ਅਮਰੀਕਾ : ਪਤਨੀ ਦੇ ਕਤਲ ਦੀ ਸਾਜ਼ਿਸ਼ ਘੜਨ ਵਾਲਾ ਭਾਰਤੀ ਕਾਬੂ

ਅਮਰੀਕਾ ਵਿਚ ਭਾਰਤੀ ਮੂਲ ਦੇ ਦਰਸ਼ਨ ਸੋਨੀ ਨੂੰ ਆਪਣੀ ਪਤਨੀ ਦੇ ਕਤਲ ਦੀ ਸਾਜ਼ਿਸ਼ ਘੜਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ।

Update: 2025-05-23 12:30 GMT

ਇੰਡਿਆਨਾਪੌਲਿਸ : ਅਮਰੀਕਾ ਵਿਚ ਭਾਰਤੀ ਮੂਲ ਦੇ ਦਰਸ਼ਨ ਸੋਨੀ ਨੂੰ ਆਪਣੀ ਪਤਨੀ ਦੇ ਕਤਲ ਦੀ ਸਾਜ਼ਿਸ਼ ਘੜਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਇੰਡਿਆਨਾਪੌਲਿਸ ਮੈਟਰੋਪੌਲੀਟਨ ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਪੜਤਾਲ 12 ਮਈ ਨੂੰ ਆਰੰਭ ਹੋਈ ਜਦੋਂ ਇਕ ਅਣਜਾਣ ਸ਼ਖਸ ਨੇ ਫੋਨ ਕਰਦਿਆਂ ਦਾਅਵਾ ਕੀਤਾ ਕਿ ਦਰਸ਼ਨ ਸੋਨੀ ਆਪਣੀ ਪਤਨੀ ਦੇ ਕਤਲ ਦੀ ਸਾਜ਼ਿਸ਼ ਘੜ ਰਿਹਾ ਹੈ। ਸੂਹ ਦੇਣ ਵਾਲੇ ਨੇ ਇਹ ਵੀ ਕਿਹਾ ਕਿ ਦਰਸ਼ਨ ਸੋਨੀ ਵੱਲੋਂ ਆਪਣੀ ਰੀਅਲ ਅਸਟੇਟ ਕੰਪਨੀ ‘ਕੰਪਸ ਪ੍ਰੌਪਰਟੀ ਗਰੁੱਪ’ ਦੇ ਇਕ ਮੁਲਾਜ਼ਮ ਤੋਂ ਮਦਦ ਮੰਗੀ ਗਈ ਹੈ ਅਤੇ ਕਤਲ ਦੀ ਵਾਰਦਾਤ 16 ਮਈ ਨੂੰ ਹੋ ਸਕਦੀ ਹੈ। ਪੁਲਿਸ ਨੇ ਤੁਰਤ ਕਾਰਵਾਈ ਕਰਦਿਆਂ ਕਈ ਸਬੂਤ ਹਾਸਲ ਕਰ ਲਏ ਜਿਨ੍ਹਾਂ ਦੇ ਆਧਾਰ ’ਤੇ 44 ਸਾਲ ਦੇ ਦਰਸ਼ਨ ਸੋਨੀ ਵਿਰੁੱਧ ਕਤਲ ਦੀ ਸਾਜ਼ਿਸ਼ ਘੜਨ, ਇਰਾਦਾ ਕਤਲ ਅਤੇ ਕਤਲ ਦੇ ਦੋਸ਼ ਆਇਦ ਕਰ ਦਿਤੇ।

ਦਰਸ਼ਨ ਸੋਨੀ ਨੂੰ ਇੰਡਿਆਨਾ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਅਦਾਲਤੀ ਦਸਤਾਵੇਜ਼ਾਂ ਮੁਤਾਬਕ ਸੂਹ ਦੇਣ ਵਾਲੇ ਨੇ ਪੁਲਿਸ ਨੂੰ ਦੱਸਿਆ ਕਿ ਦਰਸ਼ਨ ਸੋਨੀ ਸਾਇਲੈਂਸਰ ਖਰੀਦਣਾ ਚਾਹੁੰਦਾ ਸੀ ਅਤੇ ਉਸ ਨੇ ਆਪਣੇ ਮੁਲਾਜ਼ਮ ਦੇ ਘਰੋਂ ਵਿਗ ਹਾਸਲ ਕੀਤੀ। ਦਰਸ਼ਨ ਸੋਨੀ ਵੱਲੋਂ ਜਿਹੜੇ ਮੁਲਾਜ਼ਮ ਨਾਲ ਪਤਨੀ ਦੇ ਕਤਲ ਬਾਰੇ ਗੱਲ ਕੀਤੀ ਗਈ, ਉਸ ਨੇ ਇਸ ਬਾਰੇ ਸੂਹ ਦੇਣ ਵਾਲੇ ਕੋਲ ਜ਼ਿਕਰ ਛੇੜ ਦਿਤਾ। ਮੁਲਾਜ਼ਮ ਨੇ ਪ੍ਰਵਾਨ ਕੀਤਾ ਕਿ ਦਰਸ਼ਨ ਸੋਨੀ ਆਪਣੀ ਪਤਨੀ ਦੀ ਹੱਤਿਆ ਦੇ ਇਵਜ਼ ਵਿਚ ਮੂੰਹ ਮੰਗੀ ਰਕਮ ਦੇਣ ਨੂੰ ਤਿਆਰ ਸੀ। ਉਧਰ ਇੰਡਿਆਨਾ ਮੈਟਰੋਪੌਲੀਟਨ ਪੁਲਿਸ ਨੇ 14 ਮਈ ਨੂੰ ਮੁਲਾਜ਼ਮ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਸਾਰੀ ਕਹਾਣੀ ਬਿਆਨ ਕਰ ਦਿਤੀ। ਮੁਲਾਜ਼ਮ ਨੇ ਪੁਲਿਸ ਨੂੰ ਇਹ ਵੀ ਦੱਸਿਆ ਕਿ ਦਰਸ਼ਨ ਸੋਨੀ ਭਾਰਤ ਤੋਂ ਕਿਸੇ ਕਿਸਮ ਦਾ ਜ਼ਹਿਰ ਖਰੀਦ ਕੇ ਲਿਆਇਆ ਜਿਸ ਦੀ ਵਰਤੋਂ ਪਤਨੀ ਦਾ ਕਤਲ ਕਰਨ ਵਾਸਤੇ ਕਰਨੀ ਸੀ। ਜਾਂਚਕਰਤਾਵਾਂ ਨੂੰ ਇਹ ਵੀ ਪਤਾ ਲੱਗਾ ਕਿ ਦਰਸ਼ਨ ਸੋਨੀ ਅਤੀਤ ਵਿਚ ਆਪਣੀ ਪਤਨੀ ਨੂੰ ਜ਼ਹਿਰ ਦੇਣ ਦਾ ਯਤਨ ਕਰ ਚੁੱਕਾ ਹੈ ਪਰ ਸਫ਼ਲ ਨਾ ਹੋਇਆ। ਇਸੇ ਦੌਰਾਨ ਜਦੋਂ ਪੁਲਿਸ ਨੇ ਦਰਸ਼ਨ ਸੋਨੀ ਦੀ ਪਤਨੀ ਨਾਲ ਗੱਲ ਕੀਤੀ ਤਾਂ ਉਸ ਨੂੰ ਯਾਦ ਆਇਆ ਕਿ ਇਵ ਕਾਰ ਲੂਣ ਵਰਗੇ ਸੁਆਦ ਵਾਲੀ ਕੋਈ ਚੀਜ਼ ਉਸ ਦੇ ਪਤੀ ਨੇ ਖਾਣ ਵਾਸਤੇ ਦਿਤੀ ਸੀ।

ਆਪਣੀ ਕੰਪਨੀ ਦੇ ਮੁਲਾਜ਼ਮ ਤੋਂ ਮੰਗੀ ਸੀ ਮਦਦ

ਇਕ ਹੋਰ ਮੌਕੇ ’ਤੇ ਸਫੈਦ ਰੱਗ ਦਾ ਪਦਾਰਥ ਭਾਂਡਿਆਂ ਨੂੰ ਲੱਗਿਆ ਮਿਲਿਆ ਅਤੇ ਦਰਸ਼ਨ ਸੋਨੀ ਨੇ ਡਿਸ਼ਵਾਸ਼ਰ ਕਹਿ ਕੇ ਮਾਮਲਾ ਰਫ਼ਾ-ਦਫ਼ਾ ਕਰ ਦਿਤਾ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਨਵੰਬਰ 2024 ਦੌਰਾਨ ਦਰਸ਼ਨ ਸੋਨੀ ਦੀ ਪਤਨੀ ਨੂੰ ਨਰਵ ਪੇਨ ਅਤੇ ਸਾਇਐਟੀਕਾ ਵਰਗੀਆਂ ਸਿਹਤ ਸਮੱਸਿਆਵਾਂ ਨੇ ਘੇਰ ਲਿਆ ਜਦਕਿ ਇਸ ਸਾਲ ਫਰਵਰੀ ਵਿਚ ਥਾਇਰੌਇਡ ਦੀ ਸਮੱਸਿਆ ਪੈਦਾ ਹੋ ਗਈ। ਇਸੇ ਦੌਰਾਨ ਪੁਲਿਸ ਨੂੰ ਜਦੋਂ ਦਰਸ਼ਨ ਸੋਨੀ ਅਤੇ ਉਸ ਦੇ ਮੁਲਾਜ਼ਮ ਦੀ 15 ਮਈ ਨੂੰ ਹੋਣ ਵਾਲੀ ਮੁਲਾਕਾਤ ਬਾਰੇ ਪਤਾ ਲੱਗਾ ਤਾਂ ਗੱਡੀ ਵਿਚ ਜੀ.ਪੀ.ਐਸ. ਲਾ ਦਿਤਾ ਗਿਆ ਅਤੇ ਮੁਲਾਜ਼ਮ ਦੀ ਮਦਦ ਨਾਲ ਗੱਲਬਾਤ ਦੀ ਰਿਕਾਰਡਿੰਗ ਵੀ ਹਾਸਲ ਕਰ ਲਈ। ਦਰਸ਼ਨ ਸੋਨੀ ਨੇ ਆਪਣੇ ਮੁਲਾਜ਼ਮ ਨੂੰ ਕਈ ਸਮੱਸਿਆਵਾਂ ਬਾਰੇ ਦੱਸਿਆ ਕਿ ਇਹ ਵੀ ਕਿਹਾ ਕਿ ਉਨ੍ਹਾਂ ਦੇ ਪਰਵਾਰ ਵਿਚ ਤਲਾਕ ਨੂੰ ਬਹੁਤ ਮਾੜਾ ਮੰਨਿਆ ਜਾਂਦਾ ਹੈ ਅਤੇ ਬੱਚਿਆਂ ’ਤੇ ਵੀ ਇਸ ਦਾ ਮਾੜਾ ਅਸਰ ਪਵੇਗਾ। ਹਾਲਾਤ ਦੀ ਗੰਭੀਰਤਾ ਨੂੰ ਵੇਖਦਿਆਂ ਦਰਸ਼ਨ ਸੋਨੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਇਸ ਵੇਲੇ ਉਹ ਹੈਮਿਲਟਨ ਕਾਊਂਟੀ ਜੇਲ ਵਿਚ ਬੰਦ ਹੈ।

Tags:    

Similar News