ਅਮਰੀਕਾ ਚੋਣਾਂ : ਪਹਿਲੀ ਬਹਿਸ ਵਿਚ ਡੌਨਲਡ ਟਰੰਪ ਜੇਤੂ
ਅਮਰੀਕਾ ਵਿਚ ਆਮ ਚੋਣਾਂ ਤੋਂ ਪਹਿਲਾਂ ਰਾਸ਼ਟਰਪਤੀ ਜੋਅ ਬਾਇਡਨ ਅਤੇ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਦਰਮਿਆਨ ਹੋਈ ਬਹਿਸ ਇਕਪਾਸੜ ਸਾਬਤ ਹੋਈ ਅਤੇ ਡੈਮੋਕ੍ਰੈਟਿਕ ਪਾਰਟੀ ਦੇ ਹਮਾਇਤੀਆਂ ਨੇ ਵੀ ਟਰੰਪ ਨੂੰ ਜੇਤੂ ਮੰਨ ਲਿਆ।
ਐਟਲਾਂਟਾ : ਅਮਰੀਕਾ ਵਿਚ ਆਮ ਚੋਣਾਂ ਤੋਂ ਪਹਿਲਾਂ ਰਾਸ਼ਟਰਪਤੀ ਜੋਅ ਬਾਇਡਨ ਅਤੇ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਦਰਮਿਆਨ ਹੋਈ ਬਹਿਸ ਇਕਪਾਸੜ ਸਾਬਤ ਹੋਈ ਅਤੇ ਡੈਮੋਕ੍ਰੈਟਿਕ ਪਾਰਟੀ ਦੇ ਹਮਾਇਤੀਆਂ ਨੇ ਵੀ ਟਰੰਪ ਨੂੰ ਜੇਤੂ ਮੰਨ ਲਿਆ। ਬਹਿਸ ਦੌਰਾਨ ਨਾਜਾਇਜ਼ ਪ੍ਰਵਾਸ, ਅਬੌਰਸ਼ਨ, ਇਜ਼ਰਾਇਲ ਹਮਾਸ ਜੰਗ, ਰੂਸ-ਯੂਕਰੇਨ ਜੰਗ, ਟੈਕਸ, ਮਹਿੰਗਾਈ, ਬੇਰੁਜ਼ਗਾਰੀ ਅਤੇ ਕਲਾਈਮੇਟ ਚੇਂਜ ਵਰਗੇ ਮੁੱਦਿਆਂ ਨੂੰ ਛੋਹਿਆ ਗਿਆ ਪਰ ਆਪਣੀ ਪਤਨੀ ਜਿਲ ਬਾਇਡਨ ਨਾਲ ਪੁੱਜੇ ਜੋਅ ਬਾਇਡਨ ਦੀ ਸਰੀਰਕ ਕਮਜ਼ੋਰੀ ਸਾਫ ਨਜ਼ਰ ਆ ਰਹੀ ਸੀ। ਜੋਅ ਬਾਇਡਨ ਦਾ ਸਭ ਤੋਂ ਮਾੜਾ ਪੱਖ ਇਹ ਰਿਹਾ ਕਿ ਉਹ ਬੋਲਦੇ ਬੋਲਦੇ ਰੁਕ ਜਾਂਦੇ ਸਨ ਅਤੇ ਟਰੰਪ ਦੀਆਂ ਦਲੀਲਾਂ ਨੂੰ ਅਸਰਦਾਰ ਤਰੀਕੇ ਨਾਲ ਗਲਤ ਠਹਿਰਾਉਣ ਵਿਚ ਸਫਲ ਨਾ ਹੋ ਸਕੇ।
ਤਿੱਖੇ ਹਮਲਿਆਂ ਦਾ ਠੋਕਵਾਂ ਜਵਾਬ ਨਾ ਦੇ ਸਕੇ ਰਾਸ਼ਟਰਪਤੀ ਬਾਇਡਨ
‘ਡੇਲੀ ਮੇਲ’ ਦੀ ਰਿਪੋਰਟ ਮੁਤਾਬਕ ਡੈਮੋਕ੍ਰੈਟਿਕ ਪਾਰਟੀ ਦੇ ਆਗੂਆਂ ਵੱਲੋਂ ਉਮੀਦਵਾਰ ਬਦਲਣ ਦੀਆਂ ਸੰਭਾਵਨਾਵਾਂ ’ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ। ਆਲੋਚਕਾਂ ਦਾ ਕਹਿਣਾ ਸੀ ਕਿ ਬਹਿਸ ਦੌਰਾਨ ਇਉਂ ਮਹਿਸੂਸ ਹੋਇਆ ਜਿਵੇਂ ਟਰੰਪ ਸਾਹਮਣੇ ਫੁੱਟਬਾਲ ਦੇ ਮੈਦਾਨ ਵਿਚ ਖੁੱਲ੍ਹਾ ਗੋਲ ਮੌਜੂਦ ਹੋਵੇ ਅਤੇ ਉਹ ਆਪਣੀ ਮਰਜ਼ੀ ਗੋਲ ਕਰਦੇ ਰਹਿਣ। ਬਹਿਸ ਦੌਰਾਨ ਟਰੰਪ ਨੇ ਬਾਇਡਨ ਨੂੰ ਮਨਚੂਰੀਅਨ ਕਰਾਰ ਦਿੰਦਿਆਂ ਦੋਸ਼ ਲਾਇਆ ਕਿ ਚੀਨ ਉਨ੍ਹਾਂ ਨੂੰ ਪੈਸੇ ਦਿੰਦਾ ਹੈ। ਦੂਜੇ ਪਾਸੇ ਬਾਇਡਨ ਨੇ ਕਿਹਾ ਕਿ ਟਰੰਪ ਦੀ ਪਤਨੀ ਗਰਭਵਤੀ ਸੀ ਜਦੋਂ ਉਨ੍ਹਾਂ ਨੇ ਪੋਰਨ ਸਟਾਰ ਨਾਲ ਸਬੰਧ ਕਾਇਮ ਕੀਤੇ। ਇਥੇ ਦਸਣਾ ਬਣਦਾ ਹੈ ਕਿ ਪਹਿਲੀ ਬਹਿਸ ਜਾਰਜੀਆ ਦੇ ਐਟਲਾਂਟਾ ਸ਼ਹਿਰ ਵਿਚ ਹੋਈ। ਬਹਿਸ ਵਿਚ ਦੋ ਮੇਜ਼ਬਾਨ ਮੌਜੂਦ ਸਨ ਜਿਨ੍ਹਾਂ ਵੱਲੋਂ ਸਵਾਲਾਂ ਦੇ ਜਵਾਬ ਦੇਣ ਲਈ ਟਰੰਪ ਅਤੇ ਬਾਇਡਨ ਨੂੰ ਸਮਾਂ ਦਿਤਾ ਜਾਂਦਾ। ਟਰੰਪ ਦੀ ਉਮਰ ਇਸ ਵੇਲੇ 78 ਸਾਲ ਹੈਅਤੇ ਬਾਇਡਨ 81 ਸਾਲ ਦੇ ਹੋ ਚੁੱਕੇ ਹਨ। ਇਥੇ ਦਸਣਾ ਬਣਦਾ ਹੈ ਕਿ ਹੁਣ ਤੱਕ ਅਮਰੀਕਾ ਦੇ ਕਿਸੇ ਵੀ ਪ੍ਰਮੁੱਖ ਪਾਰਟੀ ਵੱਲੋਂ ਅਧਿਕਾਰਤ ਤੌਰ ’ਤੇ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ ਜਿਸ ਦੇ ਮੱਦੇਨਜ਼ਰ ਬਾਇਡਨ ਨੂੰ ਹਟਾ ਕੇ ਬਰਾਕ ਓਬਾਮਾ ਦੀ ਪਤਨੀ ਨੂੰ ਉਮੀਦਵਾਰੀ ਸੌਂਪੀ ਜਾ ਸਕਦੀ ਹੈ। ਡੌਨਲਡ ਟਰੰਪ ਨੂੰ ਟੱਕਰ ਦੇਣ ਵਾਸਤੇ ਡੈਮੋਕ੍ਰੈਟਿਕ ਪਾਰਟੀ ਨੂੰ ਇਕ ਮਜ਼ਬੂਤ ਉਮੀਦਵਾਰ ਦੀ ਜ਼ਰੂਰ ਹੈ ਜੋ ਮਿਸ਼ੇਲ ਓਬਾਮਾ ਤੋਂ ਸਿਵਾਏ ਕੋਈ ਹੋਰ ਨਹੀਂ ਹੋ ਸਕਦਾ।