ਅਮਰੀਕਾ ਵੱਲੋਂ ਸੈਂਕੜੇ ਭਾਰਤੀਆਂ ਦੇ ਵੀਜ਼ੇ ਰੱਦ
ਅਮਰੀਕਾ ਵਿਚ ਗੈਰਕਾਨੂੰਨੀ ਪ੍ਰਵਾਸੀਆਂ ਵਿਰੁੱਧ ਚੱਲ ਰਹੀ ਕਾਰਵਾਈ ਦਰਮਿਆਨ ਟਰੰਪ ਸਰਕਾਰ ਵੱਲੋਂ ਉਨ੍ਹਾਂ ਭਾਰਤੀ ਟਰੈਵਲ ਏਜੰਸੀਆਂ ਦੇ ਮਾਲਕਾਂ ਅਤੇ ਅਧਿਕਾਰੀਆਂ ਦੇ ਵੀਜ਼ੇ ਰੱਦ ਕੀਤੇ ਜਾ ਰਹੇ ਹਨ
ਵਾਸ਼ਿੰਗਟਨ : ਅਮਰੀਕਾ ਵਿਚ ਗੈਰਕਾਨੂੰਨੀ ਪ੍ਰਵਾਸੀਆਂ ਵਿਰੁੱਧ ਚੱਲ ਰਹੀ ਕਾਰਵਾਈ ਦਰਮਿਆਨ ਟਰੰਪ ਸਰਕਾਰ ਵੱਲੋਂ ਉਨ੍ਹਾਂ ਭਾਰਤੀ ਟਰੈਵਲ ਏਜੰਸੀਆਂ ਦੇ ਮਾਲਕਾਂ ਅਤੇ ਅਧਿਕਾਰੀਆਂ ਦੇ ਵੀਜ਼ੇ ਰੱਦ ਕੀਤੇ ਜਾ ਰਹੇ ਹਨ ਜਿਨ੍ਹਾਂ ਵੱਲੋਂ ਜਾਣ-ਬੁੱਝ ਕੇ ਗੈਰਕਾਨੂੰਨੀ ਪ੍ਰਵਾਸ ਨੂੰ ਹੁਲਾਰਾ ਦਿਤਾ ਗਿਆ। ਵਿਦੇਸ਼ ਵਿਭਾਗ ਨੇ ਕਿਹਾ ਕਿ ਨਵੀਂ ਦਿੱਲੀ ਸਥਿਤ ਯੂ.ਐਸ. ਅੰਬੈਸੀ ਦੇ ਕੌਂਸਲਰ ਸੇਵਾਵਾਂ ਅਤੇ ਡਿਪਲੋਮੈਟਿਕ ਸਕਿਉਰਿਟੀ ਸਰਵਿਸ ਵਿਭਾਗ ਵੱਲੋਂ ਪੂਰੇ ਭਾਰਤ ਵਿਚ ਇੰਮੀਗ੍ਰੇਸ਼ਨ ਸੇਵਾਵਾਂ ਮੁਹੱਈਆ ਕਰਵਾਉਣ ਵਾਲੀਆਂ ਫਰਮਾਂ ਅਤੇ ਮਨੁੱਖੀ ਤਸਕਰੀ ਦੇ ਧੰਦੇ ਵਿਚ ਸ਼ਾਮਲ ਟਰੈਵਲ ਏਜੰਸੀਆਂ ਦੀ ਸਰਗਰਮੀ ਨਾਲ ਸ਼ਨਾਖਤ ਕੀਤੀ ਗਈ ਹੈ। ਭਾਰਤੀ ਲੋਕਾਂ ਨੂੰ ਅਮਰੀਕਾ ਦੇ ਬਾਰਡਰ ’ਤੇ ਭੇਜਣ ਵਾਲੇ ਟਰੈਵਲ ਏਜੰਟਾਂ ਵਿਰੁੱਧ ਕਾਰਵਾਈ ਦਾ ਸਿਲਸਿਲਾ ਜਾਰੀ ਰਹੇਗਾ ਅਤੇ ਕੋਈ ਵੀ ਗੈਰਕਾਨੂੰਨੀ ਤਰੀਕੇ ਨਾਲ ਮੁਲਕ ਵਿਚ ਦਾਖਲ ਨਹੀਂ ਹੋ ਸਕਦਾ।
ਗੈਰਕਾਨੂੰਨੀ ਪ੍ਰਵਾਸੀ ਭੇਜਣ ਵਾਲਿਆਂ ਦੀ ਖ਼ੈਰ ਨਹੀਂ
ਵਿਦੇਸ਼ ਵਿਭਾਗ ਨੇ ਅੱਗੇ ਕਿਹਾ ਕਿ ਇੰਮੀਗ੍ਰੇਸ਼ਨ ਕਾਨੂੰਨ ਸਖ਼ਤੀ ਨਾਲ ਲਾਗੂ ਕੀਤੇ ਜਾ ਰਹੇ ਹਨ ਅਤੇ ਅਮਰੀਕਾ ਵਾਲਿਆਂ ਦੀ ਹਿਫਾਜ਼ਤ ਯਕੀਨੀ ਬਣਾਉਂਦਿਆਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਲਗਾਤਾਰ ਡਿਪੋਰਟ ਕਰਨ ਦਾ ਸਿਲਸਿਲਾ ਜਾਰੀ ਹੈ। ਦੱਸ ਦੇਈਏ ਕਿ ਟਰੰਪ ਸਰਕਾਰ ਕੋਲੰਬੀਆ ਦੇ ਰਾਸ਼ਟਰਪਤੀ ਗੁਸਤਾਵੋ ਪੈਟਰੋ ਸਣੇ ਕਈ ਕੌਮਾਂਤਰੀ ਆਗੂਆਂ ਦੇ ਵੀਜ਼ੇ ਰੱਦ ਕਰ ਚੁੱਕੀ ਹੈ। ਗੁਸਤਾਵੋ ਦਾ ਵੀਜ਼ਾ ਇਸ ਕਰ ਕੇ ਰੱਦ ਕੀਤਾ ਗਿਆ ਕਿਉਂਕਿ ਉਨ੍ਹਾਂ ਨੇ ਗੈਰਕਾਨੂੰਨੀ ਪ੍ਰਵਾਸੀਆਂ ਨਾਲ ਲੱਦੇ ਅਮਰੀਕਾ ਦੇ ਫੌਜੀ ਜਹਾਜ਼ਾਂ ਨੂੰ ਆਪਣੇ ਮੁਲਕ ਵਿਚ ਲੈਂਡ ਕਰਨ ਦੀ ਇਜਾਜ਼ਤ ਨਹੀਂ ਸੀ ਦਿਤੀ। ਸਿਰਫ਼ ਐਨਾ ਹੀ ਨਹੀਂ ਟਰੰਪ ਸਰਕਾਰ ਵੱਲੋਂ ਵਿਜ਼ਟਰ ਵੀਜ਼ਾ ’ਤੇ ਅਮਰੀਕਾ ਪੁੱਜੇ ਭਾਰਤੀਆਂ ਨੂੰ ਸਖ਼ਤ ਚਿਤਾਵਨੀ ਵੀ ਦਿਤੀ ਜਾ ਚੁੱਕੀ ਹੈ। ਨਵੀਂ ਦਿੱਲੀ ਸਥਿਤ ਯੂ.ਐਸ. ਅੰਬੈਸੀ ਨੇ ਕਿਹਾ ਕਿ ਵੀਜ਼ਾ ਮਿਆਦ ਲੰਘਣ ਤੋਂ ਬਾਅਦ ਕੁਝ ਦਿਨ ਵਾਸਤੇ ਵੀ ਠਹਿਰਨਾ ਮਹਿੰਗਾ ਪਵੇਗਾ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਨਾ ਸਿਰਫ਼ ਫੜ ਕੇ ਡਿਪੋਰਟ ਕੀਤਾ ਜਾਵੇਗਾ ਸਗੋਂ ਅਮਰੀਕਾ ਵਿਚ ਦਾਖਲੇ ’ਤੇ ਪੱਕੀ ਪਾਬੰਦੀ ਲੱਗ ਸਕਦੀ ਹੈ। ਯੂ.ਐਸ. ਅੰਬੈਸੀ ਦੀ ਇਹ ਚਿਤਾਵਨੀ ਅਜਿਹੇ ਸਮੇਂ ਆਈ ਹੈ ਜਦੋਂ ਅਮਰੀਕਾ ਦਾ ਸਿਟੀਜ਼ਨਸ਼ਿਪ ਅਤੇ ਇੰਮੀਗ੍ਰੇਸ਼ਨ ਸੇਵਾਵਾਂ ਵਿਭਾਗ ਆਖ ਚੁੱਕਾ ਹੈ ਕਿ ਗਰੀਨ ਕਾਰਡ ਹੋਣ ਦਾ ਮਤਲਬ ਡਿਪੋਰਟੇਸ਼ਨ ਤੋਂ ਬਚਣ ਦੀ ਗਾਰੰਟੀ ਨਹੀਂ।
ਟਰੰਪ ਨੇ ਭਾਰਤ ਭੇਜੇ ਆਪਣੇ ਜਾਸੂਸ
ਟਰੰਪ ਸਰਕਾਰ ਦਾ ਕਹਿਣਾ ਹੈ ਕਿ ਅਮਰੀਕਾ ਵਿਚ ਕਿਸੇ ਪ੍ਰਵਾਸੀਆਂ ਦਾ ਆਉਣ ਇਕ ਸਹੂਲਤ ਹੈ ਨਾਕਿ ਕੋਈ ਹੱਕ। ਹਿੰਸਾ, ਅਤਿਵਾਦ ਜਾਂ ਹੋਰ ਗੈਰਕਾਨੂੰਨੀ ਸਰਗਰਮੀਆਂ ਵਿਚ ਸ਼ਾਮਲ ਪ੍ਰਵਾਸੀਆਂ ਨੂੰ ਸਿੱਧੇ ਤੌਰ ’ਤੇ ਡਿਪੋਰਟ ਕੀਤਾ ਜਾਵੇਗਾ। ਇੰਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਵਾਲੇ ਹੁਣ ਤੱਕ 2 ਲੱਖ ਤੋਂ ਵੱਧ ਪ੍ਰਵਾਸੀਆਂ ਨੂੰ ਡਿਪੋਰਟ ਕਰ ਚੁੱਕੇ ਹਨ ਅਤੇ ਇਕ-ਇਕ ਹਜ਼ਾਰ ਡਾਲਰ ਲੈ ਕੇ ਸੈਲਫ਼ ਡਿਪੋਰਟ ਹੋਣ ਵਾਲਿਆਂ ਦੇ ਜਹਾਜ਼ਾਂ ਨੇ ਵੀ ਉਡਾਰੀ ਭਰਨੀ ਸ਼ੁਰੂ ਕਰ ਦਿਤੀ ਹੈ। ਬੀਤੇ ਦਿਨੀਂ ਫਲੋਰੀਡਾ ਵਿਖੇ ਛਾਪੇ ਦੌਰਾਨ 780 ਪ੍ਰਵਾਸੀਆਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਵਿਚੋਂ ਜ਼ਿਆਦਾਤਰ ਅਪਰਾਧਕ ਪਿਛੋਕੜ ਵਾਲੇ ਦੱਸੇ ਜਾ ਰਹੇ ਹਨ। ਹੁਣ ਭਾਰਤੀ ਟਰੈਵਲ ਏਜੰਸੀਆਂ ’ਤੇ ਸਖ਼ਤੀ ਰਾਹੀਂ ਟਰੰਪ ਸਰਕਾਰ ਯਕੀਨੀ ਬਣਾਉਣਾ ਚਾਹੁੰਦੀ ਹੈ ਕਿ ਗੈਰਕਾਨੂੰਨੀ ਪ੍ਰਵਾਸ ਪੂਰੀ ਤਰ੍ਹਾਂ ਰੋਕ ਦਿਤਾ ਜਾਵੇ ਅਤੇ ਮੈਕਸੀਕੋ ਦੇ ਬਾਰਡਰ ’ਤੇ ਤੈਨਾਤ ਫੌਜ ਨੂੰ ਹਟਾਉਣ ਦਾ ਮੌਕਾ ਮਿਲ ਸਕੇ। ਟਰੰਪ ਦੇ ਸੱਤਾ ਸੰਭਾਲਣ ਵੇਲੇ ਅਮਰੀਕਾ ਵਿਚ ਡਿਪੋਰਟੇਸ਼ਨ ਦਾ ਸਾਹਮਣਾ ਕਰ ਰਹੇ ਭਾਰਤੀਆਂ ਦੀ ਗਿਣਤੀ 18 ਹਜ਼ਾਰ ਦੱਸੀ ਗਈ ਪਰ ਇਨ੍ਹਾਂ ਵਿਚੋਂ ਕੁਝ ਸੈਂਕੜਿਆਂ ਨੂੰ ਹੀ ਦੇਸ਼ ਨਿਕਾਲਾ ਦਿਤਾ ਜਾ ਸਕਿਆ ਹੈ।