ਅਮਰੀਕਾ ਦੇ ਹਵਾਈ ਮੁਸਾਫ਼ਰਾਂ ਨੂੰ ਮਿਲੀ ਵੱਡੀ ਸਹੂਲਤ
ਅਮਰੀਕਾ ਦੇ ਹਵਾਈ ਅੱਡਿਆਂ ’ਤੇ ਮੁਸਾਫ਼ਰਾਂ ਨੂੰ ਹੁਣ ਜੁੱਤੀਆਂ ਉਤਾਰ ਕੇ ਤਲਾਸ਼ੀ ਨਹੀਂ ਦੇਣੀ ਪਵੇਗੀ।
ਨਿਊ ਯਾਰਕ : ਅਮਰੀਕਾ ਦੇ ਹਵਾਈ ਅੱਡਿਆਂ ’ਤੇ ਮੁਸਾਫ਼ਰਾਂ ਨੂੰ ਹੁਣ ਜੁੱਤੀਆਂ ਉਤਾਰ ਕੇ ਤਲਾਸ਼ੀ ਨਹੀਂ ਦੇਣੀ ਪਵੇਗੀ। ਜੀ ਹਾਂ, ਟਰੰਪ ਸਰਕਾਰ ਵੱਲੋਂ ਦੋ ਦਹਾਕੇ ਪੁਰਾਣੀ ਨੀਤੀ ਵਿਚ ਅਚਨਚੇਤ ਲਿਆਂਦੀ ਤਬਦੀਲੀ ਕਈ ਹਵਾਈ ਅੱਡਿਆਂ ’ਤੇ ਲਾਗੂ ਵੀ ਕੀਤੀ ਜਾ ਚੁੱਕੀ ਹੈ। ਟ੍ਰਾਂਸਪੋਰਟੇਸ਼ਨ ਸਕਿਉਰਿਟੀ ਐਡਮਨਿਸਟ੍ਰੇਸ਼ਨ ਦੇ ਇਕ ਅੰਦਰੂਨੀ ਮੀਮੋ ਮੁਤਾਬਕ ਹਵਾਈ ਅੱਡਿਆਂ ’ਤੇ ਮੁਸਾਫ਼ਰਾਂ ਦੀ ਸੁਰੱਖਿਆ ਜਾਂਚ ਕਰਨ ਵਾਲੀ ਤਕਨੀਕ ਵਿਚ ਸੁਧਾਰ ਦੇ ਮੱਦੇਨਜ਼ਰ ਸ਼ੂਜ਼ ਉਤਰਵਾਉਣ ਦੀ ਜ਼ਰੂਰਤ ਨਹੀਂ ਰਹਿ ਗਈ। ਇਸ ਤੋਂ ਪਹਿਲਾਂ ਟ੍ਰਾਂਸਪੋਰਟੇਸ਼ਨ ਸਕਿਉਰਿਟੀ ਐਡਮਨਿਸਟ੍ਰੇਸ਼ਨ ਦੀ ਪ੍ਰੀਚੈੱਕ ਲਿਸਟ ਵਿਚ ਸ਼ਾਮਲ ਮੁਸਾਫ਼ਰਾਂ ਨੂੰ ਸ਼ੂਜ਼ ਉਤਾਰ ਕੇ ਤਲਾਸ਼ੀ ਤੋਂ ਛੋਟ ਮਿਲਦੀ ਸੀ ਪਰ ਹੁਣ ਹਰ ਮੁਸਾਫ਼ਰ ਇਸ ਸਹੂਲਤ ਦਾ ਹੱਕਦਾਰ ਬਣ ਗਿਆ ਹੈ।
ਜੁੱਤੀਆਂ ਉਤਾਰ ਕੇ ਤਲਾਸ਼ੀ ਨਹੀਂ ਦੇਣੀ ਪਵੇਗੀ
ਇਥੇ ਦਸਣਾ ਬਣਦਾ ਹੈ ਕਿ ਜੁੱਤੀਆਂ ਉਤਾਰ ਕੇ ਤਲਾਸ਼ੀ ਲੈਣ ਵਾਲੀ ਨੀਤੀ 2001 ਦੀ ਉਸ ਵਾਰਦਾਤ ਤੋਂ ਬਾਅਦ ਲਿਆਂਦੀ ਗਈ ਜਦੋਂ ‘ਸ਼ੂਅ ਬੌਂਬਰ’ ਵਜੋਂ ਜਾਣੇ ਜਾਂਦੇ ਰਿਚਰਡ ਰੀਡ ਨੇ ਆਪਣੀਆਂ ਜੁੱਤੀਆਂ ਵਿਚ ਬਾਰੂਦ ਲੁਕਾ ਕੇ ਪੈਰਿਸ ਤੋਂ ਮਿਆਮੀ ਆ ਰਹੀ ਅਮੈਰਿਕਨ ਏਅਰਲਾਈਨਜ਼ ਦੀ ਟ੍ਰਾਂਸਐਟਲਾਂਟਿਕ ਫਲਾਈਟ ਨੂੰ ਉਡਾਉਣ ਦਾ ਯਤਨ ਕੀਤਾ ਪਰ ਨਾਕਾਮ ਰਿਹਾ। ਫਲਾਈਟ ਬੋਸਟਨ ਹਵਾਈ ਅੱਡੇ ’ਤੇ ਸੁਰੱਖਿਅਤ ਲੈਂਡ ਕਰ ਗਈ ਅਤੇ ਮੁਸਾਫ਼ਰਾਂ ਦੀ ਮਦਦ ਨਾਲ ਰਿਚਰਡ ਨੂੰ ਕਾਬੂ ਕਰ ਲਿਆ ਗਿਆ। ਮੁਢਲੇ ਤੌਰ ’ਤੇ ਬੈਲਟੀਮੋਰ-ਵਾਸ਼ਿੰਗਟਨ ਇੰਟਰਨੈਸ਼ਨ ਏਅਰਪੋਰਟ, ਫੋਰਟ ਲੌਡਰਡੇਲ ਇੰਟਰਨੈਸ਼ਨਲ ਏਅਰਪੋਰਟ, ਸਿਨਸਿਨਾਟੀ-ਨੌਰਦਨ ਕੈਂਟਕੀ ਇੰਟਰਨੈਸ਼ਨਲ ਏਅਰਪੋਰਟ, ਪੋਰਟਲੈਂਡ ਇੰਟਰਨੈਸ਼ਨਲ ਏਅਰਪੋਰਟ, ਫਿਲਾਡੈਲਫ਼ੀਆ ਇੰਟਰਨੈਸ਼ਨਲ ਏਅਰਪੋਰਟ ਅਤੇ ਨੌਰਥ ਕੈਰੋਲਾਈਨਾ ਦੇ ਪੀਡਮੌਂਟ ਟ੍ਰਾਇਐਡ ਇੰਟਰਨੈਸ਼ਨਲ ਏਅਰਪੋਰਟ ਮੁਸਾਫ਼ਰਾ ਨੂੰ ਬਗੈਰ ਸ਼ੂਜ ਉਤਾਰਿਆਂ ਜਹਾਜ਼ ਚੜ੍ਹਨ ਦੀ ਇਜਾਜ਼ਤ ਦਿਤੀ ਜਾ ਰਹੀ ਹੈ। ਸੀ.ਬੀ.ਐਸ. ਨਿਊਜ਼ ਦੀ ਰਿਪੋਰਟ ਮੁਤਾਬਕ ਲੌਸ ਐਂਜਲਸ ਇੰਟਰਨੈਸ਼ਨਲ ਏਅਰਪੋਰਟ ਅਤੇ ਨਿਊ ਯਾਰਕ ਸ਼ਹਿਰ ਦੇ ਕੌਮਾਂਤਰੀ ਹਵਾਈ ਅੱਡੇ ਨੂੰ ਸੋਮਵਾਰ ਰਾਤ ਹਦਾਇਤਾਂ ਮਿਲ ਗਈਆਂ ਕਿ ਹੁਣ ਮੁਸਾਫ਼ਰਾਂ ਦੀ ਜੁੱਤੀ ਉਤਾਰ ਕੇ ਤਲਾਸ਼ੀ ਨਾ ਲਈ ਜਾਵੇ। ਨਵੇਂ ਨਿਯਮਾਂ ਦਾ ਜਿਥੇ ਇਕ ਪਾਸੇ ਸਵਾਗਤ ਕੀਤਾ ਜਾ ਰਿਹਾ ਹੈ, ਉਥੇ ਹੀ ਹਵਾਈ ਸੁਰੱਖਿਆ ਦੇ ਮੁੱਦੇ ’ਤੇ ਨਵਾਂ ਵਿਵਾਦ ਪੈਦਾ ਹੋ ਗਿਆ ਹੈ।
ਟਰੰਪ ਸਰਕਾਰ ਨੇ ਅਚਨਚੇਤ ਲਿਆ ਅਹਿਮ ਫੈਸਲਾ
ਹਵਾਈ ਸਫ਼ਰ ਦੀ ਸੁਰੱਖਿਆ ਬਾਰੇ ਚਿੰਤਤ ਲੋਕਾਂ ਦਾ ਕਹਿਣਾ ਹੈ ਕਿ ਹਵਾਈ ਜਹਾਜ਼ਾਂ ਵਿਚ ਖੌਰੂ ਦੀਆਂ ਵਾਰਦਾਤਾਂ ਨਿਤ ਸਾਹਮਣੇ ਆ ਰਹੀਆਂ ਹਨ ਅਤੇ ਹੁਣ ਸੁਰੱਖਿਆ ਜਾਂਚ ਵਿਚ ਛੋਟ ਮਗਰੋਂ ਹਾਲਾਤ ਹੋਰ ਵਿਗੜ ਸਕਦੇ ਹਨ। ਇਸ ਦੇ ਉਲਟ ਰਿਆਇਤ ਤੋਂ ਖੁਸ਼ ਮੁਸਾਫ਼ਰਾਂ ਦਾ ਕਹਿਣਾ ਹੈ ਕਿ ਹਵਾਈ ਅੱਡਿਆਂ ’ਤੇ ਲੋਕਾਂ ਨੂੰ ਜੁੱਤੀਆਂ ਉਤਾਰਨ ਲਈ ਮਜਬੂਰ ਕਰਨਾ ਸਰਾਸਰ ਗੈਰਜ਼ਰੂਰੀ ਕਦਮ ਰਿਹਾ। ਦੱਸ ਦੇਈਏ ਕਿ ਜੁੱਤੀਆਂ ਦੀ ਤਲਾਸ਼ੀ ਤੋਂ ਰਾਹਤ ਦਾ ਪਹਿਲਾ ਸੰਕੇਤ ਟ੍ਰਾਂਸਪੋਰਟੇਸ਼ਨ ਸਕਿਉਰਿਟੀ ਐਡਮਨਿਸਟ੍ਰੇਸ਼ਨ ਦੇ ਇਕ ਸਾਬਕਾ ਏਜੰਟ ਵੱਲੋਂ ਟਿਕਟੌਕ ’ਤੇ ਪਾਈ ਵੀਡੀਓ ਰਾਹੀਂ ਮਿਲਿਆ ਜਿਸ ਵਿਚ ਦਾਅਵਾ ਕੀਤਾ ਗਿਆ ਸੀ ਮੁਸਾਫ਼ਰਾਂ ਲਈ ਸ਼ੂਜ਼ ਉਤਾਰਨ ਦੀ ਸ਼ਰਤ ਖਤਮ ਕੀਤੀ ਜਾ ਰਹੀ ਹੈ ਪਰ ਜ਼ਿਆਦਾਤਰ ਲੋਕਾਂ ਨੇ ਇਸ ਵੀਡੀਓ ਨੂੰ ਅਫ਼ਵਾਹ ਮੰਨਿਆ। ਹੁਣ ਜਦੋਂ ਸਮੁੱਚੇ ਅਮਰੀਕਾ ਦੇ ਮੀਡੀਆ ਵਿਚ ਖਬਰ ਫੈਲ ਚੁੱਕੀ ਹੈ ਤਾਂ ਹਵਾਈ ਮੁਸਾਫ਼ਰ ਰਾਹਤ ਮਹਿਸੂਸ ਕਰ ਰਹੇ ਹਨ।