ਪ੍ਰਵਾਸੀਆਂ ਨੂੰ 1100 ਡਾਲਰ ਦਾ ਸ਼ਗਨ ਪਾ ਕੇ ਤੋਰਨਗੇ ਟਰੰਪ
ਗੈਰਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨਾ ਡੌਨਲਡ ਟਰੰਪ ਵਾਸਤੇ ਔਖਾ ਹੁੰਦਾ ਜਾ ਰਿਹਾ ਹੈ ਅਤੇ ਸੰਭਾਵਤ ਤੌਰ ’ਤੇ ਇਸੇ ਕਰ ਕੇ ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਸੈਲਫ਼ ਡਿਪੋਰਟ ਹੋਣ ਵਾਲੇ ਪ੍ਰਵਾਸੀਆਂ ਦੀ ਜੇਬ ਵਿਚ ਹਜ਼ਾਰ-ਹਜ਼ਾਰ ਡਾਲਰ ਨਕਦ ਪਾਉਣ
ਵਾਸ਼ਿੰਗਟਨ : ਗੈਰਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨਾ ਡੌਨਲਡ ਟਰੰਪ ਵਾਸਤੇ ਔਖਾ ਹੁੰਦਾ ਜਾ ਰਿਹਾ ਹੈ ਅਤੇ ਸੰਭਾਵਤ ਤੌਰ ’ਤੇ ਇਸੇ ਕਰ ਕੇ ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਸੈਲਫ਼ ਡਿਪੋਰਟ ਹੋਣ ਵਾਲੇ ਪ੍ਰਵਾਸੀਆਂ ਦੀ ਜੇਬ ਵਿਚ ਹਜ਼ਾਰ-ਹਜ਼ਾਰ ਡਾਲਰ ਨਕਦ ਪਾਉਣ ਅਤੇ ਚੰਗੀ ਏਅਰਲਾਈਨ ਬਿਠਾ ਕੇ ਭੇਜਣ ਦਾ ਵਾਅਦਾ ਕੀਤਾ ਜਾ ਰਿਹਾ ਹੈ। ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਉਰਿਟੀ ਵੱਲੋਂ ਸੀ.ਬੀ.ਪੀ. ਹੋਮ ਐਪ ਰਾਹੀਂ ਇਹ ਸਹੂਲਤ ਦਿਤੀ ਜਾ ਰਹੀ ਹੈ ਜਿਸ ਵਿਚ ਮੁਫ਼ਤ ਟਿਕਟ ਅਤੇ ਨਕਦ ਇਨਾਮ ਦਾ ਜ਼ਿਕਰ ਕੀਤਾ ਗਿਆ ਹੈ। ਇਥੇ ਦਸਣਾ ਬਣਦਾ ਹੈ ਕਿ ਇਕ ਪ੍ਰਵਾਸੀ ਨੂੰ ਗ੍ਰਿਫ਼ਤਾਰ ਕਰਨ ’ਤੇ ਔਸਤਨ 17 ਹਜ਼ਾਰ ਡਾਲਰ ਤੋਂ ਵੱਧ ਰਕਮ ਖਰਚ ਹੁੰਦੀ ਹੈ। ਅਜਿਹੇ ਵਿਚ ਇਕ ਹਜ਼ਾਰ ਡਾਲਰ ਨਕਦ ਅਤੇ ਟਿਕਟ ਬੁੱਕ ਕਰਵਾਉਣ ਤੋਂ ਬਾਅਦ ਵੀ ਟਰੰਪ ਸਰਕਾਰ ਵੱਡੇ ਫਾਇਦੇ ਵਿਚ ਰਹੇਗੀ।
ਸ਼ਾਨਦਾਰ ਏਅਰਲਾਈਨ ਵਿਚ ਟਿਕਟ ਹੋਵੇਗੀ ਬੁੱਕ
ਗ੍ਰਹਿ ਸੁਰੱਖਿਆ ਵਿਭਾਗ ਮੁਤਾਬਕ ਨਵੀਂ ਸਕੀਮ ਰਾਹੀਂ ਪ੍ਰਵਾਸੀਆਂ ਦੀ ਫੜੋ ਫੜੀ ’ਤੇ ਹੋਣ ਵਾਲਾ 70 ਫੀ ਸਦੀ ਖਰਚਾ ਬਚਾਇਆ ਜਾ ਸਕਦਾ ਹੈ। ਜੋਅ ਬਾਇਡਨ ਦੇ ਕਾਰਜਕਾਲ ਵੇਲੇ ਸੀ.ਬੀ.ਪੀ. ਐਪ ਦੀ ਵਰਤੋਂ ਕਰਦਿਆਂ 9 ਲੱਖ 30 ਹਜ਼ਾਰ ਤੋਂ ਵੱਧ ਪ੍ਰਵਾਸੀ ਅਮਰੀਕਾ ਵਿਚ ਦਾਖਲ ਹੋਏ ਅਤੇ ਹੁਣ ਇਹ ਸਾਰੇ ਟਰੰਪ ਸਰਕਾਰ ਦੇ ਨਿਸ਼ਾਨੇ ’ਤੇ ਹਨ। ਉਧਰ ਇੰਮੀਗ੍ਰੇਸ਼ਨ ਮਾਮਲਿਆਂ ਬਾਰੇ ਟਰੰਪ ਦੇ ਸਲਾਹਕਾਰ ਸਟੀਫ਼ਨ ਮਿਲਰ ਦਾ ਕਹਿਣਾ ਕਿ ਗੈਰਕਾਨੂੰਨੀ ਪ੍ਰਵਾਸੀਆਂ ਦਾ ਇਕ ਪਰਵਾਰ ਸੈਲਫ਼ ਡਿਪੋਰਟ ਹੋਣ ’ਤੇ ਅਮਰੀਕਾ ਨੂੰ 10 ਲੱਖ ਡਾਲਰ ਤੋਂ ਵੱਧ ਫਾਇਦਾ ਹੋਵੇਗਾ। ਸਟੀਫ਼ਨ ਮਿਲਰ ਨੇ ਗਿਣਤੀ ਮਿਣਤੀ ਪੇਸ਼ ਕਰਦਿਆਂ ਕਿਹਾ ਕਿ ਗੈਰਕਾਨੂੰਨੀ ਪ੍ਰਵਾਸੀਆਂ ਵੱਲੋਂ ਅਸਾਇਲਮ ਮੰਗੇ ਜਾਣ ’ਤੇ ਮਾਮਲਾ ਅਦਾਲਤ ਵਿਚ ਚਲਾ ਜਾਂਦਾ ਹੈ ਅਤੇ ਫੈਸਲਾ ਹੋਣ ਤੱਕ ਉਹ ਸਰਕਾਰੀ ਯੋਜਨਾਵਾਂ ਦਾ ਮੁਫ਼ਤ ਲਾਭ ਹਾਸਲ ਕਰਨ ਦੇ ਹੱਕਦਾਰ ਹੋ ਜਾਂਦੇ ਹਨ ਪਰ ਨਵੀਂ ਯੋਜਨਾ ਰਾਹੀਂ ਸਰਕਾਰ ਦੇ ਇਕ ਮਿਲੀਅਨ ਡਾਲਰ ਬਚ ਸਕਦੇ ਹਨ। ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਜਦੋਂ ਡੌਨਲਡ ਟਰੰਪ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਵਿਚੋਂ ਕੱਢਣ ਲਈ ਨਵਾਂ ਪੈਂਤੜਾ ਅਪਣਾਇਆ ਗਿਆ ਹੈ।
ਲੱਖਾਂ ਪ੍ਰਵਾਸੀਆਂ ਨੂੰ ਸੈਲਫ਼ ਡਿਪੋਰਟ ਹੋਣ ਦਾ ਲਾਲਚ ਦਿਤਾ
ਪਿਛਲੇ ਮਹੀਨੇ ਪ੍ਰਵਾਸੀਆਂ ਨੂੰ ਡਰਾ ਕੇ ਅਮਰੀਕਾ ਵਿਚੋਂ ਕੱਢਣ ਦਾ ਯਤਨ ਕੀਤਾ ਗਿਆ ਜਦੋਂ ਸੈਲਫ ਡਿਪੋਰਟ ਨਾ ਹੋਣ ਵਾਲਿਆਂ ਨੂੰ ਰੋਜ਼ਾਨਾ ਇਕ ਹਜ਼ਾਰ ਡਾਲਰ ਜੁਰਮਾਨਾ ਲਾਉਣ ਦੀ ਚਿਤਾਵਨੀ ਦਿਤੀ ਗਈ। ਕਸਮਟਜ਼ ਅਤੇ ਬਾਰਡਰ ਪ੍ਰੋਟੈਕਸ਼ਨ ਵਿਭਾਗ ਨੂੰ ਪ੍ਰਵਾਸੀਆਂ ਤੋਂ ਜੁਰਮਾਨੇ ਵਸੂਲਣ ਜਾਂ ਉਨ੍ਹਾਂ ਦੀਆਂ ਜਾਇਦਾਦਾਂ ਜ਼ਬਤ ਕਰਨ ਦੀ ਜ਼ਿੰਮੇਵਾਰੀ ਸੌਂਪੇ ਜਾਣ ਬਾਰੇ ਰਿਪੋਰਟਾਂ ਸਾਹਮਣੇ ਆਈਆਂ। ਇੰਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਵਿਭਾਗ ਦੇ ਅੰਕੜਿਆਂ ਮੁਤਾਬਕ ਇੰਮੀਗ੍ਰੇਸ਼ਨ ਅਦਾਲਤਾਂ ਵੱਲੋਂ ਤਕਰੀਬਨ 14 ਲੱਖ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦੇ ਹੁਕਮ ਜਾਰੀ ਕੀਤੇ ਜਾ ਚੁੱਕੇ ਹਨ ਪਰ ਉਹ ਅਮਰੀਕਾ ਦੇ ਇਕ ਸੂਬੇ ਤੋਂ ਦੂਜੇ ਅਤੇ ਫਿਰ ਦੂਜੇ ਤੋਂ ਤੀਜੇ ਵੱਲ ਰਵਾਨਾ ਹੋ ਜਾਂਦੇ ਹਨ। ਅਮਰੀਕਾ ਦੀ ਗ੍ਰਹਿ ਸੁਰੱਖਿਆ ਮੰਤਰੀ ਕ੍ਰਿਸਟੀ ਨੋਇਮ ਅਤੇ ਟਰੰਪ ਦੇ ਬਾਰਡਰ ਜ਼ਾਰ ਟੌਮ ਹੋਮਨ ਹਰ ਹੀਲਾ ਵਰਤ ਕੇ ਦੇਖ ਚੁੱਕੇ ਹਨ ਅਤੇ ਇਕ ਲੱਖ 52 ਹਜ਼ਾਰ ਪ੍ਰਵਾਸੀ ਹੀ ਡਿਪੋਰਟ ਕੀਤੇ ਜਾ ਸਕਦੇ ਜਦਕਿ ਇਸ ਦੇ ਉਲਟ ਪਿਛਲੇ ਸਾਲ ਬਾਇਡਨ ਦੇ ਕਾਰਜਕਾਲ ਵੇਲੇ ਫਰਵਰੀ ਤੋਂ ਅਪ੍ਰੈਲ ਦਰਮਿਆਨ 1 ਲੱਖ 95 ਹਜ਼ਾਰ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਗਿਆ। ਗੈਰਕਾਨੂੰਨੀ ਪ੍ਰਵਾਸੀਆਂ ਨੂੰ ਸੰਬੋਧਤ ਹੁੰਦਿਆਂ ਕ੍ਰਿਸਟੀ ਨੋਇਮ ਨੇ ਕਿਹਾ ਕਿ ਜੇ ਤੁਸੀਂ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਰਹਿ ਰਹੇ ਹੋ ਤਾਂ ਸੈਲਫ਼ ਡਿਪੋਰਟ ਹੋਣਾ ਬਿਹਤਰ ਹੋਵੇਗਾ। ਅਜਿਹਾ ਨਾ ਕਰਨ ਵਾਲਿਆਂ ਨੂੰ ਗ੍ਰਿਫਤਾ ਕੀਤਾ ਜਾ ਸਕਦਾ ਹੈ ਅਤੇ ਫਿਰ ਕੋਈ ਆਰਥਿਕ ਸਹਾਇਤਾ ਨਹੀਂ ਮਿਲੇਗੀ।