America ਦੀ ਅਦਾਲਤ ਵੱਲੋਂ ICE ਨੂੰ ਸਖ਼ਤ ਤਾੜਨਾ

ਅਮਰੀਕਾ ਦੀ ਜ਼ਿਲ੍ਹਾ ਅਦਾਲਤ ਵੱਲੋਂ ਇੰਮੀਗ੍ਰੇਸ਼ਨ ਐਂਡ ਕਸਟਮਜ਼ ਐਨਫ਼ੋਰਸਮੈਂਟ ਏਜੰਟਾਂ ਨੂੰ ਤਾੜਨਾ ਕੀਤੀ ਗਈ ਹੈ ਕਿ ਸ਼ਾਂਤਮਈ ਤਰੀਕੇ ਨਾਲ ਮੁਜ਼ਾਹਰਾ ਕਰ ਰਹੇ ਲੋਕਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਦਾ

Update: 2026-01-17 11:57 GMT

ਮਿਨੀਆਪੌਲਿਸ : ਅਮਰੀਕਾ ਦੀ ਇਕ ਜ਼ਿਲ੍ਹਾ ਅਦਾਲਤ ਵੱਲੋਂ ਇੰਮੀਗ੍ਰੇਸ਼ਨ ਐਂਡ ਕਸਟਮਜ਼ ਐਨਫ਼ੋਰਸਮੈਂਟ ਏਜੰਟਾਂ ਨੂੰ ਤਾੜਨਾ ਕੀਤੀ ਗਈ ਹੈ ਕਿ ਸ਼ਾਂਤਮਈ ਤਰੀਕੇ ਨਾਲ ਮੁਜ਼ਾਹਰਾ ਕਰ ਰਹੇ ਲੋਕਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਦਾ ਅਤੇ ਗੱਡੀਆਂ ਵਿਚ ਜਾਂਦੇ ਲੋਕਾਂ ਰੋਕਣ ਦੀ ਸਖ਼ਤ ਮਨਾਹੀ ਹੈ। ਜੋਅ ਬਾਇਡਨ ਵੱਲੋਂ ਨਿਯੁਕਤ ਜੱਜ ਕੇਟ ਮਨੈਂਡੇਜ਼ ਵੱਲੋਂ ਵਿਖਾਵਾਕਾਰੀਆਂ ਵੱਲ ਹੰਝੂ ਗੈਸ ਦੇ ਗੋਲੇ ਦਾਗਣ ’ਤੇ ਵੀ ਰੋਕ ਲਾਗੂ ਕੀਤੀ ਗਈ ਹੈ। ਮਿਨੇਸੋਟਾ ਦੀ ਜ਼ਿਲ੍ਹਾ ਅਦਾਲਤ ਦੀਆਂ ਹਦਾਇਤਾਂ ਮਿਨੀਆਪੌਲਿਸ ਵਿਖੇ ਆਈਸ ਦੀ ਗੋਲੀ ਨਾਲ ਹੋਈ ਮੌਤ ਅਤੇ ਵਿਖਾਵਾਕਾਰੀਆਂ ਦੀ ਕੀਤੀ ਜਾ ਰਹੀ ਫੜੋ-ਫੜੀ ਦੇ ਮੱਦੇਨਜ਼ਰ ਆਈਆਂ ਹਨ। ਉਧਰ ਅਮਰੀਕਾ ਦੀ ਸਹਾਇਕ ਗ੍ਰਹਿ ਸੁਰੱਖਿਆ ਮੰਤਰੀ ਟ੍ਰਿਸ਼ੀਆ ਮੈਕਲਾਫ਼ਲਿਨ ਨੇ ਕਿਹਾ ਕਿ ਡੀ.ਐਚ.ਐਸ. ਸ਼ਾਂਤਮਈ ਵਿਖਾਵੇ ਕਰਨ ਦੇ ਹੱਕ ਦਾ ਆਦਰ ਕਰਦਾ ਹੈ ਪਰ ਮਿਨੇਸੋਟਾ ਵਿਚ ਵੱਡੇ ਪੱਧਰ ’ਤੇ ਹਿੰਸਾ ਹੋ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਫਸਟ ਅਮੈਂਡਮੈਂਟ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਅਤੇ ਸ਼ਾਂਤਮਈ ਇਕੱਠ ਕਰਨ ਦੀ ਖੁੱਲ੍ਹ ਦਿੰਦੀ ਹੈ ਨਾਕਿ ਦੰਗੇ ਕਰਨ ਦੀ। ਡੀ.ਐਚ.ਐਸ. ਵੱਲੋਂ ਹਿੰਸਾ ਕਰਨ ਵਾਲਿਆਂ ਨੂੰ ਰੋਕਣ ਲਈ ਸੰਵਿਧਾਨ ਮੁਤਾਬਕ ਢੁਕਵੀਂ ਕਾਰਵਾਈ ਕੀਤੀ ਜਾ ਰਹੀ ਹੈ। ਲੋਕ ਸੁਰੱਖਿਆ ਵਾਸਤੇ ਖ਼ਤਰਾ ਬਣ ਚੁੱਕੇ ਲੋਕਾਂ ਨੂੰ ਖੁੱਲ੍ਹੇ ਨਹੀਂ ਛੱਡਿਆ ਜਾ ਸਕਦਾ।

ਵਿਖਾਵਾਕਾਰੀਆਂ ਨੂੰ ਗ੍ਰਿਫ਼ਤਾਰ ਕਰਨ ’ਤੇ ਲਾਈ ਰੋਕ

ਇਸ ਦੇ ਨਾਲ ਹੀ ਲੋਕਾਂ ਨੂੰ ਸੁਚੇਤ ਕੀਤਾ ਗਿਆ ਹੈ ਕਿ ਲਾਅ ਐਨਫ਼ੋਰਸਮੈਂਟ ਅਫ਼ਸਰਾਂ ਦੇ ਕੰਮ ਵਿਚ ਅੜਿੱਕੇ ਡਾਹੁਣਾ ਵੀ ਇਕ ਅਪਰਾਧ ਹੈ। ਇਸੇ ਦੌਰਾਨ ਅਦਾਲਤ ਵਿਚ ਮਾਮਲੇ ਦੀ ਸੁਣਵਾਈ ਦੌਰਾਨ ਟਰੰਪ ਸਰਕਾਰ ਵੱਲੋਂ ਪੇਸ਼ ਵਕੀਲਾਂ ਨੇ ਦਲੀਲ ਦਿਤੀ ਕਿ ਆਈਸ ਦੇ ਅਫ਼ਸਰ ਆਪਣਾ ਬਚਾਅ ਕਰਨ ਲਈ ਕਾਰਵਾਈ ਕਰ ਰਹੇ ਹਨ। ਇਥੇ ਦਸਣਾ ਬਣਦਾ ਹੈ ਕਿ ਮਿਨੇਸੋਟਾ ਸਰਕਾਰ ਵੱਲੋਂ ਆਈਸ ਦੀ ਕਾਰਵਾਈ ’ਤੇ ਤੁਰਤ ਰੋਕ ਲਾਉਣ ਦੀ ਮੰਗ ਕਰਦਾ ਇਕ ਮੁਕੱਦਮਾ ਵੱਖਰੇ ਤੌਰ ’ਤੇ ਦਾਇਰ ਕੀਤਾ ਗਿਆ ਹੈ। ਸੂਬੇ ਦੇ ਸਹਾਇਕ ਅਟਾਰਨੀ ਜਨਰਲ ਬ੍ਰਾਇਨ ਕਾਰਟਰ ਨੇ ਅਦਾਲਤ ਨੂੰ ਅਪੀਲ ਕੀਤੀ ਕਿ ਇਹ ਸਭ ਤੁਰਤ ਰੋਕਿਆ ਜਾਣਾ ਲਾਜ਼ਮੀ ਹੈ। ਦੂਜੇ ਪਾਸੇ ਅਮਰੀਕਾ ਦੇ ਨਿਆਂ ਵਿਭਾਗ ਵੱਲੋਂ ਮਿਨੇਸੋਟਾ ਦੇ ਗਵਰਨਰ ਟਿਮ ਵਾਲਜ਼ ਅਤੇ ਮਿਨੀਆਪੌਲਿਸ ਦੇ ਮੇਅਰ ਜੈਕਬ ਫਰੇਅ ਵਿਰੁੱਧ ਪੜਤਾਲ ਆਰੰਭ ਦਿਤੀ ਹੈ। ਦੋਸ਼ ਲੱਗੇ ਰਹੇ ਹਨ ਕਿ ਗਵਰਨਰ ਅਤੇ ਮੇਅਰ ਦੀ ਮਿਲੀਭੁਗਤ ਤਹਿਤ ਆਈਸ ਦੇ ਕੰਮ ਵਿਚ ਅੜਿੱਕੇ ਡਾਹੇ ਜਾ ਰਹੇ ਹਨ।

ਗੱਡੀਆਂ ਵਿਚ ਜਾਂਦੇ ਲੋਕਾਂ ਨੂੰ ਰੋਕਣ ਦੀ ਮਨਾਹੀ

ਸੀ.ਬੀ.ਐਸ. ਨਿਊਜ਼ ਦੀ ਰਿਪੋਰਟ ਮੁਤਾਬਕ ਟਿਮ ਵਾਲਜ਼ ਅਤੇ ਜੈਕਬ ਫਰੇਅ ਵੱਲੋਂ ਆਈਸ ਏਜੰਟਾਂ ਦੀ ਗਿਣਤੀ ਬਾਰੇ ਕੀਤੀਆਂ ਟਿੱਪਣੀਆਂ ਪੜਤਾਲ ਦਾ ਆਧਾਰ ਬਣੀਆਂ। ਟਰੰਪ ਸਰਕਾਰ ਦੀ ਕਾਰਵਾਈ ਬਾਰੇ ਮਿਨੇਸੋਟਾ ਦੇ ਗਵਰਨਰ ਟਿਮ ਵਾਲਜ਼ ਨੇ ਕਿਹਾ ਕਿ ਦੋ ਦਿਨ ਪਹਿਲਾਂ ਐਲਿਜ਼ਾ ਸਲੌਟਕਿਨ ਵਿਰੁੱਧ ਪੜਤਾਲ ਆਰੰਭੀ ਗਈ ਅਤੇ ਇਕ ਹਫ਼ਤਾ ਪਹਿਲਾਂ ਫੈਡਰਲ ਰਿਜ਼ਰਵ ਦੇ ਜਿਰੋਮ ਪਾਵੈਲ ਦਾ ਨਾਂ ਆ ਰਿਹਾ ਸੀ। ਸਿਰਫ਼ ਇਥੇ ਹੀ ਬੱਸ ਨਹੀਂ ਉਸ ਤੋਂ ਪਹਿਲਾਂ ਮਾਰਕ ਕੈਲੀ ਦਾ ਨਾਂ ਸਾਹਮਣੇ ਆਇਆ ਪਰ ਅਸਲੀਅਤ ਇਹ ਹੈ ਕਿ ਜਸਟਿਸ ਸਿਸਟਮ ਨੂੰ ਹਥਿਆਰ ਵਜੋਂ ਵਰਤਿਆ ਜਾ ਰਿਹਾ ਹੈ ਅਤੇ ਸਿਆਸੀ ਵਿਰੋਧੀਆਂ ਨੂੰ ਚੁੱਪ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਹਨ।

Tags:    

Similar News