ਟਰੰਪ ਵੱਲੋਂ ਲੰਡਨ ਦੇ ਮੇਅਰ ਸਾਦਿਕ ਖਾਨ ਬਾਰੇ ਇਤਰਾਜ਼ਯੋਗ ਟਿੱਪਣੀ
ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਇਕ ਵਾਰ ਫਿਰ ਲੰਡਨ ਦੇ ਮੇਅਰ ਸਾਦਿਕ ਖਾਨ ਵਿਰੁੱਧ ਤਲਖ ਟਿੱਪਣੀ ਕਰਦਿਆਂ ਉਨ੍ਹਾਂ ਨੂੰ ਘਿਨਾਉਣਾ ਇਨਸਾਨ ਦੱਸਿਆ ਅਤੇ ਕੰਮਕਾਜ ਦੀ ਨਿਖੇਧੀ ਵੀ ਕੀਤੀ
ਐਡਿਨਬਰਾ : ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਇਕ ਵਾਰ ਫਿਰ ਲੰਡਨ ਦੇ ਮੇਅਰ ਸਾਦਿਕ ਖਾਨ ਵਿਰੁੱਧ ਤਲਖ ਟਿੱਪਣੀ ਕਰਦਿਆਂ ਉਨ੍ਹਾਂ ਨੂੰ ਘਿਨਾਉਣਾ ਇਨਸਾਨ ਦੱਸਿਆ ਅਤੇ ਕੰਮਕਾਜ ਦੀ ਨਿਖੇਧੀ ਵੀ ਕੀਤੀ। ਬਰਤਾਨੀਆ ਦੇ ਪ੍ਰਧਾਨ ਮੰਤਰੀ ਕਿਅਰ ਸਟਾਰਮਰ ਨਾਲ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਇਕ ਪੱਤਰਕਾਰ ਨੇ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਨੂੰ ਪੁੱਛਿਆ ਕਿ ਕੀ ਉਹ ਸਤੰਬਰ ਵਿਚ ਸਰਕਾਰੀ ਦੌਰੇ ’ਤੇ ਲੰਡਨ ਆਉਣਗੇ ਤਾਂ ਸਾਦਿਕ ਖਾਨ ਨੂੰ ਨਿਸ਼ਾਨੇ ’ਤੇ ਲੈਂਦਿਆਂ ਟਰੰਪ ਨੇ ਕਿਹਾ, ‘‘ਮੈਂ ਤੁਹਾਡੇ ਮੇਅਰ ਦਾ ਪ੍ਰਸ਼ੰਸਕ ਨਹੀਂ, ਮੈਨੂੰ ਲਗਦਾ ਹੈ ਕਿ ਮੇਅਰ ਨੇ ਨਾਕਸ ਕਾਰਗੁਜ਼ਾਰੀ ਦਿਖਾਈ।’’ ਟਰੰਪ ਦੀ ਇਸ ਟਿੱਪਣੀ ਮਗਰੋਂ ਕਿਅਰ ਸਟਾਰਮਰ ਵਿਚਾਲੇ ਬੋਲ ਪਏ ਅਤੇ ਕਿਹਾ ਕਿ ਸਾਦਿਕ ਖਾਨ ਉਨ੍ਹਾਂ ਦੇ ਦੋਸਤ ਹਨ ਪਰ ਟਰੰਪ ਆਪਣੇ ਬਿਆਨ ਅੜੇ ਰਹੇ ਅਤੇ ਕਿਹਾ ਕਿ ਉਹ ਲੰਡਨ ਜ਼ਰੂਰ ਆਉਣਗੇ ਪਰ ਸਾਦਿਕ ਖਾਨ ਦੀ ਕਾਰਗੁਜ਼ਾਰੀ ਚੰਗੀ ਨਹੀਂ। ਟਰੰਪ ਵੱਲੋਂ ਪਹਿਲੀ ਵਾਰ ਸਾਦਿਕ ਖਾਨ ਉਤੇ ਸ਼ਬਦੀ ਵਾਰ ਨਹੀਂ ਕੀਤੇ ਗਏ। 2019 ਵਿਚ ਵੀ ਉਨ੍ਹਾਂ ਨੇ ਲੰਡਨ ਦੇ ਮੇਅਰ ਨੂੰ ਨਾਕਾਮ ਇਨਸਾਨ ਦਸਦਿਆਂ ਸੁਝਾਅ ਦਿਤਾ ਸੀ ਕਿ ਉਹ ਆਪਣੇ ਸ਼ਹਿਰ ਵਿਚ ਵਧਦੇ ਅਪਰਾਧ ਵੱਲ ਧਿਆਨ ਦੇਣ। ਉਸ ਵੇਲੇ ਵੀ ਟਰੰਪ ਬਰਤਾਨੀਆ ਦੀ ਸਰਕਾਰੀ ਫੇਰੀ ’ਤੇ ਸਨ।
ਪ੍ਰਧਾਨ ਮੰਤਰੀ ਦੀ ਮੌਜੂਦਗੀ ਵਿਚ ਘਿਨਾਉਣਾ ਇਨਸਾਨ ਦੱਸਿਆ
ਟਰੰਪ ਵੱਲੋਂ ਸਾਦਿਕ ਖਾਨ ਨੂੰ ਆਈ.ਕਿਊ. ਟੈਸਟ ਦੀ ਚੁਣੌਤੀ ਵੀ ਦਿਤੀ ਜਾ ਚੁੱਕੀ ਹੈ। ਆਪਣੇ ਪਹਿਲੇ ਕਾਰਜਕਾਲ ਦੌਰਾਨ ਟਰੰਪ ਨੇ ਸਾਦਿਕ ਖਾਨ ’ਤੇ ਅਤਿਵਾਦ ਨਾਲ ਨਜਿੱਠਣ ਵਿਚ ਅਸਫ਼ਲ ਰਹਿਣ ਦਾ ਦੋਸ਼ ਲਾਇਆ ਸੀ। ਦੂਜੇ ਪਾਸੇ ਸਾਦਿਕ ਖਾਨ ਦੇ ਬੁਲਾਰੇ ਨੇ ਟਰੰਪ ਨੂੰ ਮੋੜਵਾਂ ਜਵਾਬ ਦਿੰਦਿਆਂ ਕਿਹਾ ਕਿ ਮੇਅਰ ਨੂੰ ਖੁਸ਼ੀ ਹੈ ਕਿ ਟਰੰਪ ਦੁਨੀਆਂ ਦੇ ਸਭ ਤੋਂ ਮਹਾਨ ਸ਼ਹਿਰ ਆਉਣਾ ਚਾਹੁੰਦੇ ਹਨ। ਜੇ ਉਹ ਲੰਡਨ ਆਉਣਗੇ ਤਾਂ ਸਾਡੀ ਸਭਿਆਚਾਰਕ ਵੰਨ ਸੁਵੰਨਤਾ ਸਾਨੂੰ ਕਮਜ਼ੋਰ ਨਹੀਂ ਸਗੋਂ ਮਜ਼ਬੂਤ ਬਣਾਉਂਦੀ ਹੈ। ਸਾਦਿਕ ਖਾਨ ਅਤੀਤ ਵਿਚ ਕਹਿ ਚੁੱਕੇ ਹਨ ਕਿ ਟਰੰਪ ਉਨ੍ਹਾਂ ਨੂੰ ਧਰਮ ਅਤੇ ਨਸਲ ਦੇ ਆਧਾਰ ’ਤੇ ਨਿਸ਼ਾਨਾ ਬਣਾ ਰਹੇ ਹਨ। ਦੱਸ ਦੇਈਏ ਕਿ ਸਾਦਿਕ ਖਾਨ ਦਾ ਪਿਛੋਕੜ ਪਾਕਿਸਤਾਨ ਨਾਲ ਸਬੰਧਤ ਹੈ ਅਤੇ ਉਨ੍ਹਾਂ ਦੇ ਪਿਤਾ ਰੈਡ ਬੱਸ ਚਲਾਉਂਦੇ ਸਨ ਪਰ ਉਨ੍ਹਾਂ ਦੀ ਦਿਲਚਸਪੀ ਸਿਆਸਤ ਵਿਚ ਸੀ ਅਤੇ ਆਖਰਕਾਰ ਸਫ਼ਲਤਾ ਵੀ ਹਾਸਲ ਹੋਈ।