UK ਡਿਪੋਰਟ ਕਰ ਰਿਹਾ 12,300 ਗੈਰਕਾਨੂੰਨੀ immigrants

ਯੂ.ਕੇ. ਵਿਚ ਗੈਰਕਾਨੂੰਨੀ ਪ੍ਰਵਾਸੀਆਂ ਦੀ ਫੜੋ-ਫ਼ੜੀ ਤੇਜ਼ ਕਰਦਿਆਂ 12,300 ਵਿਦੇਸ਼ੀ ਨਾਗਰਿਕਾਂ ਨੂੰ ਕਾਬੂ ਕਰ ਕੇ ਡਿਪੋਰਟ ਕੀਤਾ ਜਾ ਰਿਹਾ ਹੈ ਜਿਨ੍ਹਾਂ ਵਿਚੋਂ ਸੈਂਕੜੇ ਪੰਜਾਬੀ ਦੱਸੇ ਜਾ ਰਹੇ ਹਨ

Update: 2026-01-13 13:47 GMT

ਲੰਡਨ : ਟਰੰਪ ਦੀ ਤਰਜ਼ ’ਤੇ ਯੂ.ਕੇ. ਵਿਚ ਗੈਰਕਾਨੂੰਨੀ ਪ੍ਰਵਾਸੀਆਂ ਦੀ ਫੜੋ-ਫ਼ੜੀ ਤੇਜ਼ ਕਰਦਿਆਂ 12,300 ਵਿਦੇਸ਼ੀ ਨਾਗਰਿਕਾਂ ਨੂੰ ਕਾਬੂ ਕਰ ਕੇ ਡਿਪੋਰਟ ਕੀਤਾ ਜਾ ਰਿਹਾ ਹੈ ਜਿਨ੍ਹਾਂ ਵਿਚੋਂ ਸੈਂਕੜੇ ਪੰਜਾਬੀ ਦੱਸੇ ਜਾ ਰਹੇ ਹਨ। ਇੰਮੀਗ੍ਰੇਸ਼ਨ ਵਿਭਾਗ ਵੱਲੋਂ ਜਾਰੀ ਇਹ ਅੰਕੜਾ ਸਾਬਕਾ ਕੰਜ਼ਰਵੇਟਿਵ ਸਰਕਾਰ ਵੇਲੇ ਹਿਰਾਸਤ ਵਿਚ ਲਏ ਪ੍ਰਵਾਸੀਆਂ ਦੇ ਮੁਕਾਬਲੇ 83 ਫ਼ੀ ਸਦੀ ਵੱਧ ਬਣਦਾ ਹੈ। ਮੀਡੀਆ ਰਿਪੋਰਟ ਮੁਤਾਬਕ ਗ੍ਰਿਫ਼ਤਾਰ ਕੀਤੇ 7 ਪ੍ਰਵਾਸੀਆਂ ਵਿਚੋਂ ਇਕ ਨੂੰ ਤੁਰਤ ਡਿਪੋਰਟ ਕੀਤਾ ਜਾ ਰਿਹਾ ਹੈ ਜਦਕਿ ਬਾਕੀ ਰਹਿੰਦੇ ਵਿਦੇਸ਼ੀ ਨਾਗਰਿਕਾਂ ਨੂੰ ਡਿਪੋਰਟ ਕਰਨ ਦੀ ਪ੍ਰਕਿਰਿਆ ਉਤੇ ਅਮਲ ਜਾਰੀ ਹੈ। ਗ੍ਰਹਿ ਵਿਭਾਗ ਦੇ ਅੰਕੜੇ ਦਰਸਾਉਂਦੇ ਹਨ ਕਿ ਮੁਲਕ ਵਿਚੋਂ ਕੱਢੇ ਵਿਦੇਸ਼ੀ ਨਾਗਰਿਕਾਂ ਦੀ ਗਿਣਤੀ ਵਿਚ 35 ਫ਼ੀ ਸਦੀ ਵਾਧਾ ਹੋਇਆ ਹੈ। ਗ੍ਰਹਿ ਮੰਤਰਾਲੇ ਵੱਲੋਂ ਇਕ ਵੀਡੀਓ ਵੀ ਜਾਰੀ ਕੀਤੀ ਗਈ ਹੈ ਜਿਸ ਵਿਚ ਗੈਰਕਾਨੂੰਨੀ ਤਰੀਕੇ ਨਾਲ ਕੰਮ ਕਰ ਰਹੇ ਪ੍ਰਵਾਸੀਆਂ ਉਤੇ ਛਾਪਿਆਂ ਨੂੰ ਦਰਸਾਇਆ ਗਿਆ ਹੈ।

ਟਰੰਪ ਦੀ ਤਰਜ਼ ’ਤੇ ਚੱਲ ਰਹੇ ਇੰਮੀਗ੍ਰੇਸ਼ਨ ਛਾਪੇ

ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਨੇ ਡਿਪੋਰਟੇਸ਼ਨ ਪ੍ਰਕਿਰਿਆ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਸਾਡੀਆਂ ਕਮਿਊਨਿਟੀਜ਼ ਵਿਚ ਗੈਰਕਾਨੂੰਨੀ ਪ੍ਰਵਾਸੀਆਂ ਲਈ ਕੋਈ ਥਾਂ ਨਹੀਂ ਜਿਸ ਦੇ ਮੱਦੇਨਜ਼ਰ ਯੂ.ਕੇ. ਦੇ ਇਤਿਹਾਸ ਵਿਚ ਸਭ ਤੋਂ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ। ਪੂਰੇ ਮੁਲਕ ਵਿਚ ਛਾਪਿਆਂ ਦਾ ਸਿਲਸਿਲਾ ਚੱਲ ਰਿਹਾ ਹੈ ਅਤੇ ਯੂ.ਕੇ. ਦੀਆਂ ਸਰਹੱਦਾਂ ਨੂੰ ਮੁਕੰਮਲ ਤਰੀਕੇ ਨਾਲ ਸੁਰੱਖਿਅਤ ਬਣਾਏ ਜਾਣ ਤੱਕ ਕਾਰਵਾਈ ਜਾਰੀ ਰਹੇਗੀ। ਮਿਸਾਲ ਵਜੋਂ ਵੈਸਟ ਸਸੈਕਸ ਇਲਾਕੇ ਦੇ ਇਕ ਵੇਅਰ ਹਾਊਸ ਵਿਚ ਇੰਮੀਗ੍ਰੇਸ਼ਨ ਛਾਪੇ ਦੌਰਾਲ 13 ਜਣੇ ਕਾਬੂ ਕੀਤੇ ਗਏ ਜੋ ਗੈਰਕਾਨੂੰਨੀ ਤਰੀਕੇ ਨਾਲ ਕੰਮ ਕਰ ਰਹੇ ਸਨ ਜਿਨ੍ਹਾਂ ਵਿਚੋਂ 11 ਜਣਿਆਂ ਨੂੰ ਡਿਪੋਰਟ ਕੀਤੇ ਜਾ ਰਿਹਾ ਹੈ। ਸਿਰਫ਼ ਇਥੇ ਹੀ ਬੱਸ ਨਹੀਂ, ਸਵਿੰਡਨ ਵਿਖੇ ਇਕ ਕੰਸਟ੍ਰਕਸ਼ਨ ਸਾਈਟ ਤੋਂ 30 ਭਾਰਤੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਇਹ ਵੀ ਜਲਦ ਡਿਪੋਰਟ ਕੀਤੇ ਜਾ ਰਹੇ ਹਨ। ਛਾਪਿਆਂ ਵਿਚ ਸ਼ਾਮਲ ਇੰਮੀਗ੍ਰੇਸ਼ਨ ਅਫ਼ਸਰਾਂ ਦੀ ਛਾਤੀ ’ਤੇ ਵੀਡੀਓ ਕੈਮਰੇ ਲੱਗੇ ਹੁੰਦੇ ਹਨ ਅਤੇ ਕਿਸੇ ਵੀ ਜਗ੍ਹਾ ਹੋਣ ਵਾਲੀ ਕਾਰਵਾਈ ਦੀ ਵੀਡੀਓ ਰਿਕਾਰਡ ਹੋ ਜਾਂਦੀ ਹੈ। ਇੰਮੀਗ੍ਰੇਸ਼ਨ, ਕੰਪਲਾਇੰਸ ਐਂਡ ਐਨਫ਼ੋਰਸਮੈਂਟ ਯੂਨਿਟ ਦੇ ਡਾਇਰੈਕਟਰ ਐਡੀ ਮੌਂਟਗੌਮਰੀ ਦਾ ਕਹਿਣਾ ਸੀ ਕਿ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਵਿਚੋਂ ਗੈਰਕਾਨੂੰਨੀ ਪ੍ਰਵਾਸੀਆਂ, ਖਾਸ ਤੌਰ ’ਤੇ ਅਪਰਾਧੀਆਂ ਨੂੰ ਕੱਢਣ ਦਾ ਟੀਚਾ ਹਰ ਹੀਲੇ ਪੂਰਾ ਕੀਤਾ ਜਾਵੇਗਾ। ਯੂ.ਕੇ. ਵਿਚ ਗੈਰਕਾਨੂੰਨੀ ਤਰੀਕੇ ਨਾਲ ਕੰਮ ਕਰਨਾ ਆਪਣੇ ਆਪ ਵਿਚ ਗੰਭੀਰ ਅਪਰਾਧ ਹੈ ਅਤੇ ਇਹ ਅਪਰਾਧ ਕਰਨ ਵਾਲੇ ਹਰ ਵਿਦੇਸ਼ੀ ਨਾਗਰਿਕ ਨੂੰ ਡਿਪੋਰਟ ਕਰਨਾ ਲਾਜ਼ਮੀ ਹੈ।

ਕਾਬੂ ਕੀਤੇ ਪ੍ਰਵਾਸੀਆਂ ਵਿਚ ਸੈਂਕੜੇ ਪੰਜਾਬੀ ਸ਼ਾਮਲ

ਦੂਜੇ ਪਾਸੇ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਦੇ ਗ੍ਰਹਿ ਮਾਮਲਿਆਂ ਬਾਰੇ ਆਲੋਚਕ ਕ੍ਰਿਸ ਫ਼ਿਲਿਪ ਨੇ ਕਿਹਾ ਕਿ ਗੈਰਕਾਨੂੰਨੀ ਤਰੀਕੇ ਨਾਲ ਕੰਮ ਕਰ ਰਹੇ ਪ੍ਰਵਾਸੀਆਂ ਦੀ ਤਨਖ਼ਾਹ ਜ਼ਬਤ ਹੋਣੀ ਚਾਹੀਦੀ ਹੈ ਅਤੇ ਬਗੈਰ ਕਿਸੇ ਦਲੀਲ ਤੋਂ ਡਿਪੋਰਟ ਕਰ ਦਿਤਾ ਜਾਵੇ। ਪਰ ਐਨੀ ਸਖ਼ਤੀ ਦੇ ਬਾਵਜੂਦ ਹੈਲਥਕੇਅਰ ਵੀਜ਼ਾ ’ਤੇ ਯੂ.ਕੇ. ਪੁੱਜੇ ਪ੍ਰਵਾਸੀ ਭਾਰਤੀ ਰੈਸਟੋਰੈਂਟਾਂ ਵਿਚ ਕੰਮ ਕਰਦੇ ਫੜੇ ਜਾ ਰਹੇ ਹਨ। ਹਾਲ ਹੀ ਵਿਚ 26 ਸਾਲ ਦੇ ਬੰਗਲਾਦੇਸ਼ੀ ਨਾਗਰਿਕ ਨੂੰ ਭਾਰਤੀ ਰੈਸਟੋਰੈਂਟ ਵਿਚ ਖਾਣਾ ਪਰੋਸਦਿਆਂ ਕਾਬੂ ਕੀਤਾ ਗਿਆ ਜੋ 2023 ਵਿਚ ਹੈਲਥ ਕੇਅਰ ਵੀਜ਼ਾ ’ਤੇ ਯੂ.ਕੇ. ਪੁੱਜਾ ਸੀ। ਇਜਾਜ਼ ਆਬਿਦ ਦਾ ਵੀਜ਼ਾ ਰੱਦ ਕਰ ਦਿਤਾ ਗਿਆ ਹੈ ਅਤੇ ਭਾਰਤੀ ਰੈਸਟੋਰੈਂਟ ਦੇ ਮਾਲਕ ਵਿਰੁੱਧ ਵੀ ਕਾਰਵਾਈ ਕੀਤੀ ਜਾ ਰਹੀ ਹੈ। ਯੂ.ਕੇ. ਸਰਕਾਰ ਵੱਲੋਂ 2020 ਵਿਚ ਹੈਲਥ ਕੇਅਰ ਵੀਜ਼ਾ ਆਰੰਭਿਆ ਗਿਆ ਅਤੇ ਹੁਣ ਤੱਕ 7 ਲੱਖ 60 ਹਜ਼ਾਰ ਵਿਦੇਸ਼ੀ ਨਾਗਰਿਕ ਅਤੇ ਉਨ੍ਹਾਂ ਦੇ ਪਰਵਾਰਕ ਮੈਂਬਰ ਯੂ.ਕੇ. ਦਾਖਲ ਹੋ ਚੁੱਕੇ ਹਨ।

Tags:    

Similar News