ਅਮਰੀਕਾ ਦੇ ਇੰਮੀਗ੍ਰੇਸ਼ਨ ਅਫ਼ਸਰਾਂ ਦਾ ਜੱਜ ਨਾਲ ਪੇਚਾ
ਅਮਰੀਕਾ ਵਿਚ ਆਈਸ ਅਫਸਰਾਂ ਦੇ ਹੌਸਲੇ ਐਨੇ ਵਧ ਚੁੱਕੇ ਹਨ ਕਿ ਜੱਜ ਉਨ੍ਹਾਂ ਵਿਰੁੱਧ ਮਾਣਹਾਨੀ ਦੇ ਮੁੁਕੱਦਮੇ ਦਾਇਰ ਕਰਨ ਵਾਸਤੇ ਮਜਬੂਰ ਹਨ;

ਬੋਸਟਨ : ਅਮਰੀਕਾ ਵਿਚ ਆਈਸ ਅਫਸਰਾਂ ਦੇ ਹੌਸਲੇ ਐਨੇ ਵਧ ਚੁੱਕੇ ਹਨ ਕਿ ਜੱਜ ਉਨ੍ਹਾਂ ਵਿਰੁੱਧ ਮਾਣਹਾਨੀ ਦੇ ਮੁੁਕੱਦਮੇ ਦਾਇਰ ਕਰਨ ਵਾਸਤੇ ਮਜਬੂਰ ਹਨ ਜਦਕਿ ਵੱਖ-ਵੱਖ ਸ਼ਹਿਰਾਂ ਦੇ ਪੁਲਿਸ ਮਹਿਕਮਿਆਂ ਵੱਲੋਂ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਹੱਕਾਂ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ। ਜੱਜ ਅਤੇ ਆਈਸ ਅਫ਼ਸਰ ਦਾ ਪੇਚਾ ਬੋਸਟਨ ਦੀ ਅਦਾਲਤ ਵਿਚ ਪਿਆ ਜਿਥੇ ਸਾਦੇ ਕੱਪੜਿਆਂ ਵਿਚ ਮੌਜੂਦ ਬਰਾਇਨ ਸੂਲੀਵੈਨ ਵੱਲੋਂ ਇਕ ਸ਼ੱਕੀ ਗੈਰਕਾਨੂੰਨੀ ਪ੍ਰਵਾਸੀ ਨੂੰ ਕਾਬੂ ਕਰ ਲਿਆ ਗਿਆ।
ਜੱਜ ਨੇ ਦਾਇਰ ਕੀਤਾ ਮਾਣਹਾਨੀ ਦਾ ਮੁਕੱਦਮਾ
ਇੰਮੀਗ੍ਰੇਸ਼ਨ ਅਤੇ ਕਸਟਮਜ਼ ਵਿਭਾਗ ਦਾ ਦਾਅਵਾ ਹੈ ਕਿ ਹਿਰਾਸਤ ਵਿਚ ਲਿਆ ਪ੍ਰਵਾਸੀ 25 ਸਾਲ ਤੋਂ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਰਹਿ ਰਿਹਾ ਹੈ ਅਤੇ ਉਸ ਦਾ ਅਪਰਾਧਕ ਪਿਛੋਕੜ ਵੀ ਹੈ ਜਦਕਿ ਜੱਜ ਮਾਰਕ ਸਮਰਵਿਲ ਨੇ ਕਿਹਾ ਕਿ ਪ੍ਰਵਾਸੀ ਨੂੰ ਨਿਰਪੱਖ ਮੁਕੱਦਮੇ ਦੇ ਅਧਿਕਾਰ ਤੋਂ ਵਾਂਝਾ ਕਰ ਦਿਤਾ ਗਿਆ। ਇਥੇ ਦਸਣਾ ਬਣਦਾ ਹੈ ਕਿ ਆਈਸ ਦੇ ਏਜੰਟਾਂ ਨੇ ਪ੍ਰਵਾਸੀ ਨੂੰ ਪਿਕਅੱਪ ਟਰੱਕ ਵਿਚ ਬਿਠਾਇਆ ਅਤੇ ਰਵਾਨਾ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਹਿਰਾਸਤ ਵਿਚ ਲਏ ਪ੍ਰਵਾਸੀ ਨੂੰ ਪਲੀਮਥ ਦੇ ਡਿਟੈਨਸ਼ਨ ਸੈਂਟਰ ਵਿਚ ਰੱਖਿਆ ਗਿਆ ਹੈ ਪਰ ਜੱਜ ਵੱਲੋਂ ਸੂਲੀਵੈਨ ਵਿਰੁੱਧ ਮਾਣਹਾਨੀ ਦਾ ਮੁਕੱਦਮਾ ਦਾਇਰ ਕਰ ਦਿਤਾ ਗਿਆ। ਬੋਸਟਨ ਨੂੰ ਪ੍ਰਵਾਸੀਆਂ ਦੀ ਪਨਾਹਗਾਹ ਮੰਨਿਆ ਜਾਂਦਾ ਹੈ ਅਤੇ ਡੌਨਲਡ ਟਰੰਪ ਦੇ ਬਾਰਡਰ ਜ਼ਾਰ ਟੌਮ ਹੋਮਨ ਗੈਰਕਾਨੂੰਨੀ ਪ੍ਰਵਾਸੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਚਿਤਾਵਨੀ ਦੇ ਚੁੱਕੇ ਹਨ।