ਅਮਰੀਕਾ : ਪੰਜਾਬੀ ਟਰੱਕ ਡਰਾਈਵਰ ਦਾ ਕਤਲ, ਸਾਬਕਾ ਪਤਨੀ ਗ੍ਰਿਫ਼ਤਾਰ

ਅਮਰੀਕਾ ਵਿਚ ਪੰਜਾਬੀ ਟਰੱਕ ਡਰਾਈਵਰ ਦੀ ਕਾਤਲ ਉਸ ਦੀ ਸਾਬਕਾ ਪਤਨੀ ਹੀ ਨਿਕਲੀ ਅਤੇ ਅਦਾਲਤੀ ਦਸਤਾਵੇਜ਼ਾਂ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਸ਼ਕ ਵਿਚ ਅੰਨ੍ਹੀ ਹੋਈ ਔਰਤ ਨੇ ਵਾਰਦਾਤ ਕਰਵਾਈ

Update: 2025-12-10 13:34 GMT

ਯੂਟਾਹ : ਅਮਰੀਕਾ ਵਿਚ ਪੰਜਾਬੀ ਟਰੱਕ ਡਰਾਈਵਰ ਦੀ ਕਾਤਲ ਉਸ ਦੀ ਸਾਬਕਾ ਪਤਨੀ ਹੀ ਨਿਕਲੀ ਅਤੇ ਅਦਾਲਤੀ ਦਸਤਾਵੇਜ਼ਾਂ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਸ਼ਕ ਵਿਚ ਅੰਨ੍ਹੀ ਹੋਈ ਔਰਤ ਨੇ ਵਾਰਦਾਤ ਕਰਵਾਈ। ਪੁਲਿਸ ਨੇ ਮਰਹੂਮ ਟਰੱਕ ਡਰਾਈਵਰ ਜਸਪਿੰਦਰ ਸਿੰਘ ਦੀ ਸਾਬਕਾ ਪਤਨੀ ਜਤਿੰਦਰ ਕੌਰ ਪੁਰੇਵਾਲ ਨੂੰ ਗ੍ਰਿਫ਼ਤਾਰ ਕਰਦਿਆਂ ਪਹਿਲੇ ਦਰਜੇ ਦੀ ਹੱਤਿਆ ਦੇ ਦੋਸ਼ ਆਇਦ ਕਰ ਦਿਤੇ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਜਤਿੰਦਰ ਕੌਰ ਦੇ ਕਹਿਣ ’ਤੇ ਜਸਵਿੰਦਰ ਸਿੰਘ ਢਿੱਲੋਂ ਨੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿਤਾ। ਵਾਸ਼ਿੰਗਟਨ ਸੂਬੇ ਨਾਲ ਸਬੰਧਤ ਜਸਵਿੰਦਰ ਸਿੰਘ ਢਿੱਲੋਂ ਨੂੰ ਪੁਲਿਸ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ ਜਿਸ ਨੇ ਗ੍ਰਿਫ਼ਤਾਰੀ ਤੋਂ ਬਾਅਦ ਘੱਟੋ ਘੱਟ 30 ਵਾਰ ਜਤਿੰਦਰ ਕੌਰ ਨੂੰ ਫੋਨ ਕੀਤਾ।ਸਿਰਫ਼ ਐਨਾ ਹੀ ਨਹੀਂ ਜਸਪਿੰਦਰ ਸਿੰਘ ਦੇ ਕਤਲ ਤੋਂ ਤੁਰਤ ਬਾਅਦ ਜਸਵਿੰਦਰ ਅਤੇ ਜਤਿੰਦਰ ਕੌਰ ਦਰਮਿਆਨ 12 ਵੁਆਇਸ ਕਾਲਜ਼ ਅਤੇ ਵੀਡੀਓ ਕਾਲਜ਼ ਹੋਈਆਂ। ਦੱਸ ਦੇਈਏ ਕਿ ਯੂਟਾਹ ਸੂਬੇ ਦੇ ਡੈਲ ਸ਼ਹਿਰ ਨੇੜੇ ਇੰਟਰਸਟੇਟ 80 ’ਤੇ ਸਤੰਬਰ 2024 ਵਿਚ ਵਾਪਰੇ ਕਤਲਕਾਂਡ ਤਹਿਤ ਜਤਿੰਦਰ ਕੌਰ ਪੁਰੇਵਾਲ ਦੀ ਗ੍ਰਿਫ਼ਤਾਰੀ ਕੈਲੇਫੋਰਨੀਆ ਤੋਂ ਕੀਤੀ ਗਈ ਅਤੇ ਸੈਨ ਵੌਕਿਨ ਕਾਊਂਟੀ ਦੇ ਸ਼ੈਰਿਫ਼ ਦਫ਼ਤਰ ਦੀ ਮਦਦ ਨਾਲ ਉਸ ਨੂੰ ਯੂਟਾਹ ਸੂਬੇ ਦੀ ਟੂਲੀ ਕਾਊਂਟੀ ਜੇਲ ਵਿਚ ਲਿਜਾਇਆ ਗਿਆ।

ਕੈਲਫੋਰਨੀਆ ਤੋਂ ਕਾਬੂ ਕੀਤੀ ਜਤਿੰਦਰ ਕੌਰ ਪੁਰੇਵਾਲ

ਜਤਿੰਦਰ ਕੌਰ ਵਿਰੁੱਧ ਕਤਲ ਤੋਂ ਇਲਾਵਾ ਕਿਡਨੈਪਿੰਗ ਅਤੇ ਨਿਆਂ ਵਿਚ ਅੜਿੱਕੇ ਡਾਹੁਣ ਦੇ ਦੋਸ਼ ਵੀ ਆਇਦ ਕੀਤੇ ਗਏ ਹਨ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਜਸਪਿੰਦਰ ਸਿੰਘ ਦੀ ਬੇਟੀ ਨੇ ਵੀ ਖ਼ਦਸ਼ਾ ਜ਼ਾਹਰ ਕੀਤਾ ਸੀ ਕਿ ਜਤਿੰਦਰ ਕੌਰ ਉਸ ਦੇ ਪਿਤਾ ਦਾ ਕਤਲ ਕਰ ਸਕਦੀ ਹੈ। ਕਤਲਕਾਂਡ ਦੇ ਪ੍ਰਮੁੱਖ ਗਵਾਹ ਮੁਤਾਬਕ ਜਸਪਿੰਦਰ ਸਿੰਘ ਦਾ ਕੈਲੇਫੋਰਨੀਆ ਤੋਂ ਯੂਟਾਹ ਤੱਕ ਘੱਟੋ-ਘੱਟ 300 ਮੀਲ ਪਿੱਛਾ ਕੀਤਾ ਗਿਆ। ਜਸਪਿੰਦਰ ਦੇ ਕਤਲ ਬਾਰੇ ਸਭ ਤੋਂ ਪਹਿਲਾਂ ਉਸ ਦੇ ਸਾਥੀ ਡਰਾਈਵਰ ਨੂੰ ਪਤਾ ਲੱਗਾ ਜਦੋਂ ਉਸ ਨੇ ਟਰੱਕ ਦੇ ਸਲੀਪਿੰਗ ਏਰੀਆ ਵਿਚ ਜਸਪਿੰਦਰ ਸਿੰਘ ਦੀ ਲਾਸ਼ ਦੇਖੀ। ਜਸਪਿੰਦਰ ਦੇ ਟਰੱਕ ਦਾ ਜੀ.ਪੀ.ਐਸ. ਸਿਸਟਮ ਕੰਮ ਨਹੀਂ ਸੀ ਕਰ ਰਿਹਾ ਅਤੇ ਉਸ ਦਾ ਸਾਥੀ ਡਰਾਈਵਰ ਸਮੱਸਿਆ ਪਤਾ ਕਰਨ ਵਾਸਤੇ ਉਸ ਦੇ ਟਰੱਕ ਵਿਚ ਦਾਖਲ ਹੋਇਆ। ਦੂਜੇ ਪਾਸੇ ਜਾਂਚਕਰਤਾਵਾਂ ਨੇ ਦੱਸਿਆ ਕਿ ਡੈਲ ਸ਼ਹਿਰ ਦੇ ਸਿੰਕਲੇਅਰ ਇਲਾਕੇ ਤੋਂ ਸੀ.ਸੀ.ਟੀ.ਵੀ. ਫੁਟੇਜ ਹਾਸਲ ਕੀਤੀ ਗਈ ਅਤੇ ਜਸਪਿੰਦਰ ਸਿੰਘ ਦੇ ਸਾਥੀ ਡਰਾਈਵਰ ਦੇ ਡੈਸ਼ਕੈਮ ਦੀ ਵੀਡੀਓ ਨੂੰ ਵੀ ਡੂੰਘਾਈ ਨਾਲ ਘੋਖਿਆ ਗਿਆ। ਵੀਡੀਓ ਤੋਂ ਪਤਾ ਲਗਦਾ ਹੈ ਕਿ ਜਸਪਿੰਦਰ ਸਿੰਘ ਦਾ ਟਰੱਕ ਵੱਡੇ ਤੜਕੇ ਤਕਰੀਬਨ ਸਾਢੇ ਤਿੰਨ ਵਜੇ ਗੈਸ ਸਟੇਸ਼ਨ ਵਿਚ ਦਾਖਲ ਹੁੰਦਾ ਹੈ ਅਤੇ ਇਕ ਚਿੱਟੇ ਰੰਗ ਦੀ ਮਰਸਡੀਜ਼ ਪਾਰਕਿੰਗ ਲੌਟ ਵਿਚ ਹੌਲੀ ਹੌਲੀ ਅੱਗੇ ਵਧਦੀ ਨਜ਼ਰ ਆਉਂਦੀ ਹੈ।

ਪ੍ਰੇਮੀ ਨਾਲ ਰਲ ਕੇ 2024 ਵਿਚ ਕੀਤੀ ਸੀ ਜਸਪਿੰਦਰ ਸਿੰਘ ਦੀ ਹੱਤਿਆ

ਜਸਪਿੰਦਰ ਸਿੰਘ ਟਰੱਕ ਲੈ ਕੇ ਗੈਸ ਸਟੇਸ਼ਨ ਤੋਂ ਨਿਕਲਦਾ ਹੈ ਤਾਂ ਗੱਡੀ ਵੀ ਉਸ ਦੇ ਪਿੱਛੇ ਜਾਂਦੀ ਹੈ। ਕੁਝ ਦੇਰ ਬਾਅਦ ਗੱਡੀ ਵਿਚੋਂ ਇਕ ਸ਼ਖਸ ਬਾਹਰ ਨਿਕਲ ਕੇ ਜਸਪਿੰਦਰ ਸਿੰਘ ਦੇ ਟਰੱਕ ਵੱਲ ਵਧਦਾ ਹੈ। ਜਾਂਚਕਰਤਾਵਾਂ ਨੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰਨ ਲਈ ਜਸਪਿੰਦਰ ਸਿੰਘ ਦਾ ਜੀ.ਪੀ.ਐਸ. ਡਾਟਾ ਹਾਸਲ ਕੀਤਾ ਜਿਸ ਤੋਂ ਪਤਾ ਲੱਗਾ ਕਿ ਉਹ ਗੈਸ ਸਟੇਸ਼ਨ ਤੋਂ ਇੰਟਰਸਟੇਟ 80 ’ਤੇ ਚੜ੍ਹ ਗਿਆ ਅਤੇ ਡੈਲ ਦੇ ਪੂਰਬ ਵੱਲ ਇਕ ਮੋੜ ਮੁੜਿਆ। ਇਸ ਮਗਰੋਂ ਟਰੱਕ ਵਾਪਸ ਆਇਆ ਅਤੇ ਪੱਛਮ ਵੱਲ ਚਲਾ ਗਿਆ। ਟਰੱਕ ਮੁੜ ਡੈਲ ਸ਼ਹਿਰ ਵੱਲ ਆਉਂਦਾ ਹੈ ਅਤੇ ਇਕ ਰੈਂਪ ’ਤੇ ਖੜਾ ਹੋ ਜਾਂਦਾ ਹੈ। ਸਿਰਫ ਐਨਾ ਹੀ ਨਹੀਂ ਜਸਪਿੰਦਰ ਸਿੰਘ ਦਾ ਟਰੱਕ ਅਤੇ ਚਿੱਟੀ ਮਰਸਡੀਜ਼ ਕਾਰ ਯੂਟਾਹ ਅਤੇ ਨੇਵਾਡਾ ਦੇ ਬਾਰਡਰ ’ਤੇ ਲੱਗੇ ਕੈਮਰਿਆਂ ਵਿਚ ਵੀ ਨਜ਼ਰ ਆਏ ਜਦਕਿ ਕਈ ਘੰਟੇ ਪਹਿਲਾਂ ਵੈਲਜ਼ ਦੇ ਗੈਸ ਸਟੇਸ਼ਨ ’ਤੇ ਵੀ ਟਰੱਕ ਅਤੇ ਚਿੱਟੀ ਮਰਸਡੀਜ਼ ਨਜ਼ਰ ਆਏ। ਤਿੰਨੋ ਮੌਕਿਆਂ ’ਤੇ ਚਿੱਟੀ ਮਰਸਡੀਜ਼ ਜਸਪਿੰਦਰ ਸਿੰਘ ਦੇ ਟਰੱਕ ਦਾ ਪਿੱਛਾ ਕਰ ਰਹੀ ਸੀ। ਪੁਲਿਸ ਨੇ ਲਾਇਸੰਸ ਪਲੇਟ ਦੇ ਆਧਾਰ ’ਤੇ ਪਤਾ ਕੀਤਾ ਤਾਂ ਗੱਡੀ ਜਸਵਿੰਦਰ ਸਿੰਘ ਢਿੱਲੋਂ ਦੇ ਨਾਂ ਦਰਜ ਸੀ ਅਤੇ ਗੱਡੀ ਚਲਾ ਰਹੇ ਸ਼ਖਸ ਦੀ ਸਰੀਰਕ ਬਣਤਰ ਵੀ ਜਸਵਿੰਦਰ ਸਿੰਘ ਢਿੱਲੋਂ ਨਾਲ ਮੇਲ ਖਾ ਗਈ।

Tags:    

Similar News