ਟਰੰਪ ਦੇ ਇੰਮੀਗ੍ਰੇਸ਼ਨ ਅਫ਼ਸਰਾਂ ਨੇ ਚੁੱਕੇ 14 ਪੰਜਾਬੀ
ਅਮਰੀਕਾ ਦੇ ਕੈਲੇਫੋਰਨੀਆ ਸੂਬੇ ਵਿਚ ਇੰਮੀਗ੍ਰੇਸ਼ਨ ਛਾਪਿਆਂ ਦੌਰਾਨ ਕਈ ਪੰਜਾਬੀਆਂ ਨੂੰ ਹਿਰਾਸਤ ਵਿਚ ਲਏ ਜਾਣ ਦੀ ਖਬਰ ਸਾਹਮਣੇ ਆਈ ਹੈ।
ਸੈਕਰਾਮੈਂਟੋ : ਅਮਰੀਕਾ ਦੇ ਕੈਲੇਫੋਰਨੀਆ ਸੂਬੇ ਵਿਚ ਇੰਮੀਗ੍ਰੇਸ਼ਨ ਛਾਪਿਆਂ ਦੌਰਾਨ ਕਈ ਪੰਜਾਬੀਆਂ ਨੂੰ ਹਿਰਾਸਤ ਵਿਚ ਲਏ ਜਾਣ ਦੀ ਖਬਰ ਸਾਹਮਣੇ ਆਈ ਹੈ। ਪੀਕੋ ਰਿਵੇਰਾ ਸ਼ਹਿਰ ਵਿਚ ਇੰਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਵਾਲਿਆਂ ਨੇ ਸੜਕ ’ਤੇ ਹੀ ਪ੍ਰਵਾਸੀਆਂ ਨੂੰ ਘੇਰ ਲਿਆ ਅਤੇ ਕੁਝ ਮਿੰਟ ਦੀ ਬਹਿਸ ਮਗਰੋਂ ਉਨ੍ਹਾਂ ਨੂੰ ਹਥਕੜੀਆਂ ਲਾ ਕੇ ਲੈ ਗਏ। ਇੰਮੀਗ੍ਰੇਸ਼ਨ ਅਦਾਲਤਾਂ ਵਿਚੋਂ ਪ੍ਰਵਾਸੀਆਂ ਨੂੰ ਕਾਬੂ ਕਰਨ ਦਾ ਸਿਲਸਿਲਾ ਕਾਫ਼ੀ ਸਮਾਂ ਪਹਿਲਾਂ ਸ਼ੁਰੂ ਕੀਤਾ ਜਾ ਚੁੱਕਾ ਹੈ ਅਤੇ ਹੁਣ ਸਾਧਾਰਣ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੀ ਸੁਣਵਾਈ ਵਾਸਤੇ ਆਉਣ ਵਾਲੇ ਪ੍ਰਵਾਸੀਆਂ ਨੂੰ ਵੀ ਚੁੱਕ ਚੁੱਕ ਕੇ ਡਿਪੋਰਟ ਕੀਤਾ ਜਾ ਰਿਹਾ ਹੈ। ਰਾਸ਼ਟਰਪਤੀ ਡੌਨਲਡ ਟਰੰਪ ਦੇ ਹੁਕਮਾਂ ’ਤੇ ਚੱਲ ਰਹੀ ਇਸ ਕਾਰਵਾਈ ਦਾ ਅੰਤ ਹੁੰਦਾ ਫ਼ਿਲਹਾਲ ਨਜ਼ਰ ਨਹੀਂ ਆਉਂਦਾ ਪਰ ਪ੍ਰਵਾਸੀਆਂ ਦੇ ਹਮਾਇਤੀਆਂ ਜਾਂ ਮਦਦਗਾਰਾਂ ਦੀ ਗਿਣਤੀ ਵੀ ਘੱਟ ਨਹੀਂ। ਲੌਸ ਐਂਜਲਸ ਡੌਜਰਜ਼ ਵੱਲੋਂ ਹਾਲ ਹੀ ਵਿਚ ਵਾਪਰੇ ਘਟਨਾਕ੍ਰਮ ਕਾਰਨ ਪ੍ਰਭਾਵਤ ਹੋਏ ਪ੍ਰਵਾਸੀ ਪਰਵਾਰਾਂ ਦੀ ਮਦਦ ਲਈ 10 ਲੱਖ ਡਾਲਰ ਦੀ ਮਦਦ ਦਾ ਐਲਾਨ ਕੀਤਾ ਗਿਆ ਹੈ।
ਰਾਹ ਜਾਂਦਿਆਂ ਨੂੰ ਘੇਰ ਕੇ ਹੋਣ ਲੱਗੀ ਪੁੱਛ-ਪੜਤਾਲ
ਡੌਜਰਜ਼ ਦੇ ਪ੍ਰੈਜ਼ੀਡੈਂਟ ਅਤੇ ਮੁੱਖ ਕਾਰਜਕਾਰੀ ਅਫ਼ਸਰ ਸਟੈਨ ਕੈਸਟਨ ਨੇ ਕਿਹਾ ਕਿ ਲੌਸ ਐਂਜਲਸ ਵਿਚ ਵਾਪਰੇ ਘਟਨਾਕ੍ਰਮ ਨੇ ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ’ਤੇ ਅਸਰ ਪਾਇਆ ਹੈ। ਇਕ ਖੇਡ ਜਥੇਬੰਦੀ ਹੋਣ ਦੇ ਨਾਤੇ ਅਸੀਂ ਸਮਝ ਸਕਦੇ ਹਾਂ ਕਿ ਕਮਿਊਨਿਟੀਜ਼ ਦੀ ਸਹਾਇਤਾ ਕਰਨੀ ਬਣਦੀ ਹੈ। ਇਥੇ ਦਸਣਾ ਬਣਦਾ ਹੈ ਕਿ ਕੁਝ ਦਿਨ ਪਹਿਲਾਂ ਲੌਸ ਐਂਜਲਸ ਡੌਜਰਜ਼ ਅਤੇ ਇੰਮੀਗ੍ਰੇਸ਼ਨ ਅਧਿਕਾਰੀਆਂ ਵਿਚਾਲੇ ਸ਼ਬਦੀ ਜੰਗ ਛਿੜ ਗਈ ਜਦੋਂ ਸਟੇਡੀਅਮ ਵਿਚੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਕਾਬੂ ਕਰਨ ਲਈ ਛਾਪਾ ਮਾਰਿਆ ਗਿਆ। ਦੂਜੇ ਪਾਸੇ ਅਮਰੀਕਾ ਵੱਲੋਂ ਤਿੰਨ ਭਾਰਤੀ ਮੁਲਾਜ਼ਮਾਂ ਦੇ ਐਚ-1ਬੀ ਵੀਜ਼ਾ ਰੱਦ ਕਰ ਦਿਤੇ ਗਏ। ਭਾਰਤੀ ਮੁਲਾਜ਼ਮਾਂ ਵਿਰੁੱਧ ਦੋਸ਼ ਹੈ ਕਿ ਉਨ੍ਹਾਂ ਨੇ ਤੈਅ ਸਮੇਂ ਤੋਂ ਵੱਧ ਭਾਰਤ ਵਿਚ ਸਮਾਂ ਬਤੀਤ ਕੀਤਾ। ਇਕ ਮੁਲਾਜ਼ਮ ਤਿੰਨ ਮਹੀਨੇ ਤੋਂ ਵੱਧ ਸਮਾਂ ਭਾਰਤ ਵਿਚ ਰਿਹਾ। ਭਾਰਤੀ ਨਾਗਰਿਕਾਂ ਕੋਲ ਓਵਰ ਸਟੇਅ ਨੂੰ ਜਾਇਜ਼ ਠਹਿਰਾਉਣ ਲਈ ਐਮਰਜੰਸੀ ਪਰੂਫ਼ ਅਤੇ ਇੰਪਲੌਇਰ ਵੱਲੋਂ ਜਾਰੀ ਚਿੱਠੀ ਵੀ ਮੌਜੂਦ ਸੀ ਪਰ ਫਿਰ ਵੀ ਅਮਰੀਕਾ ਦਾਖਲ ਹੋਣ ਦੀ ਇਜਾਜ਼ਤ ਨਾ ਦਿਤੀ ਗਈ।
ਤਿੰਨ ਭਾਰਤੀ ਮੁਲਾਜ਼ਮਾਂ ਦੇ ਐਚ-1ਬੀ ਵੀਜ਼ਾ ਰੱਦ
ਇਥੇ ਦਸਣਾ ਬਣਦਾ ਹੈ ਕਿ ਐਚ-1ਬੀ ਵੀਜ਼ਾ ਧਾਰਕਾਂ ਨੂੰ ਵੱਧ ਤੋਂ ਵੱਧ 60 ਦਿਨ ਅਮਰੀਕਾ ਤੋਂ ਬਾਹਰ ਰਹਿਣ ਦੀ ਇਜਾਜ਼ਤ ਮਿਲਦੀ ਹੈ ਅਤੇ ਉਹ ਵੀ ਵੈਲਿਡ ਰੀਜ਼ਨ ਹੋਣ ’ਤੇ। ਵੀਜ਼ਾ ਰੱਦ ਹੋਣ ਤੋਂ ਬਚਾਉਣ ਲਈ 30-40 ਦਿਨ ਤੋਂ ਵੱਧ ਸਮਾਂ ਅਮਰੀਕਾ ਤੋਂ ਬਾਹਰ ਨਹੀਂ ਰਹਿਣਾ ਚਾਹੀਦਾ। ਤਿੰਨੋਂ ਭਾਰਤੀ ਨਾਗਰਿਕਾਂ ਨੂੰ ਆਬੂ ਧਾਬੀ ਇੰਟਰਨੈਸ਼ਨ ਏਅਰਪੋਰਟ ਤੋਂ ਹੀ ਵਾਪਸ ਭੇਜ ਦਿਤਾ ਗਿਆ ਜਿਥੇ ਯੂ.ਐਸ. ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਦੀ ਪ੍ਰੀ-ਕਲੀਅਰੈਂਸ ਸਹੂਲਤ ਮੌਜੂਦ ਹੈ। ਇਥੋਂ ਅਮਰੀਕਾ ਰਵਾਨਾ ਹੋਣ ਵਾਲੇ ਮੁਸਾਫ਼ਰਾਂ ਨੂੰ ਇੰਮੀਗ੍ਰੇਸ਼ਨ ਅਤੇ ਕਸਟਮਜ਼ ਦੀ ਪੁਣ-ਛਾਣ ਵਿਚੋਂ ਲੰਘਣਾ ਪੈਂਦਾ ਹੈ।