Trump ਨੇ Punjabi drivers ਨੂੰ ਛੇੜੀ ਨਵੀਂ ਬਿਪਤਾ

ਅਮਰੀਕਾ ਵਿਚ ਪੰਜਾਬੀ ਟਰੱਕ ਡਰਾਈਵਰਾਂ ਨੂੰ ਨਵੀਂ ਬਿਪਤਾ ਛਿੜ ਗਈ ਜਦੋਂ ਰਾਸ਼ਟਰਪਤੀ ਡੌਨਲਡ ਟਰੰਪ ਨੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਕਮਰਸ਼ੀਅਲ ਡਰਾਈਵਰਜ਼ ਲਾਇਸੰਸ ਜਾਰੀ ਕਰਨ ’ਤੇ ਮੁਕੰਮਲ ਰੋਕ ਲਾਉਂਦਾ ਕਾਨੂੰਨ ਪੇਸ਼ ਕਰ ਦਿਤਾ

Update: 2026-02-26 13:20 GMT

ਕੈਲੇਫੋਰਨੀਆ : ਅਮਰੀਕਾ ਵਿਚ ਪੰਜਾਬੀ ਟਰੱਕ ਡਰਾਈਵਰਾਂ ਨੂੰ ਨਵੀਂ ਬਿਪਤਾ ਛਿੜ ਗਈ ਜਦੋਂ ਰਾਸ਼ਟਰਪਤੀ ਡੌਨਲਡ ਟਰੰਪ ਨੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਕਮਰਸ਼ੀਅਲ ਡਰਾਈਵਰਜ਼ ਲਾਇਸੰਸ ਜਾਰੀ ਕਰਨ ’ਤੇ ਮੁਕੰਮਲ ਰੋਕ ਲਾਉਂਦਾ ਕਾਨੂੰਨ ਪੇਸ਼ ਕਰ ਦਿਤਾ ਅਤੇ ਦੂਜੇ ਪਾਸੇ 2 ਸ਼ਰਾਬੀ ਡਰਾਈਵਰਾਂ ਨੇ ਪੁਲਿਸ ਵਾਲਿਆਂ ਨੂੰ ਭਾਜੜਾਂ ਪਾ ਦਿਤੀਆਂ। ਜੀ ਹਾਂ, ਇਕ ਸ਼ਰਾਬੀ ਡਰਾਈਵਰ ਨੇ ਆਪਣਾ ਟਰੱਕ ਕੱਚੇ ਰਾਹ ’ਤੇ ਫਸਾ ਲਿਆ ਅਤੇ ਦੂਜੇ ਸ਼ਰਾਬੀ ਡਰਾਈਵਰ ਨੇ ਵਾਲਮਾਰਟ ਦੀ ਕਨੌਪੀ ਦੀਆਂ ਧੱਜੀਆਂ ਉਡਾ ਦਿਤੀਆਂ। ਪਹਿਲੀ ਘਟਨਾ ਕੈਲੇਫੋਰਨੀਆ ਵਿਚ ਵਾਪਰੀ ਅਤੇ ਤਿੱਖੇ ਮੋੜ ’ਤੇ ਫਸਿਆ ਚੀਮਾ ਟ੍ਰਾਂਸਪੋਰਟ ਦਾ ਟਰੱਕ ਕਰੇਨਾਂ ਮੰਗਵਾ ਕੇ ਕੱਢਣਾ ਪਿਆ ਜਦਕਿ ਦੂਜੀ ਘਟਨਾ ਓਹਾਇਓ ਸੂਬੇ ਦੇ ਫਿੰਡਲੀ ਸ਼ਹਿਰ ਵਿਚ ਵਾਪਰੀ ਅਤੇ ਹਰ ਪਾਸੇ ਖਿਲਾਰਾ ਪੈ ਗਿਆ। ਟਰੱਕ ਡਰਾਈਵਰ ਐਨਾ ਨਸ਼ੇ ਵਿਚ ਸੀ ਕਿ ਵਾਲਮਾਰਟ ਫਾਰਮੇਸੀ ਦੀ ਕਨੌਪੀ ਤੋੜਨ ਤੋਂ ਬਾਅਦ ਵੀ ਨਾ ਰੁਕਿਆ ਅਤੇ ਖੇਰੂੰ-ਖੇਰੂੰ ਹੋਈ ਕਨੌਪੀ ਦਾ ਮਲਬਾ ਟਰੱਕ ਦੇ ਉਪਰਲੇ ਹਿੱਸੇ ’ਤੇ ਲਟਕਦਾ ਨਜ਼ਰ ਆਇਆ।

ਅਮਰੀਕਾ ਵਿਚ 2 ਸ਼ਰਾਬੀ ਡਰਾਈਵਰਾਂ ਨੇ ਪਾਤੇ ਖਲਾਰੇ

ਕੈਲੇਫੋਰਨੀਆ ਦੀ ਸਿਸਕੀਯੂ ਕਾਊਂਟੀ ਵਿਚ ਵਾਪਰੀ ਘਟਨਾ ਬਾਰੇ ਹਾਈਵੇਅ ਪੈਟਰੋਲ ਦੇ ਅਫ਼ਸਰਾਂ ਨੇ ਦੱਸਿਆ ਕਿ ਟਰੱਕ ਡਰਾਈਵਰ ਨੇ ਤੈਅਸ਼ੁਦਾ ਹੱਦ ਤੋਂ ਤਿੰਨ ਗੁਣਾ ਵੱਧ ਸ਼ਰਾਬ ਪੀਤੀ ਹੋਈ ਸੀ ਜਿਸ ਨੂੰ ਨਸ਼ਾ ਕਰ ਕੇ ਡਰਾਈਵਿੰਗ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਗਿਆ। ਕੈਲੇਫੋਰਨੀਆ ਹਾਈਵੇਅ ਪੈਟਰੋਲ ਨੇ ਕਿਹਾ ਕਿ ਹਾਈਵੇਅ ’ਤੇ ਭਾਰੀ ਭਰਕਮ ਵ੍ਹੀਕਲ ਚਲਾਉਣਾ ਵੱਡੀ ਜ਼ਿੰਮੇਵਾਰੀ ਵਾਲਾ ਕੰਮ ਹੈ ਅਤੇ ਨਸ਼ੇ ਦੀ ਹਾਲਤ ਵਿਚ ਡਰਾਈਵਿੰਗ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਉਧਰ, ਓਹਾਇਓ ਦੇ ਫ਼ਿੰਡਲੀ ਇਲਾਕੇ ਵਿਚ ਵੱਡੇ ਹਾਦਸੇ ਨੂੰ ਅੰਜਾਮ ਦੇਣ ਵਾਲੇ ਡਰਾਈਵਰ ਦੀ ਭਾਲ ਪੁਲਿਸ ਕਰ ਰਹੀ ਹੈ। ਦੱਸ ਦੇਈਏ ਕਿ ਟਰੰਪ ਵੱਲੋਂ ਤਜਵੀਜ਼ਸ਼ੁਦਾ, ਡਲਾਈਲਾਹ ਕਾਨੂੰਨ ਉਸ ਬੱਚੀ ਨੂੰ ਸਮਰਪਿਤ ਕੀਤਾ ਗਿਆ ਹੈ ਜੋ ਪ੍ਰਤਾਪ ਸਿੰਘ ਦੇ ਟਰੱਕ ਹੇਠ ਆਉਣ ਕਰ ਕੇ ਹਮੇਸ਼ਾ ਵਾਸਤੇ ਅਪਾਹਜ ਹੋ ਗਈ। 20 ਜੂਨ 2024 ਨੂੰ ਵਾਪਰੇ ਹਾਦਸੇ ਬਾਰੇ ਕੈਲੇਫੋਰਨੀਆ ਹਾਈਵੇਅ ਪੈਟਰੋਲ ਦੀ ਟ੍ਰੈਫ਼ਿਕ ਕ੍ਰੈਸ਼ ਰਿਪੋਰਟ ਕਹਿੰਦੀ ਹੈ ਕਿ ਟਰੱਕ ਡਰਾਈਵਰ ਪ੍ਰਤਾਪ ਸਿੰਘ ਦੀ ਰਫ਼ਤਾਰ ਬਹੁਤ ਜ਼ਿਆਦਾ ਸੀ ਅਤੇ ਕੰਸਟ੍ਰਕਸ਼ਨ ਜ਼ੋਨ ਵਿਚ ਉਹ ਆਪਣਾ ਟਰੱਕ ਰੋਕਣ ਵਿਚ ਅਸਫ਼ਲ ਰਿਹਾ। ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਉਰਿਟੀ ਮੁਤਾਬਕ ਪ੍ਰਤਾਪ ਸਿੰਘ ਅਕਤੂਬਰ 2022 ਵਿਚ ਮੈਕਸੀਕੋ ਦੇ ਰਸਤੇ ਅਮਰੀਕਾ ਦਾਖਲ ਹੋਇਆ ਅਤੇ ਜੋਅ ਬਾਇਡਨ ਸਰਕਾਰ ਨੇ ਉਸ ਰਿਹਾਅ ਕਰਦਿਆਂ ਵਰਕ ਪਰਮਿਟ ਦੇ ਦਿਤਾ। ਇਸ ਮਗਰੋਂ ਕੈਲੇਫੋਰਨੀਆ ਵਿਚ ਕਮਰਸ਼ੀਅਲ ਡਰਾਈਵਰਜ਼ ਲਾਇਸੰਸ ਹਾਸਲ ਕਰਦਿਆਂ ਉਸ ਨੇ ਟਰੱਕ ਚਲਾਉਣਾ ਸ਼ੁਰੂ ਕਰ ਦਿਤਾ। ਹਾਦਸਾ ਕੈਲੇਫੋਰਨੀਆ ਵਿਚ ਹੀ ਵਾਪਰਿਆ ਅਤੇ ਡਲਾਈਲਾਹ ਕੋਲਮੈਨ ਦੇ ਮਤਰਏ ਪਿਉ ਨੂੰ ਵੀ ਹਸਪਤਾਲ ਦਾਖਲ ਕਰਵਾਉਣਾ ਪਿਆ ਜਦਕਿ ਕਈ ਹੋਰ ਜ਼ਖਮੀ ਹੋਏ। ਡਲਾਈਲਾਹ ਦੇ ਪਿਤਾ ਮੁਤਾਬਕ ਹਾਦਸੇ ਮਗਰੋਂ ਉਹ ਤਿੰਨ ਹਫ਼ਤੇ ਕੋਮਾ ਵਿਚ ਰਹੀ ਅਤੇ ਛੇ ਮਹੀਨੇ ਹਸਪਤਾਲ ਵਿਚ ਦਾਖਲ ਰੱਖਿਆ। ਹੁਣ ਉਹ ਤੁਰ ਨਹੀਂ ਸਕਦੀ, ਬੋਲ ਨਹੀਂ ਸਕਦੀ ਅਤੇ ਰੋਟੀ ਖਾਣੀ ਵੀ ਔਖੀ ਹੈ।

ਵਾਲਮਾਰਟ ਦੀ ਕਨੌਪੀ ਤੋੜ ਕੇ ਫ਼ਰਾਰ ਹੋਇਆ ਡਰਾਈਵਰ

ਹਾਦਸੇ ਦੌਰਾਨ ਡਲਾਈਲਾਹ ਦੇ ਸਿਰ ਵਿਚ ਕਈ ਫ੍ਰੈਕਚਰ ਹੋਏ ਜਦਕਿ ਪੱਟ ਦੀ ਹੱਡੀ ਟੁੱਟ ਗਈ। ਉਸ ਦੇ ਸਰੀਰ ਵਿਚ ਐਨੀਆਂ ਸਮੱਸਿਆਵਾਂ ਪੈਦਾ ਹੋ ਚੁੱਕੀਆਂ ਹਨ ਕਿ ਪੂਰੀ ਜ਼ਿੰਦਗੀ ਥੈਰੇਪੀ ਦੀ ਜ਼ਰੂਰਤ ਪਵੇਗੀ। ਡੀ.ਐਚ.ਐਸ. ਦੇ ਤਾਜ਼ਾ ਬਿਆਨ ਵਿਚ ਸਿਰਫ਼ ਪ੍ਰਤਾਪ ਸਿੰਘ ਦਾ ਜ਼ਿਕਰ ਨਹੀਂ ਕੀਤਾ ਗਿਆ ਸਗੋਂ ਅਨਮੋਲ ਦੀ ਗ੍ਰਿਫ਼ਤਾਰੀ ਬਾਰੇ ਵੀ ਦੱਸਿਆ ਗਿਆ ਹੈ ਜਿਸ ਨੂੰ ਆਈਸ ਏਜੰਟਾਂ ਨੇ ਅਕਤੂਬਰ ਵਿਚ ਕਾਬੂ ਕੀਤਾ। ਨਿਊ ਯਾਰਕ ਸੂਬੇ ਤੋਂ ਸੀ.ਡੀ.ਐਲ. ਹਾਸਲ ਕਰਨ ਵਾਲੇ ਅਨਮੋਲ ਨੂੰ ਓਕਲਾਹੋਮਾ ਦੇ ਇੰਟਰਸਟੇਟ 40 ’ਤੇ ਨਾਕੇ ਦੌਰਾਨ ਰੋਕਿਆ ਗਿਆ ਅਤੇ ਜਦੋਂ ਆਈਸ ਏਜੰਟਾਂ ਨੇ ਉਸ ਦੇ ਇੰਮੀਗ੍ਰੇਸ਼ਨ ਰਿਕਾਰਡ ਦੀ ਪੁਣਛਾਣ ਕੀਤੀ ਤਾਂ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋਣ ਬਾਰੇ ਸਪੱਸ਼ਟ ਹੋ ਗਿਆ। ਪੰਜਾਬੀ ਟਰੱਕ ਡਰਾਈਵਰਾਂ ਨਾਲ ਵਾਪਰ ਰਿਹਾ ਘਟਨਾਕ੍ਰਮ ਪਿਛਲੇ ਸਾਲ ਅਗਸਤ ਵਿਚ ਸ਼ੁਰੂ ਹੋਇਆ ਜਦੋਂ ਹਰਜਿੰਦਰ ਸਿੰਘ ਨੇ ਫਲੋਰੀਡਾ ਵਿਚ ਯੂ-ਟਰਨ ਲਿਆ। ਹੁਣ ਟਰੱਕ ਡਰਾਈਵਰਾਂ ਲਈ ਅੰਗਰੇਜ਼ੀ ਭਾਸ਼ਾ ਵਿਚ ਮੁਹਾਰਤ ਲਾਜ਼ਮੀ ਕਰ ਦਿਤੀ ਗਈ ਹੈ ਅਤੇ ਨੌਨ-ਡੌਮੀਸਾਈਲ ਡਰਾਈਵਰਾਂ ਨੂੰ ਪੂਰੇ ਅਮਰੀਕਾ ਵਿਚ ਟਰੱਕ ਚਲਾਉਣ ਦੀ ਇਜਾਜ਼ਤ ਨਹੀਂ। ਇਥੋਂ ਤੱਕ ਕਿ ਇੰਡਿਆਨਾ ਸੂਬੇ ਦੇ ਗਵਰਨਰ ਵੱਲੋਂ ਨੌਨ-ਡੌਮੀਸਾਈਲ ਡਰਾਈਵਰਾਂ ਨੂੰ ਕੰਮ ’ਤੇ ਰੱਖਣ ਵਾਲੀਆਂ ਟ੍ਰਾਂਸਪੋਰਟ ਕੰਪਨੀਆਂ ਨੂੰ 50-50 ਹਜ਼ਾਰ ਡਾਲਰ ਜੁਰਮਾਨਾ ਕਰਨ ਦਾ ਐਲਾਨ ਕੀਤਾ ਜਾ ਚੁੱਕਾ ਹੈ। ਦੂਜੇ ਪਾਸੇ ਡੌਨਲਡ ਟਰੰਪ ਦਾ ਡਲਾਈਲਾਹ ਕਾਨੂੰਨ ਲਾਗੂ ਹੋਣ ਮਗਰੋਂ ਟ੍ਰਕਿੰਗ ਸੈਕਟਰ ਵਿਚੋਂ ਨੌਨਡੌਮੀਸਾਈਲ ਡਰਾਈਵਰ ਮੁਕੰਮਲ ਤੌਰ ’ਤੇ ਬਾਹਰ ਹੋ ਜਾਣਗੇ। ਡੀ.ਐਚ.ਐਸ. ਵੱਲੋਂ ਅਮਰੀਕਾ ਵਾਲਿਆਂ ਨੂੰ ਸੱਦਾ ਦਿਤਾ ਗਿਆ ਹੈ ਕਿ ਗੈਰਕਾਨੂੰਨੀ ਪ੍ਰਵਾਸੀਆਂ ਦੇ ਸਤਾਏ ਲੋਕ ਇੰਮੀਗ੍ਰੇਸ਼ਨ ਕ੍ਰਾਈਮ ਦਫ਼ਤਰ ਨਾਲ 1855 488 6423 ’ਤੇ ਸੰਪਰਕ ਕਰ ਸਕਦੇ ਹਨ।

Similar News