚ ਕਿਹਾ ਹੈ ਕਿ ਵੀਜ਼ਾ ਪ੍ਰੋਸੈਸਿੰਗ ਵਿਚ ਹੋ ਰਹੀ ਦੇਰ ਦੇ ਮੱਦੇਨਜ਼ਰ ਕੁਝ ਠੱਗ ਟਰੈਵਲ ਏਜੰਟਾਂ ਵੱਲੋਂ ਅਮਰੀਕਾ ਜਾਣ ਦੇ ਇੱਛਕ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸੋਸ਼ਲ ਮੀਡੀਆ ਪਲੈਟਫ਼ਾਰਮ ਐਕਸ ਰਾਹੀਂ ਜਾਰੀ ਸੁਨੇਹੇ ਵਿਚ ਅੰਬੈਸੀ ਨੇ ਕਿਹਾ ਕਿ ਸਮੇਂ ਤੋਂ ਪਹਿਲਾਂ ਵੀਜ਼ਾ ਇੰਟਰਵਿਊ ਜਾਂ ਗਾਰੰਟੀਸ਼ੁਦਾ ਵੀਜ਼ਾ ਦੇ ਲਾਰਿਆਂ ਵਿਚ ਕੋਈ ਨਾ ਆਵੇ ਕਿਉਂਕਿ ਅੰਬੈਸੀ ਵੱਲੋਂ ਅਰਜ਼ੀਆਂ ਦੀ ਪ੍ਰੋਸੈਸਿੰਗ ਪੜਾਅਵਾਰ ਤਰੀਕੇ ਨਾਲ ਹੀ ਕੀਤੀ ਜਾਂਦੀ ਹੈ।
ਨਵੀਂ ਦਿੱਲੀ ਸਥਿਤ ਅੰਬੈਸੀ ਨੇ ਜਾਰੀ ਕੀਤੀ ਐਡਵਾਇਜ਼ਰੀ
ਅੰਬੈਸੀ ਨੇ ਫ਼ੀਸ ਦੇ ਮੁੱਦੇ ’ਤੇ ਵੀ ਲੋਕਾਂ ਨੂੰ ਚੌਕਸ ਕੀਤਾ ਕਿ ਤੈਅਸ਼ੁਦਾ ਰਕਮ ਤੋਂ ਵੱਧ ਫੀਸ ਵਸੂਲ ਨਹੀਂ ਕੀਤੀ ਜਾਂਦੀ ਅਤੇ ਵੱਧ ਰਕਮ ਲੈਂਦਿਆਂ ਅਰਜ਼ੀਆਂ ਦਾ ਜਲਦ ਨਿਪਟਾਰਾ ਕਰਵਾਉਣ ਦਾ ਜ਼ਿਕਰ ਕਰਨ ਵਾਲੇ ਠੱਗ ਹੁੰਦੇ ਹਨ। ਅੰਬੈਸੀ ਨੇ ਅੱਗੇ ਕਿਹਾ ਕਿ ਆਪਣੀ ਵੀਜ਼ਾ ਅਰਜ਼ੀ ਨਾਲ ਬਿਲਕੁਲ ਦਰੁਸਤ ਜਾਣਕਾਰੀ ਨੱਥੀ ਕੀਤੀ ਜਾਵੇ। ਕੋਈ ਵੀ ਗੁੰਮਰਾਹਕੁਨ ਤੱਥ ਤੁਹਾਡੀ ਅਰਜ਼ੀ ਰੱਦ ਹੋਣ ਦਾ ਕਾਰਨ ਬਣਦਾ ਸਕਦਾ ਹੈ। ਯੂ.ਐਸ. ਅੰਬੈਸੀ ਦੀ ਐਡਵਾਇਜ਼ਰੀ ਅਜਿਹੇ ਸਮੇਂ ਆਈ ਹੈ ਜਦੋਂ ਐਚ-1ਬੀ ਵੀਜ਼ਾ ਨਵਿਆਉਣ ਪੁੱਜੇ ਸੈਂਕੜੇ ਭਾਰਤੀਆਂ ਦੀਆਂ ਇੰਟਰਵਿਊਜ਼ ਬਗੈਰ ਕਿਸੇ ਅਗਾਊਂ ਨੋਟਿਸ ਤੋਂ ਰੱਦ ਕਰ ਦਿਤੀਆਂ ਗਈਆਂ।
ਸੈਂਕੜੇ ਲੋਕਾਂ ਦੀਆਂ ਵੀਜ਼ਾ ਇੰਟਰਵਿਊਜ਼ ਰੱਦ ਹੋਣ ਮਗਰੋਂ ਠੱਗ ਸਰਗਰਮ
ਕੁਝ ਟਰੈਵਲ ਏਜੰਟ ਇਨ੍ਹਾਂ ਲੋਕਾਂ ਨੂੰ ਜਲਦ ਤੋਂ ਜਲਦ ਵੀਜ਼ਾ ਇੰਟਰਵਿਊ ਦਿਵਾਉਣ ਦੇ ਇਵਜ਼ ਵਿਚ ਮੋਟੀਆਂ ਰਕਮਾਂ ਦੀ ਮੰਗ ਕਰ ਰਹੇ ਹਨ ਜਦਕਿ ਵਿਜ਼ਟਰ ਵੀਜ਼ਾ ਵਾਲਿਆਂ ਦਾ ਉਡੀਕ ਸਮਾਂ ਵੀ ਵਧਦਾ ਜਾ ਰਿਹਾ ਹੈ। ਉਧਰ ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਉਰਿਟੀ ਦਾ ਕਹਿਣਾ ਹੈ ਕਿ ਐਚ-1ਬੀ ਵੀਜ਼ਾ ਨਾਲ ਸਬੰਧਤ ਨਵੇਂ ਨਿਯਮ 27 ਫ਼ਰਵਰੀ 2026 ਤੋਂ ਲਾਗੂ ਹੋਣਗੇ ਅਤੇ ਨਵੇਂ ਸਿਰੇ ਤੋਂ ਅਰਜ਼ੀਆਂ ਦਾਇਰ ਕਰਨ ਵਾਲਿਆਂ ਨੂੰ ਇਕ ਲੱਖ ਡਾਲਰ ਦੀ ਫ਼ੀਸ ਅਦਾ ਕਰਨੀ ਹੋਵੇਗੀ।