ਅਮਰੀਕਾ : ਵੀਜ਼ਾ ਧੋਖਾਧੜੀ ਦੇ ਮਾਮਲੇ ’ਚ ਭਾਰਤੀ ਨੂੰ ਕੈਦ

ਅਮਰੀਕਾ ਦੇ ‘ਯੂ ਵੀਜ਼ਾ’ ਲਈ ਫ਼ਰਜ਼ੀ ਡਾਕੇ ਮਾਰਨ ਅਤੇ ਇੰਮੀਗ੍ਰੇਸ਼ਨ ਧੋਖਾਧੜੀ ਦੇ ਮਾਮਲਿਆਂ ਵਿਚ ਘਿਰੇ ਰਾਮਭਾਈ ਪਟੇਲ ਨੂੰ 20 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ ਹੈ

Update: 2025-08-29 12:43 GMT

ਬੋਸਟਨ : ਅਮਰੀਕਾ ਦੇ ‘ਯੂ ਵੀਜ਼ਾ’ ਲਈ ਫ਼ਰਜ਼ੀ ਡਾਕੇ ਮਾਰਨ ਅਤੇ ਇੰਮੀਗ੍ਰੇਸ਼ਨ ਧੋਖਾਧੜੀ ਦੇ ਮਾਮਲਿਆਂ ਵਿਚ ਘਿਰੇ ਰਾਮਭਾਈ ਪਟੇਲ ਨੂੰ 20 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ ਹੈ ਅਤੇ ਸਜ਼ਾ ਮੁਕੰਮਲ ਹੋਣ ਮਗਰੋਂ ਡਿਪੋਰਟ ਕਰ ਦਿਤਾ ਜਾਵੇਗਾ। ਅਦਾਲਤ ਵੱਲੋਂ 8 ਲੱਖ 50 ਹਜ਼ਾਰ ਡਾਲਰ ਦੀ ਰਕਮ ਜ਼ਬਤ ਕਰਨ ਦੇ ਹੁਕਮ ਵੀ ਦਿਤੇ ਗਏ ਜੋ ਰਾਮਭਾਈ ਨੇ ਧੋਖਾਧੜੀ ਰਾਹੀਂ ਹਾਸਲ ਕੀਤੀ। ਰਾਮਭਾਈ ਦੇ ਸਾਥੀ ਬਲਵਿੰਦਰ ਸਿੰਘ ਨੂੰ ਸਜ਼ਾ ਦਾ ਐਲਾਨ 24 ਸਤੰਬਰ ਨੂੰ ਕੀਤਾ ਜਾਵੇਗਾ।

ਫ਼ਰਜ਼ੀ ਡਾਕਿਆਂ ਨਾਲ ਚੱਲ ਰਿਹਾ ਸੀ ‘ਯੂ-ਵੀਜ਼ਾ’ ਦਾ ਧੰਦਾ

ਅਦਾਲਤੀ ਦਸਤਾਵੇਜ਼ਾਂ ਮੁਤਾਬਕ ਰਾਮਭਾਈ ਅਤੇ ਬਲਵਿੰਦਰ ਸਿੰਘ ਨੇ ਸਟੋਰ ਮਾਲਕਾਂ ਦੀ ਮਿਲੀਭੁਗਤ ਨਾਲ ਘੱਟੋ ਘੱਟ 18 ਡਾਕੇ ਮਾਰੇ ਜਿਨ੍ਹਾਂ ਵਿਚੋਂ ਪੰਜ ਮੈਸਾਚਿਊਸੈਟਸ ਸੂਬੇ ਵਿਚ ਸਾਹਮਣੇ ਆਏ। ਡਾਕੇ ਦੀਆਂ ਵਾਰਦਾਤਾਂ 2023 ਵਿਚ ਸ਼ੁਰੂ ਹੋਈਆਂ ਅਤੇ ਹਰ ਵਾਰ ਸਟੋਰ ਦੇ ਮੁਲਾਜ਼ਮ ਲੁਟੇਰਿਆਂ ਦੇ ਫਰਾਰ ਹੋਣ ਤੋਂ ਪੰਜ ਮਿੰਟ ਬਾਅਦ ਪੁਲਿਸ ਨੂੰ ਕਾਲ ਕਰਦੇ। ਅਸਲ ਵਿਚ ਇਨ੍ਹਾਂ ਵਾਰਦਾਤਾਂ ਦੀ ਸਾਜ਼ਿਸ਼ ਸਟੋਰ ਮੁਲਾਜ਼ਮਾਂ ਨੂੰ ‘ਯੂ ਵੀਜ਼ਾ’ ਦਿਵਾਉਣ ਲਈ ਘੜੀ ਗਈ ਜਿਨ੍ਹਾਂ ਨੇ ਰਾਮਭਾਈ ਅਤੇ ਬਲਵਿੰਦਰ ਸਿੰਘ ਨੂੰ ਹਜ਼ਾਰਾਂ ਡਾਲਰ ਅਦਾਇਗੀ ਕੀਤੀ। ਅਮਰੀਕਾ ਦੇ ਇੰਮੀਗ੍ਰੇਸ਼ਨ ਨਿਯਮਾਂ ਮੁਤਾਬਕ ਕਿਸੇ ਸਟੋਰ ’ਤੇ ਡਾਕਾ ਪੈਣ ਦੀ ਸੂਰਤ ਵਿਚ ਉਥੇ ਕੰਮ ਕਰਦੇ ਮੁਲਾਜ਼ਮਾਂ ਨੂੰ ਮਾਨਸਿਕ ਜਾਂ ਸਰੀਰਕ ਤੌਰ ’ਤੇ ਪੀੜਤ ਮੰਨਿਆ ਜਾਂਦਾ ਹੈ ਅਤੇ ਚਾਰ ਸਾਲ ਤੱਕ ਮੁਲਕ ਵਿਚ ਰਹਿਣ ਦੀ ਇਜਾਜ਼ਤ ਮਿਲ ਜਾਂਦੀ ਹੈ। ਡਾਕਿਆਂ ਦੀ ਸੀ.ਸੀ.ਟੀ.ਵੀ. ਫੁਟੇਜ ਵਿਚ ਦੇਖਿਆ ਜਾ ਸਕਦਾ ਹੈ ਕਿ ਇਕ ਫਰਜ਼ੀ ਲੁਟੇਰਾ ਹਥਿਆਰ ਲਹਿਰਾਉਂਦਾ ਹੋਇਆ ਸਟੋਰ ਅੰਦਰ ਦਾਖਲ ਹੁੰਦਾ ਹੈ ਅਤੇ ਨਕਦੀ ਲੁੱਟ ਕੇ ਫਰਾਰ ਹੋ ਜਾਂਦਾ ਹੈ।

ਬਲਵਿੰਦਰ ਸਿੰਘ ਨੂੰ ਸਜ਼ਾ ਦਾ ਐਲਾਨ 24 ਸਤੰਬਰ ਨੂੰ

ਰਾਮਭਾਈ ਪਟੇਲ ਨੂੰ ਨਿਊ ਯਾਰਕ ਦੇ ਕੁਈਨਜ਼ ਇਲਾਕੇ ਅਤੇ ਬਲਵਿੰਦਰ ਸਿੰਘ ਨੂੰ ਸਿਐਟਲ ਤੋਂ ਗ੍ਰਿਫ਼ਤਾਰ ਕੀਤਾ ਗਿਆ। ਦੱਸ ਦੇਈਏ ਕਿ ਅਮਰੀਕਾ ਦੇ ਸਿਟੀਜ਼ਨਸ਼ਿਪ ਅਤੇ ਇੰਮੀਗ੍ਰੇਸ਼ਨ ਸੇਵਾਵਾਂ ਵਿਭਾਗ ਵੱਲੋਂ ਯੂ-ਵੀਜ਼ਾ ਸਾਲ 2000 ਵਿਚ ਆਰੰਭ ਕੀਤਾ ਗਿਆ ਅਤੇ ਇਸ ਦਾ ਮੁੱਖ ਮਕਸਦ ਹਿੰਸਾ ਪੀੜਤਾਂ ਨੂੰ ਰਾਹਤ ਦੇਣਾ ਸੀ ਪਰ ਕੁਝ ਸ਼ਾਤਰ ਦਿਮਾਗ ਵਾਲੇ ਲੋਕਾਂ ਨੇ ਇਸ ਦਾ ਨਾਜਾਇਜ਼ ਫਾਇਦਾ ਉਠਾਉਣਾ ਸ਼ੁਰੂ ਕਰ ਦਿਤਾ। ਨਿਊ ਯਾਰਕ ਦੇ ਵਸਨੀਕ ਰਾਮਭਾਈ ਪਟੇਲ ਨੇ ਬੀਤੇ ਮਈ ਮਹੀਨੇ ਦੌਰਾਨ ਬੋਸਟਨ ਦੇ ਜ਼ਿਲ੍ਹਾ ਜੱਜ ਦੀ ਅਦਾਲਤ ਵਿਚ ਵੀਜ਼ਾ ਫਰੌਡ ਦੀ ਸਾਜ਼ਿਸ਼ ਦਾ ਦੋਸ਼ ਪ੍ਰਵਾਨ ਕਰ ਲਿਆ ਸੀ। ਮੈਸਾਚਿਊਸੈਟਸ ਦੀ ਅਦਾਲਤ ਵਿਚ ਦਾਇਰ ਦਸਤਾਵੇਜ਼ਾਂ ਮੁਤਾਬਕ ਫ਼ਰਜ਼ੀ ਡਾਕਿਆਂ ਦੇ ਇਸ ਮਾਮਲੇ ਦੀ ਪੜਤਾਲ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਅਤੇ ਇੰਮੀਗ੍ਰੇਸ਼ਨ ਵਿਭਾਗ ਵੱਲੋਂ ਪੈਨਸਿਲਵੇਨੀਆ, ਕੈਂਟਕੀ ਅਤੇ ਟੈਨੇਸੀ ਦੀਆਂ ਲਾਅ ਐਨਫ਼ੋਰਸਮੈਂਟ ਏਜੰਸੀਆਂ ਦੀ ਮਦਦ ਨਾਲ ਕੀਤੀ ਗਈ।

Tags:    

Similar News