ਅਮਰੀਕਾ ਚੋਣਾਂ : 2 ਰਾਜਾਂ ਵਿਚ ਵੋਟਰ ਪਰਚੀਆਂ ਵਾਲੇ ਬਕਸਿਆਂ ਨੂੰ ਅੱਗ ਲਾਈ

ਅਮਰੀਕਾ ਵਿਚ ਚੋਣਾਂ ਤੋਂ ਐਨ ਪਹਿਲਾਂ ਵਾਸ਼ਿੰਗਟਨ ਅਤੇ ਓਰੇਗਨ ਰਾਜਾਂ ਵਿਚ ਵੋਟਰ ਪਰਚੀਆਂ ਪਾਉਣ ਵਾਲੇ ਡੱਬਿਆਂ ਨੂੰ ਅੱਗ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ।;

Update: 2024-10-29 11:22 GMT

ਵਾਸ਼ਿੰਗਟਨ : ਅਮਰੀਕਾ ਵਿਚ ਚੋਣਾਂ ਤੋਂ ਐਨ ਪਹਿਲਾਂ ਵਾਸ਼ਿੰਗਟਨ ਅਤੇ ਓਰੇਗਨ ਰਾਜਾਂ ਵਿਚ ਵੋਟਰ ਪਰਚੀਆਂ ਪਾਉਣ ਵਾਲੇ ਡੱਬਿਆਂ ਨੂੰ ਅੱਗ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਡੱਬਿਆਂ ਵਿਚ ਬੰਦ ਸੈਂਕੜੇ ਵੋਟਾਂ ਸੜ ਕੇ ਸੁਆਹ ਹੋ ਗਈਆਂ ਅਤੇ ਸਥਾਨਕ ਪੁਲਿਸ ਮਹਿਕਮਿਆਂ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ। ਪਹਿਲਾ ਮਾਮਲਾ ਵਾਸ਼ਿੰਗਟਨ ਸੂਬੇ ਦੇ ਵੈਨਕੂਵਰ ਵਿਖੇ ਸਾਹਮਣੇ ਆਇਆ ਜਿਥੇ ਬੈਲਟ ਬੌਕਸ ਵਿਚ ਅੱਗ ਲੱਗਣ ਦੀ ਇਤਲਾਹ ਮਿਲੀ ਜਦਕਿ ਦੂਜਾ ਮਾਮਲਾ ਓਰੇਗਨ ਦੇ ਪੋਰਟਲੈਂਡ ਵਿਖੇ ਸਾਹਮਣੇ ਆਇਆ। ਅੱਗ ਕਿਵੇਂ ਲੱਗੀ, ਫਿਲਹਾਲ ਇਸ ਬਾਰੇ ਪਤਾ ਨਹੀਂ ਲੱਗ ਸਕਿਆ ਅਤੇ ਚੋਣ ਅਧਿਕਾਰੀਆਂ ਵੱਲੋਂ ਸੀ.ਸੀ.ਟੀ.ਵੀ. ਫੁਟੇਜ ਰਾਹੀਂ ਅੱਗ ਲਾਉਣ ਵਾਲਿਆਂ ਦੀ ਸ਼ਨਾਖਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਸੀ.ਐਨ.ਐਨ. ਦੀ ਰਿਪੋਰਟ ਮੁਤਾਬਕ ਪੋਰਟਲੈਂਡ ਵਿਖੇ ਸੋਮਵਾਰ ਵੱਡੇ ਤੜਕੇ ਤਕਰੀਬਨ ਸਾਢੇ ਤਿੰਨ ਵਜੇ ਇਕ ਬੈਲਟ ਬੌਕਸ ਵਿਚ ਅੱਗ ਲੱਗੀ ਜਿਥੇ ਜ਼ਿਆਦਾਤਰ ਵੋਟਾਂ ਸੜ ਤੋਂ ਬਚਾ ਲਈਆਂ ਗਈਆਂ ਅਤੇ ਸਿਰਫ ਬੈਲਟ ਪੇਪਰ ਹੀ ਸੜੇ।

ਵਾਸ਼ਿੰਗਟਨ ਅਤੇ ਓਰੇਗਨ ਰਾਜਾਂ ਵਿਚ ਵਾਪਰੀਆਂ ਘਟਨਾਵਾਂ

ਚੋਣ ਅਧਿਕਾਰੀ ਟਿਮ ਸਕੌਟ ਨੇ ਦੱਸਿਆ ਕਿ ਜਿਹੜੇ ਵੋਟਰਾਂ ਦੇ ਬੈਲਟ ਪੇਪਰ ਸੜੇ ਹਨ, ਉਨ੍ਹਾਂ ਨਾਲ ਸੰਪਰਕ ਕਰ ਕੇ ਨਵੀਆਂ ਵੋਟਰ ਪਰਚੀਆਂ ਦਿਤੀਆਂ ਜਾਣਗੀਆਂ। ਇਸ ਦੇ ਉਲਟ ਵੈਨਕੂਵਰ ਵਿਖੇ ਸੈਂਕੜੇ ਵੋਟਾਂ ਸੜ ਗਈਆਂ। ਵੈਨਕੂਵਰ ਵਿਖੇ ਚੋਣ ਡਾਇਰੈਕਟੋਰੇਟ ਦੀ ਤਰਜਮਾਨ ਲੌਰਾ ਸ਼ੈਪਰਡ ਨੇ ਸ਼ਨਿੱਚਰਵਾਰ ਰਾਤ 11 ਵਜੇ ਮਗਰੋਂ ਵੋਟ ਪਾਉਣ ਵਾਲੇ ਸਾਰੇ ਲੋਕਾਂ ਨੂੰ ਆਪੋ ਆਪਣੀ ਵੋਟ ਵੈਰੀਫਾਈ ਕਰਨ ਦੀ ਗੁਜ਼ਾਰਿਸ਼ ਕੀਤੀ ਹੈ। ਇਸੇ ਦੌਰਾਨ ਐਫ਼.ਬੀ.ਆਈ. ਦੇ ਬੁਲਾਰੇ ਸਟੀਵ ਬਰਨਡ ਨੇ ਕਿਹਾ ਕਿ ਇਨ੍ਹਾਂ ਮਾਮਲਿਆਂ ਦੀ ਉਚ ਪੱਧਰੀ ਜਾਂਚ ਕੀਤੀ ਜਾ ਰਹੀ ਹੈ। ਇਥੇ ਦਸਣਾ ਬਣਦਾ ਹੈ ਕਿ ਅਗਜ਼ਨੀ ਦੀਆਂ ਕੁਝ ਹੋਰ ਘਟਨਾਵਾਂ ਵੀ ਸਾਹਮਣੇ ਆ ਚੁੱਕੀਆਂ ਹਨ ਜਿਨ੍ਹਾਂ ਦੌਰਾਨ ਐਰੀਜ਼ੋਨਾ ਦੇ ਫੀਨਿਕਸ ਵਿਖੇ ਇਕ ਪੋਸਟ ਆਫਿਸ ਦੇ ਬਾਹਰ ਇਕ ਡਾਕ ਬਕਸੇ ਵਿਚ ਅੱਗ ਲੱਗੀ। ਇਥੇ ਇਕ ਸ਼ੱਕੀ ਵਿਰੁੱਧ ਅਗਜ਼ਨੀ ਦਾ ਦੋਸ਼ ਆਇਦ ਕੀਤਾ ਗਿਆ ਪਰ ਪੁਲਿਸ ਦਾ ਕਹਿਣਾ ਹੈ ਕਿ ਇਹ ਚੋਣਾਂ ਨਾਲ ਸਬੰਧਤ ਮਾਮਲਾ ਨਹੀਂ। ਦੁਨੀਆਂ ਦਾ ਸਭ ਤੋਂ ਪੁਰਾਣਾ ਲੋਕਤੰਤਰ ਅਖਵਾਉਣ ਵਾਲੇ ਅਮਰੀਕਾ ਵਿਚ ਚੋਣ ਹਿੰਸਾ ਆਮ ਗੱਲ ਹੋ ਚੁੱਕੀ ਹੈ। ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ’ਤੇ ਦੋ ਵਾਰ ਹਮਲਾ ਹੋ ਚੁੱਕਾ ਹੈ ਅਤੇ ਇਕ ਤਾਜ਼ਾ ਸਰਵੇਖਣ ਮੁਤਾਬਕ 75 ਫੀ ਸਦੀ ਅਮਰੀਕੀ ਵੋਟਰ ਸੰਭਾਵਤ ਚੋਣ ਹਿੰਸਾ ਕਾਰਨ ਘਬਰਾਏ ਹੋਏ ਹਨ। ਚਾਰ ਸਾਲ ਪਹਿਲਾਂ ਚੋਣ ਨਤੀਜਿਆਂ ਮਗਰੋਂ ਵੀ ਟਰੰਪ ਹਮਾਇਤੀਆਂ ਨੇ ਵੱਡੇ ਪੱਧਰ ’ਤੇ ਹਿੰਸਾ ਕੀਤੀ ਸੀ।

Tags:    

Similar News