ਟਰੰਪ ਦੇ ਸਲਾਹਕਾਰ ਨੇ ਭਾਰਤ ਉਤੇ ਲਾਏ ਗੰਭੀਰ ਦੋਸ਼
ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਦੇ ਟਰੇਡ ਐਡਵਾਈਜ਼ਰ ਪੀਟਰ ਨਵਾਰੋ ਨੇ ਭਾਰਤ ਉਤੇ ਮੁਨਾਫ਼ਾਖੋਰੀ ਕਰਨ ਦਾ ਗੰਭੀਰ ਦੋਸ਼ ਲਾਇਆ ਹੈ।
ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਦੇ ਟਰੇਡ ਐਡਵਾਈਜ਼ਰ ਪੀਟਰ ਨਵਾਰੋ ਨੇ ਭਾਰਤ ਉਤੇ ਮੁਨਾਫ਼ਾਖੋਰੀ ਕਰਨ ਦਾ ਗੰਭੀਰ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਭਾਰਤੀ ਤੇਲ ਕੰਪਨੀਆਂ ਰੂਸ ਤੋਂ ਬੇਹੱਦ ਸਸਤੇ ਭਾਅ ਕੱਚਾ ਤੇਲ ਖਰੀਦਣ ਮਗਰੋਂ ਉਸ ਨੂੰ ਸਾਫ਼ ਕਰਦਿਆਂ ਕੌਮਾਂਤਰੀ ਕੀਮਤਾਂ ਦੇ ਹਿਸਾਬ ਨਾਲ ਵੇਚ ਰਹੀਆਂ ਹਨ। ਇਸ ਤਰੀਕੇ ਨਾਲ ਰੂਸ ਨੂੰ ਯੂਕਰੇਨ ਜੰਗ ਵਾਸਤੇ ਪੈਸਾ ਮਿਲ ਰਿਹਾ ਹੈ ਜਦਕਿ ਭਾਰਤ ਮੁਨਾਫ਼ਾ ਕਮਾ ਰਿਹਾ ਹੈ ਜਿਸ ਦੇ ਮੱਦੇਨਜ਼ਰ ਟੈਰਿਫ਼ਸ ਬੇਹੱਦ ਲਾਜ਼ਮੀ ਹੋ ਗਈਆਂ।
ਰੂਸ ਤੋਂ ਸਸਤਾ ਤੇਲ ਖਰੀਦ ਕੇ ਮਹਿੰਗੇ ਭਾਅ ਵੇਚਿਆ ਜਾ ਰਿਹਾ : ਨਵਾਰੋ
ਨਵਾਰੋ ਨੇ ਅੱਗੇ ਕਿਹਾ, ‘‘ਉਹ ਅਮਰੀਕਾ ਨੂੰ ਸਮਾਨ ਵੇਚਣ ਮਗਰੋਂ ਹਾਸਲ ਹੋਣ ਵਾਲੀ ਰਕਮ ਨਾਲ ਰੂਸੀ ਤੇਲ ਖਰੀਦਦੇ ਹਨ ਅਤੇ ਤੇਲ ਕੰਪਨੀਆਂ ਮੋਟੀ ਕਮਾਈ ਕਰ ਰਹੀਆਂ ਹਨ।’’ ਨਵਾਰੋ ਨੇ ਇਹ ਵੀ ਕਿਹਾ ਕਿ ਜੰਗ ਖਤਮ ਕਰਦਿਆਂ ਸ਼ਾਂਤੀ ਸਥਾਪਤ ਕਰਨ ਦਾ ਰਾਹ ਭਾਰਤ ਵਿਚੋਂ ਹੋ ਕੇ ਲੰਘਦਾ ਹੈ। ਇਥੇ ਦਸਣਾ ਬਣਦਾ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਅਦਲੇ ਦਾ ਬਦਲਾ ਨੀਤੀ ਤਹਿਤ 25 ਫੀ ਸਦੀ ਟੈਰਿਫ਼ਸ ਲਾਉਣ ਮਗਰੋਂ 25 ਫੀ ਸਦੀ ਵਾਧੂ ਟੈਰਿਫ਼ਸ ਲਾਉਣ ਦਾ ਐਲਾਨ ਕੀਤਾ ਅਤੇ ਇਹ ਫੈਸਲਾ ਪੀਟਰ ਨਵਾਰੋ ਦੇ ਕਹਿਣ ’ਤੇ ਹੀ ਲਿਆ ਗਿਆ। ਭਾਵੇਂ ਦੁਨੀਆਂ ਦੇ ਹਰ ਮੁਲਕ ਉਤੇ ਲਾਗੂ ਟੈਰਿਫ਼ਸ ਦਾ ਜ਼ਿੰਮੇਵਾਰ ਪੀਟਰ ਨਵਾਰੋ ਨੂੰ ਹੀ ਮੰਨਿਆ ਜਾ ਰਿਹਾ ਹੈ ਪਰ ਭਾਰਤ ਦੇ ਮਾਮਲੇ ਵਿਚ ਨਵਾਰੋ ਕੁਝ ਜ਼ਿਆਦਾ ਹੀ ਸਖ਼ਤ ਮਹਿਸੂਸ ਹੋ ਰਹੇ ਹਨ।
‘ਭਾਰਤ ਤੋਂ ਮਿਲੇ ਪੈਸੇ ਨਾਲ ਰੂਸ ਜੰਗ ਲੜ ਰਿਹਾ’
ਇਸ ਦਾ ਸਭ ਤੋਂ ਵੱਡਾ ਕਾਰਨ ਚੀਨ ਹੈ ਜੋ ਭਾਰੀ ਮਿਕਦਾਰ ਵਿਚ ਰੂਸੀ ਤੇਲ ਖਰੀਦ ਰਿਹਾ ਹੈ ਪਰ ਪੀਟਰ ਨਵਾਰੋ ਨੂੰ ਸਿਰਫ਼ ਭਾਰਤ ਵੱਲੋਂ ਖਰੀਦਿਆ ਤੇਲ ਹੀ ਨਜ਼ਰ ਆ ਰਿਹਾ ਹੈ। ਕਿਸੇ ਵੇਲੇ ਅਮਰੀਕਾ ਦੀਆਂ ਟੈਰਿਫ਼ਸ ਦਾ ਸਭ ਤੋਂ ਜ਼ਿਆਦਾ ਬੋਝ ਚੀਨ ’ਤੇ ਪੈਂਦਾ ਨਜ਼ਰ ਆਇਆ ਪਰ ਇਸ ਵੇਲੇ ਭਾਰਤ ਵੱਡੇ ਬੋਝ ਬਰਦਾਸ਼ਤ ਕਰਨ ਲਈ ਮਜਬੂਰ ਹੈ। ਹਾਲਾਂਕਿ 25 ਫੀ ਸਦੀ ਵਾਧੂ ਟੈਰਿਫ਼ਸ 27 ਅਗਸਤ ਤੋਂ ਲਾਗੂ ਹੋਣੀਆਂ ਹਨ ਅਤੇ ਮੰਨਿਆ ਜਾ ਰਿਹਾ ਹੈ ਕਿ ਉਸ ਵੇਲੇ ਤੱਕ ਕੋਈ ਰਾਹ ਕੱਢਿਆ ਜਾ ਸਕਦਾ ਹੈ। ਪ੍ਰਸਿੱਧ ਆਰਥਿਕ ਮਾਹਰ ਜੈਫਰੀ ਸੈਕਸ ਅਤੇ ਟਰੰਪ ਦੇ ਪਹਿਲੇ ਕਾਰਜਕਾਲ ਵੇਲੇ ਸੰਯੁਕਤ ਰਾਸ਼ਟਰ ਵਿਚ ਅਮਰੀਕਾ ਦੀ ਸਾਬਕਾ ਰਾਜਦੂਤ ਨਿਕੀ ਹੈਲੀ ਵੱਲੋਂ ਭਾਰਤ ਉਤੇ ਵਾਧੂ ਟੈਰਿਫ਼ਸ ਦੀ ਤਿੱਖੀ ਨੁਕਤਾਚੀਨੀ ਕੀਤੀ ਜਾ ਰਹੀ ਹੈ।