100 ਤੋਂ ਵੱਧ ਮੁਲਕਾਂ ’ਤੇ ਲਾਗੂ ਹੋਈਆਂ ਟਰੰਪ ਦੀਆਂ ਟੈਰਿਫ਼ਸ
ਭਾਰਤ ਸਣੇ ਦੁਨੀਆਂ ਦੇ 100 ਤੋਂ ਵੱਧ ਮੁਲਕਾਂ ਉਤੇ ਟਰੰਪ ਦੀਆਂ ਟੈਰਿਫ਼ਸ ਲਾਗੂ ਹੋ ਚੁੱਕੀਆਂ ਹਨ
ਵਾਸ਼ਿੰਗਟਨ : ਭਾਰਤ ਸਣੇ ਦੁਨੀਆਂ ਦੇ 100 ਤੋਂ ਵੱਧ ਮੁਲਕਾਂ ਉਤੇ ਟਰੰਪ ਦੀਆਂ ਟੈਰਿਫ਼ਸ ਲਾਗੂ ਹੋ ਚੁੱਕੀਆਂ ਹਨ। ਜੀ ਹਾਂ, ਭਾਰਤ ਨੂੰ 50 ਫੀ ਸਦੀ ਟੈਰਿਫ਼ਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਦਕਿ ਬਾਕੀ ਮੁਲਕਾਂ ਨੂੰ ਪਹਿਲਾਂ ਤੋਂ ਤੈਅ ਦਰਾਂ ਮੁਤਾਬਕ ਅਦਾਇਗੀ ਕਰਨੀ ਹੋਵੇਗੀ। ਅਮਰੀਕਾ ਦੇ ਰਾਸ਼ਟਰਪਤੀ ਨੇ ਸੋਸ਼ਲ ਮੀਡੀਆ ਰਾਹੀਂ ਟਿੱਪਣੀ ਕਰਦਿਆਂ ਕਿਹਾ, ‘‘ਅੱਧੀ ਰਾਤ ਹੋ ਚੁੱਕੀ ਹੈ ਅਤੇ ਟੈਰਿਫ਼ਸ ਦੇ ਰੂਪ ਵਿਚ ਅਰਬਾਂ ਡਾਲਰ ਅਮਰੀਕਾ ਵੱਲ ਆ ਰਹੇ ਹਨ।’’ ਦੱਸ ਦੇਈਏ ਕਿ ਟਰੰਪ ਵੱਲੋਂ 2 ਅਪ੍ਰੈਲ ਤੋਂ ਟੈਰਿਫ਼ਸ ਲਾਗੂ ਕਰਨ ਦਾ ਐਲਾਨ ਕੀਤਾ ਗਿਆ ਪਰ ਕੌਮਾਂਤਰੀ ਸ਼ੇਅਰ ਬਾਜ਼ਾਰਾਂ ਹਾਲਾਤ ਬਦਤਰ ਹੋ ਗਏ ਅਤੇ ਨਿਵੇਸ਼ਕਾਂ ਨੇ ਆਪਣੇ ਸ਼ੇਅਰ ਵੇਚਣੇ ਸ਼ੁਰੂ ਕਰ ਦਿਤੇ।
50 ਫੀ ਸਦੀ ਟੈਰਿਫ਼ਸ ਨਾਲ ਭਾਰਤ ਸਭ ਤੋਂ ਅੱਗੇ
ਅਮਰੀਕਾ ਦਾ ਸ਼ੇਅਰ ਬਾਜ਼ਾਰ ਵੀ ਮੂਧੇ ਮੂੰਹ ਡਿੱਗਿਆ ਅਤੇ ਸਿਰਫ਼ ਦੋ ਦਿਨ ਵਿਚ 10 ਫੀ ਸਦੀ ਤੋਂ ਵੱਧ ਗਿਰਾਵਟ ਦਰਜ ਕੀਤੀ ਗਈ। ਹਾਲਾਤ ਦੀ ਨਜ਼ਾਕਤ ਨੂੰ ਸਮਝਦਿਆਂ ਟਰੰਪ ਨੇ ਟੈਰਿਫ਼ਸ ਦਾ ਮਸਲਾ 90 ਦਿਨ ਲਈ ਟਾਲ ਦਿਤਾ। ਇਸ ਵਾਰ ਭਾਵੇਂ ਵੱਖ ਵੱਖ ਮੁਲਕਾਂ ਨਾਲ ਵਪਾਰ ਸਮਝੌਤੇ ਕਰਦਿਆਂ ਟਰੰਪ ਵੱਲੋਂ ਟੈਰਿਫ਼ਸ ਕਿਸੇ ਹੱਦ ਤੱਕ ਹੇਠਾਂ ਲਿਆਂਦੀਆਂ ਗਈਆਂ ਪਰ ਆਰਥਿਕ ਮਾਹਰਾਂ ਦਾ ਕਹਿਣਾ ਹੈ ਕਿ ਕੌਮਾਂਤਰੀ ਬਾਜ਼ਾਰਾਂ ’ਤੇ ਅਸਰ ਲਾਜ਼ਮੀ ਪਵੇਗਾ। ਦੂਜੇ ਪਾਸੇ ਅਮਰੀਕਾ ਦੀ ਯੇਲ ਯੂਨੀਵਰਸਿਟੀ ਦੇ ਅੰਦਾਜ਼ੇ ਮੁਤਾਬਕ ਔਸਤ ਟੈਫਿਰ ਦਰ 18.3 ਫੀ ਸਦੀ ਹੋ ਚੁੱਕੀ ਹੈ ਜੋ ਪਿਛਲੇ 100 ਸਾਲ ਵਿਚ ਸਭ ਤੋਂ ਜ਼ਿਆਦਾ ਹੈ। 1909 ਵਿਚ ਅਮਰੀਕਾ 21 ਫੀ ਸਦੀ ਟੈਰਿਫ਼ਸ ਵਸੂਲ ਰਿਹਾ ਸੀ। ਵਿਦੇਸ਼ਾਂ ਤੋਂ ਆਉਣ ਵਾਲੀਆਂ ਚੀਜ਼ਾਂ ਉਤੇ ਜ਼ਿਆਦਾ ਟੈਕਸ ਲੱਗਣ ਕਰ ਕੇ ਅਮੈਰਿਕਨ ਪਰਵਾਰਾਂ ਨੂੰ ਹਰ ਸਾਲ 2,400 ਡਾਲਰ ਵਾਧੂ ਖਰਚ ਕਰਨੇ ਹੋਣਗੇ। ਪਹਿਲਾਂ ਜਿਹੜਾ ਵਿਦੇਸ਼ਾ ਸਮਾਨ 100 ਡਾਲਰ ਵਿਚ ਮਿਲ ਰਿਹਾ ਸੀ, ਹੁਣ ਉਹ 118 ਡਾਲਰ ਤੋਂ ਵੱਧ ਕੀਮਤ ’ਤੇ ਮਿਲੇਗਾ। ਆਰਥਿਕ ਮਾਹਰਾਂ ਨੇ ਦਾਅਵਾ ਕੀਤਾ ਹੈ ਕਿ ਅਮਰੀਕਾ ਵਿਚ ਉਨ੍ਹਾਂ ਚੀਜ਼ਾਂ ਦੀਆਂ ਕੀਮਤਾਂ ਹੋਰ ਵਧਣਗੀਆਂ ਜਿਨ੍ਹਾਂ ਵਿਚ ਸਟੀਲ ਅਤੇ ਐਲੂਮੀਨੀਅਮ ਦੀ ਵਰਤੋਂ ਕੀਤੀ ਜਾਂਦੀ ਹੈ। ਇਕ ਹੋਰ ਅੰਦਾਜ਼ੇ ਮੁਤਾਬਕ ਟਰੰਪ ਦੀਆਂ ਟੈਰਿਫ਼ਸ ਨਾਲ ਅਮਰੀਕਾ ਦੇ ਜੀ.ਡੀ.ਪੀ. ਨੂੰ 140 ਅਰਬ ਡਾਲਰ ਦਾ ਨੁਕਸਾਨ ਹੋਵੇਗਾ। ਖਾਣ-ਪੀਣ ਵਾਲੀਆਂ ਚੀਜ਼ਾਂ ਦਾ ਜ਼ਿਕਰ ਕੀਤਾ ਜਾਵੇ ਤਾਂ ਕੇਲੇ ਅਤੇ ਕੌਫੀ ਸਭ ਤੋਂ ਮਹਿੰਗੇ ਹੋਣਗੇ ਜਦਕਿ ਮੱਛੀ, ਬੀਅਰ ਅਤੇ ਸ਼ਰਾਬ ਦੀਆਂ ਕੀਮਤਾਂ ਵਿਚ ਵਾਧਾ ਹੋਣ ਦੇ ਆਸਾਰ ਹਨ।
ਅਮਰੀਕਾ ਦੇ ਜੀ.ਡੀ.ਪੀ. ਨੂੰ 140 ਅਰਬ ਡਾਲਰ ਦਾ ਹੋਵੇਗਾ ਨੁਕਸਾਨ : ਮਾਹਰ
ਟਰੰਪ ਦਾਅਵਾ ਕਰ ਰਹੇ ਹਨ ਕਿ ਅਮਰੀਕਾ ਦਾ ਅਰਥਚਾਰਾ ਮਜ਼ਬੂਤ ਹੋਵੇਗਾ ਪਰ ਮਾਹਰਾਂ ਦਾ ਕਹਿਣਾ ਹੈ ਕਿ ਮਹਿੰਗਾਈ ਵਧੀ ਤਾਂ ਲੋਕ ਖਰੀਦਾਰੀ ਘਟਾ ਦੇਣਗੇ ਅਤੇ ਰੁਜ਼ਗਾਰ ਦੇ ਮੌਕੇ ਘਟ ਸਕਦੇ ਹਨ। ਹੁਣ ਤੱਕ ਮੋੜਵੀਆਂ ਟੈਰਿਫ਼ਸ ਦਾ ਜ਼ਿਆਦਾ ਰੌਲਾ ਨਹੀਂ ਪਿਆ ਪਰ ਸਮਾਂ ਲੰਘਣ ’ਤੇ ਜਵਾਬੀ ਕਾਰਵਾਈ ਸਾਹਮਣੇ ਆ ਸਕਦੀ ਹੈ। ਸਭ ਤੋਂ ਵੱਡਾ ਖਤਰਾ ਰਿਸੈਸ਼ਨ ਦਾ ਮੰਡਰਾਉਣ ਲੱਗਾ ਹੈ। ਕੌਮਾਂਤਰੀ ਏਜੰਸੀਆਂ ਅਤੇ ਆਰਥਿਕ ਮਾਹਰਾਂ ਨੇ ਸਾਫ਼ ਲਫ਼ਜ਼ਾਂ ਵਿਚ ਚਿਤਾਵਨੀ ਦਿਤੀ ਹੈ ਕਿ ਟੈਰਿਫ਼ ਜੰਗ ਅੱਗੇ ਵਧੀ ਤਾਂ ਦੁਨੀਆਂ ਨੂੰ ਰਿਸੈਸ਼ਨ ਤੋਂ ਕੋਈ ਨਹੀਂ ਬਚਾ ਸਕਦਾ। ਆਈ.ਐਮ.ਐਫ਼. ਦੇ ਅੰਦਾਜ਼ੇ ਮੁਤਾਬਕ ਕਾਰੋਬਾਰੀ ਜੰਗ ਕਰ ਕੇ ਕੌਮਾਂਤਰੀ ਵਿਕਾਸ ਦਰ 3.3 ਫੀ ਸਦੀ ਤੋਂ ਘਟ ਕੇ ਤਿੰਨ ਫੀ ਸਦੀ ’ਤੇ ਆ ਸਕਦੀ ਹੈ। ਟਰੰਪ ਦੀਆਂ ਟੈਰਿਫ਼ਸ ਹਰ ਮੁਲਕ ਨੂੰ ਪ੍ਰਭਾਵਤ ਕਰਨਗੀਆਂ ਅਤੇ ਇਨ੍ਹਾਂ ਕਰ ਕੇ ਵਸਤਾਂ ਦੇ ਨਿਰਮਾਣ ਤੇ ਐਕਸਪੋਰਟਸ ਵਿਚ ਕਮੀ ਆ ਸਕਦੀ ਹੈ।