ਅਮਰੀਕਾ ਦੀ ਗ੍ਰਹਿ ਸੁਰੱਖਿਆ ਮੰਤਰੀ ਨੂੰ ਪੈ ਗਏ ਚੋਰ
ਅਮਰੀਕਾ ਵਿਚ ਗੈਰਕਾਨੂੰਨੀ ਤਰੀਕੇ ਨਾਲ ਮੌਜੂਦ ਪ੍ਰਵਾਸੀਆਂ ਨੂੰ ਫੜ ਕੇ ਡਿਪੋਰਟ ਕਰ ਰਹੇ ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਉਰਿਟੀ ਦੀ ਮੁਖੀ ਕ੍ਰਿਸਟੀ ਨੋਇਮ ਚੋਰਾਂ ਦਾ ਸ਼ਿਕਾਰ ਬਣ ਗਈ
ਵਾਸ਼ਿੰਗਟਨ : ਅਮਰੀਕਾ ਵਿਚ ਗੈਰਕਾਨੂੰਨੀ ਤਰੀਕੇ ਨਾਲ ਮੌਜੂਦ ਜਾਂ ਅਪਰਾਧਕ ਪਿਛੋਕੜ ਵਾਲੇ ਪ੍ਰਵਾਸੀਆਂ ਨੂੰ ਫੜ ਕੇ ਡਿਪੋਰਟ ਕਰ ਰਹੇ ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਉਰਿਟੀ ਦੀ ਮੁਖੀ ਕ੍ਰਿਸਟੀ ਨੋਇਮ ਚੋਰਾਂ ਦਾ ਸ਼ਿਕਾਰ ਬਣ ਗਈ। ਜੀ ਹਾਂ, ਵਾਸ਼ਿੰਗਟਨ ਡੀ.ਸੀ. ਦੇ ਇਕ ਰੈਸਟੋਰੈਂਟ ਵਿਚ ਰਾਤ ਦਾ ਖਾਣਾ ਖਾਣ ਪੁੱਜੀ ਕ੍ਰਿਸਟੀ ਨੋਇਮ ਦਾ ਮਹਿੰਗਾ ਪਰਸ ਚੋਰੀ ਹੋ ਗਿਆ ਜਿਸ ਵਿਚ ਤਕਰੀਬਨ 3 ਹਜ਼ਾਰ ਡਾਲਰ ਨਕਦ, ਡਰਾਈਵਿੰਗ ਲਾਇਸੰਸ, ਪਾਸਪੋਰਟ, ਦਵਾਈਆਂ, ਅਪਾਰਟਮੈਂਟ ਦੀਆਂ ਚਾਬੀਆਂ ਅਤੇ ਗ੍ਰਹਿ ਸੁਰੱਖਿਆ ਵਿਭਾਗ ਨਾਲ ਸਬੰਧਤ ਬੈਜ ਮੌਜੂਦ ਸੀ। ਸੀ.ਐਨ.ਐਨ. ਦੀ ਰਿਪੋਰਟ ਮੁਤਾਬਕ ਪੁਲਿਸ ਮਹਿਕਮੇ ਦੇ ਸੂਤਰਾਂ ਨੇ ਦੱਸਿਆ ਕਿ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਚੋਰ ਦੀਆਂ ਤਸਵੀਰਾਂ ਹਾਸਲ ਹੋ ਚੁੱਕੀਆਂ ਹਨ ਅਤੇ ਉਸ ਨੇ ਬਿਲਕੁਲ ਸਾਦੇ ਤਰੀਕੇ ਨਾਲ ਹੈਂਡ ਬੈਗ ਚੋਰੀ ਕੀਤਾ।
ਰੈਸਟੋਰੈਂਟ ਵਿਚੋਂ ਕ੍ਰਿਸਟੀ ਨੋਇਮ ਦਾ ਪਰਸ ਚੋਰੀ
ਬੈਗ ਚੋਰ, ਕ੍ਰਿਸਟੀ ਨੋਇਮ ਅਤੇ ਉਨ੍ਹਾਂ ਦੇ ਪਰਵਾਰ ਵਾਲੇ ਮੇਜ਼ ਤੋਂ ਬਿਲਕੁਲ ਅਗਲੇ ਮੇਜ਼ ’ਤੇ ਬੈਠਾ ਸੀ। ਚੋਰੀ ਨਾਲ ਸਬੰਧਤ ਵੀਡੀਓ ਫੁਟੇਜ ਜਨਤਕ ਨਹੀਂ ਕੀਤੀ ਗਈ ਪਰ ਸੂਤਰਾਂ ਮੁਤਾਬਕ ਚੋਰ ਨੇ ਖੱਬੇ ਪੈਰ ਨਾਲ ਕ੍ਰਿਸਟੀ ਨੋਇਮ ਦਾ ਹੈਂਡ ਬੈਗ ਆਪਣੇ ਵੱਲ ਖਿੱਚਿਆ ਜਦਕਿ ਇੰਮੀਗ੍ਰੇਸ਼ਨ ਅਤੇ ਕਸਟਮਜ਼ ਵਿਭਾਗ ਦੇ ਛਾਪਿਆਂ ਦੀ ਅਗਵਾਈ ਕਰ ਰਹੀ ਡੌਨਲਡ ਟਰੰਪ ਦੀ ਮੰਤਰੀ ਨੂੰ ਪਤਾ ਵੀ ਨਾ ਲੱਗਾ। ਸ਼ੱਕੀ ਨੇ ਹੈਂਡ ਬੈਗ ਚੁੱਕਣ ਮਗਰੋਂ ਰੈਸਟੋਰੈਂਟ ਵਿਚ ਚਾਰ-ਚੁਫੇਰੇ ਦੇਖਿਆ ਅਤੇ ਪੂਰੀ ਤਸੱਲੀ ਹੋਣ ਮਗਰੋਂ ਆਪਣੀ ਜੈਕਟ ਹੇਠ ਲੁਕਾ ਲਿਆ। ਸੀਕਰੇਟ ਸਰਵਿਸ ਵੱਲੋਂ ਇਸ ਗੱਲ ਦੀ ਪੜਤਾਲ ਕੀਤੀ ਜਾ ਰਹੀ ਹੈ ਕਿ ਕ੍ਰਿਸਟੀ ਨੋਇਮ ਨੂੰ ਜਾਣ-ਬੁੱਝ ਕੇ ਨਿਸ਼ਾਨਾ ਬਣਾਇਆ ਗਿਆ ਜਾਂ ਉਹ ਚੋਰੀ ਦੀ ਸਾਧਾਰਣ ਵਾਰਦਾਤ ਦਾ ਸ਼ਿਕਾਰ ਬਣੀ। ਇਸੇ ਦੌਰਾਨ ਕੈਪੀਟਲ ਬਰਗਰ ਰੈਸਟੋਰੈਂਟ ਦੇ ਮੁਲਾਜ਼ਮਾਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੂੰ ਚੋਰੀ ਦੀ ਕਿਸੇ ਵਾਰਦਾਤ ਬਾਰੇ ਕੋਈ ਜਾਣਕਾਰੀ ਨਹੀਂ ਸੀ। ਗ੍ਰਹਿ ਸੁਰੱਖਿਆ ਵਿਭਾਗ ਦੀ ਤਰਜਮਾਨ ਟ੍ਰਿਸ਼ੀਆ ਮੈਕਲਾਫਲਿਨ ਨੇ ਆਪਣੇ ਪਰਵਾਰ ਨੂੰ ਡਿਨਰ ’ਤੇ ਲਿਜਾਣ ਤੋਂ ਪਹਿਲਾਂ ਹਜ਼ਾਰਾਂ ਡਾਲਰ ਆਪਣੇ ਪਰਸ ਵਿਚ ਪਾਏ। ਉਨ੍ਹਾਂ ਨੇ ਆਪਣੇ ਗ੍ਰੈਂਡ ਚਿਲਡ੍ਰਨ ਵਾਸਤੇ ਈਸਟਰ ਦੇ ਤੋਹਫੇ ਵੀ ਖਰੀਦਣੇ ਸਨ। ਉਧਰ ਵਾਸ਼ਿੰਗਟਨ ਮੈਟਰੋਪਾਲੀਟਨ ਪੁਲਿਸ ਨੇ ਇਸ ਮੁੱਦੇ ’ਤੇ ਕੁਝ ਵੀ ਕਹਿਣ ਤੋਂ ਨਾਂਹ ਕਰ ਦਿਤੀ। ਵਾਈਟ ਹਾਊਸ ਵਿਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕ੍ਰਿਸਟੀ ਨੋਇਮ ਨੇ ਦੱਸਿਆ ਕਿ ਚੋਰ ਹਾਲੇ ਤੱਕ ਫੜਿਆ ਨਹੀਂ ਜਾ ਸਕਿਆ।
3 ਹਜ਼ਾਰ ਡਾਲਰ ਨਕਦ, ਪਾਸਪੋਰਟ ਅਤੇ ਡਰਾਈਵਿੰਗ ਲਾਇਸੰਸ ਗਏ
ਚੋਰ ਭਾਵੇਂ ਕੋਈ ਵੀ ਹੋਵੇ, ਇਕ ਨਾ ਇਕ ਦਿਨ ਪੁਲਿਸ ਦੇ ਅੜਿੱਕੇ ਜ਼ਰੂਰ ਆਵੇਗਾ ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਉਸ ਨਾਲ ਇਕ ਸਾਧਾਰਣ ਚੋਰ ਵਾਲਾ ਸਲੂਕ ਹੋਵੇਗਾ ਜਾਂ ਉਸ ਨੂੰ ਵੀ ਕਿਸੇ ਵਿਦੇਸ਼ੀ ਜੇਲ ਵਿਚ ਭੇਜਿਆ ਜਾ ਸਕਦਾ ਹੈ। ਦੱਸ ਦੇਈਏ ਕਿ ਇਹ ਮਾਮਲਾ ਸਿਰਫ ਚੋਰੀ ਦਾ ਨਹੀਂ ਸਗੋਂ ਅਮਰੀਕਾ ਦੀ ਗ੍ਰਹਿ ਸੁਰੱਖਿਆ ਮੰਤਰੀ ਦੇ ਸੁਰੱਖਿਆ ਘੇਰੇ ਵਿਚ ਲੱਗੀ ਸੰਨ੍ਹ ਦਾ ਵੀ ਬਣਦਾ ਹੈ। ਗੈਰਕਾਨੂੰਨੀ ਪ੍ਰਵਾਸੀਆਂ ਨੂੰ ਫੜਨ ਦੀ ਮੁਹਿੰਮ ਦੌਰਾਨ ਕ੍ਰਿਸਟੀ ਨੋਇਮ ਨੂੰ ਕਈ ਮੌਕਿਆਂ ’ਤੇ ਬੁਲਟ ਪਰੂਫ ਜੈਕਟ ਵਿਚ ਦੇਖਿਆ ਗਿਆ। ਪਿਛਲੇ ਦਿਨੀਂ ਕ੍ਰਿਸਟੀ ਨੋਇਮ ਨੇ ਅਲ ਸਲਵਾਡੋਰ ਦੀ ਜੇਲ ਦਾ ਦੌਰਾ ਵੀ ਕੀਤਾ ਜਿਥੇ ਅਮਰੀਕਾ ਤੋਂ ਡਿਪੋਰਟ ਕੀਤੇ ਸੈਂਕੜੇ ਅਪਰਾਧੀਆ ਨੂੰ ਰੱਖਿਆ ਗਿਆ ਹੈ।