America ਵਿਚ ਪ੍ਰਵਾਸੀਆਂ ਹੱਥੋਂ Trump ਨੂੰ ਪਹਿਲੀ ਹਾਰ

ਗੈਰਕਾਨੂੰਨੀ ਪ੍ਰਵਾਸੀਆਂ ਦੀ ਫੜੋ-ਫੜੀ ਦੇ ਮੁੱਦੇ ’ਤੇ ਪਹਿਲੀ ਵਾਰ ਡੌਨਲਡ ਟਰੰਪ ਡਾਵਾਂਡੋਲ ਨਜ਼ਰ ਆ ਰਹੇ ਹਨ

Update: 2026-01-27 13:55 GMT

ਮਿਨੀਆਪੌਲਿਸ : ਗੈਰਕਾਨੂੰਨੀ ਪ੍ਰਵਾਸੀਆਂ ਦੀ ਫੜੋ-ਫੜੀ ਦੇ ਮੁੱਦੇ ’ਤੇ ਪਹਿਲੀ ਵਾਰ ਡੌਨਲਡ ਟਰੰਪ ਡਾਵਾਂਡੋਲ ਨਜ਼ਰ ਆ ਰਹੇ ਹਨ। ਜੀ ਹਾਂ, ਇੰਮੀਗ੍ਰੇਸ਼ਨ ਛਾਪਿਆਂ ਦੌਰਾਨ ਗੋਲੀਬਾਰੀ ਦੀਆਂ ਵਾਰਦਾਤਾਂ ਨੇ ਰਾਸ਼ਟਰਪਤੀ ਨੂੰ ਪੈਰ ਪਿੱਛੇ ਖਿੱਚਣ ਲਈ ਮਜਬੂਰ ਕਰ ਦਿਤਾ ਹੈ ਅਤੇ ਬਾਰਡਰ ਪੈਟਰੋਲ ਏਜੰਟਾਂ ਨੂੰ ਮਿਨੇਸੋਟਾ ਦਾ ਮਿਨੀਆਪੌਲਿਸ ਸ਼ਹਿਰ ਛੱਡਣ ਦੇ ਹੁਕਮ ਜਾਰੀ ਕਰ ਦਿਤੇ ਗਏ। ਅਮਰੀਕਾ ਦੀ ਗ੍ਰਹਿ ਸੁਰੱਖਿਆ ਮੰਤਰੀ ਕ੍ਰਿਸਟੀ ਨੌਇਮ ਦੀ ਕੁਰਸੀ ਵੀ ਖ਼ਤਰੇ ਵਿਚ ਨਜ਼ਰ ਆ ਰਹੀ ਹੈ ਅਤੇ ਟਰੰਪ ਨੇ ਸਾਰੀ ਜ਼ਿੰਮੇਵਾਰ ਬਾਰਡਰ ਜ਼ਾਰ ਟੌਮ ਹੋਮਨ ਦੇ ਹੱਥਾਂ ਵਿਚ ਸੌਂਪ ਦਿਤੀ ਹੈ। ਲਿਟਲ ਨੈਪੋਲੀਅਨ ਵਜੋਂ ਪ੍ਰਸਿੱਧ ਬਾਰਡਰ ਪੈਟਰੋਲ ਕਮਾਂਡਰ ਗ੍ਰੈਗਰੀ ਬੌਵੀਨੋ ਅਤੇ ਉਨ੍ਹਾਂ ਦੇ ਜਵਾਨਾਂ ਦੀ ਰਵਾਨਗੀ ਦਾ ਤਤਕਾਲੀ ਕਾਰਨ ਐਲਕਸ ਪ੍ਰਿਟੀ ਦੀ ਮੌਤ ਰਿਹਾ ਜਿਸ ਬਾਰੇ ਸਾਬਕਾ ਰਾਸ਼ਟਰਪਤੀ ਬਿਲ ਕÇਲੰਟਨ ਅਤੇ ਬਰਾਕ ਓਬਾਮਾ ਨੇ ਤਿੱਖੀਆਂ ਟਿੱਪਣੀਆਂ ਕੀਤੀਆਂ। ਪ੍ਰਵਾਸੀਆਂ ਨੂੰ ਜ਼ੋਰ-ਜ਼ਬਰਦਸਤੀ ਨਾਲ ਕਾਬੂ ਕਰਨ ਦੀ ਸੋਚ ਬੌਵੀਨੋ ਨੇ ਉਭਾਰੀ ਅਤੇ ਐਲਕਸ ਪ੍ਰਿਟੀ ਦੀ ਮੌਤ ਮਗਰੋਂ ਦਾਅਵਾ ਕੀਤਾ ਕਿ ਉਹ ਫ਼ੈਡਰਲ ਏਜੰਟਾਂ ਦਾ ਕਤਲੇਆਮ ਕਰਨਾ ਚਾਹੁੰਦਾ ਸੀ ਪਰ ਟਰੰਪ ਨੇ ਐਤਵਾਰ ਤੇ ਸੋਮਵਾਰ ਹਰ ਮੀਡੀਆ ਰਿਪੋਰਟ ਨੂੰ ਡੂੰਘਾਈ ਨਾਲ ਘੋਖਣ ਮਗਰੋਂ ਸਿੱਟਾ ਕੱਢਿਆ ਕਿ ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਉਰਿਟੀ ਦੀ ਇੰਚਾਰਜ ਕ੍ਰਿਸਟੀ ਨੌਇਮ ਤੋਂ ਲੈ ਕੇ ਬੌਵੀਨੋ ਤੱਕ ਸਾਰੇ ਝੂਠ ਬੋਲ ਰਹੇ ਹਨ।

ਇੰਮੀਗ੍ਰੇਸ਼ਨ ਛਾਪਿਆਂ ਦੇ ਮੁੱਦੇ ’ਤੇ ਹੋ ਗਏ ਡਾਵਾਂਡੋਲ

ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲਾਈਨ ਲੈਵਿਟ ਨੇ ਕ੍ਰਿਸਟੀ ਨੌਇਮ ਵੱਲੋਂ ਵਰਤੀ ਸ਼ਬਦਾਵਲੀ ਤੋਂ ਟਰੰਪ ਨੂੰ ਦੂਰ ਕਰਦਿਆਂ ਕਿਹਾ ਕਿ ਰਾਸ਼ਟਰਪਤੀ ਅਜਿਹਾ ਬਿਲਕੁਲ ਨਹੀਂ ਸੋਚਦੇ। ਅਸਲ ਵਿਚ ਗ੍ਰੈਗਰੀ ਬੌਵੀਨੋ ਨੂੰ ਕ੍ਰਿਸਟੀ ਨੌਇਮ ਦਾ ਵਫ਼ਾਦਾਰ ਮੰਨਿਆ ਜਾਂਦਾ ਹੈ ਅਤੇ ਅਮਰੀਕਾ ਦੀ ਗ੍ਰਹਿ ਸੁਰੱਖਿਆ ਮੰਤਰੀ ਆਪਣੇ ਵਫ਼ਾਦਾਰ ਨੂੰ ਰੌਡਨੀ ਸਕੌਟ ਦੀ ਥਾਂ ਬਾਰਡਰ ਪੈਟਰੋਲ ਚੀਫ਼ ਬਣਾਉਣਾ ਚਾਹੁੰਦੀ ਹੈ ਪਰ ਦੂਜੇ ਪਾਸੇ ਰੌਡਨੀ ਸਕੌਟ ਦੇ ਸਿਰ ’ਤੇ ਟੌਮ ਹੋਮਨ ਦਾ ਹੱਥ ਹੈ ਜਿਸ ਨੂੰ ਵੇਖਦਿਆਂ ਪੇਚਾ ਗੁੰਝਲਦਾਰ ਹੋ ਗਿਆ ਹੈ। ਇੰਮੀਗ੍ਰੇਸ਼ਨ ਛਾਪਿਆਂ ਦੌਰਾਨ ਬੌਵੀਨੋ ਨੇ ਕਦੇ ਨਕਾਬ ਨਹੀਂ ਪਾਇਆ ਅਤੇ ਆਪਣੇ ਆਪ ਨੂੰ ਧਾਕੜ ਅਫ਼ਸਰ ਵਜੋਂ ਪੇਸ਼ ਕਰਦਾ ਆ ਰਿਹਾ ਸੀ ਪਰ ਮਿਨੇਸੋਟਾ ਵਿਚ ਵਿਖਾਵਾਕਾਰੀਆਂ ਨੇ ਸਾਰੀ ਆਕੜ ਕੱਢ ਦਿਤੀ। ਬੌਵੀਨੋ ਦੇ ਪਹਿਰਾਵੇ ਬਾਰੇ ਕੈਲੇਫੋਰਨੀਆ ਦੇ ਗਵਰਨਰ ਨੇ ਟਿੱਪਣੀ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਦਾ ਪਹਿਰਾਵਾ ਅਜਿਹਾ ਮਹਿਸੂਸ ਹੁੰਦਾ ਹੈ ਜਿਵੇਂ ਕਿਸੇ ਪ੍ਰਾਈਵੇਟ ਆਰਮੀ ਦਾ ਮੈਂਬਰ ਹੋਵੇ। ਇਥੇ ਦਸਣਾ ਬਣਦਾ ਹੈ ਕਿ ਬੌਵੀਨੋ ਨੇ ਇਕ ਵਾਰ ਪੱਤਰਕਾਰ ਨੂੰ ਕੈਲੇਫੋਰਨੀਆ ਦੀ ਇੰਪੀਰੀਅਲ ਵੈਲੀ ਵਿਚ ਸੱਦਿਆ ਅਤੇ ਉਹ ਨਹਿਰ ਤੈਰ ਕੇ ਪਾਰ ਕੀਤੀ ਜਿਸ ਰਾਹੀਂ ਗੈਰਕਾਨੂੰਨੀ ਪ੍ਰਵਾਸੀ ਅਮਰੀਕਾ ਦਾਖਲ ਹੁੰਦੇ ਸਨ।

ਟਰੰਪ ਦੀ ਖ਼ਾਸ ਮੰਤਰੀ ਕ੍ਰਿਸਟੀ ਨੌਇਮ ਦੀ ਛੁੱਟੀ ਹੋਣ ਦੇ ਆਸਾਰ

ਟਰੰਪ ਦੇ ਮੁੜ ਸੱਤਾ ਵਿਚ ਆਉਣ ਮਗਰੋਂ ਰਾਸ਼ਟਰਪਤੀ ਦਾ ਧਿਆਨ ਖਿੱਚਣ ਲਈ ਬੌਵੀਨੇ ਨੇ ਅਜਿਹੀਆਂ ਹਰਕਤਾਂ ਜਾਰੀ ਰੱਖੀਆਂ। ਟਰੰਪ ਦੇ ਸਹੁੰ ਚੁੱਕਣ ਤੋਂ ਪਹਿਲਾਂ ਗੈਸ ਸਟੇਸ਼ਨ ’ਤੇ ਕੰਮ ਕਰਦੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਫੜਨ ਲਈ ਵੱਡੀ ਗਿਣਤੀ ਵਿਚ ਫੈਡਰਲ ਏਜੰਟ ਭੇਜੇ। ਬੀਤੇ ਨਵੰਬਰ ਮਹੀਨੇ ਦੌਰਾਨ ਇਕ ਫ਼ੈਡਰਲ ਜੱਜ ਨੇ ਬੌਵੀਨੇ ਦੀ ਝਾੜ-ਝੰਬ ਕੀਤੀ ਕਿਉਂਕਿ ਸ਼ਿਕਾਗੋ ਵਿਖੇ ਇੰਮੀਗ੍ਰੇਸ਼ਨ ਛਾਪਿਆਂ ਦੇ ਮੁੱਦੇ ’ਤੇ ਬੌਵੀਨੋ ਨੇ ਕੋਰਾ ਝੂਠ ਬੋਲ ਦਿਤਾ। ਜੱਜ ਸਾਰਾ ਐਲਿਸ ਨੇ ਕਿਹਾ ਕਿ ਬੌਵੀਨੋ ਦਾ ਦਾਅਵਾ ਬਿਲਕੁਲ ਥੋਥਾ ਸਾਬਤ ਹੋਇਆ ਕਿ ਕਿਸੇ ਮੁਜ਼ਾਹਰਾਕਾਰੀ ਨੇ ਉਨ੍ਹਾਂ ਨੂੰ ਰੋੜਾ ਮਾਰਿਆ। ਵੀਡੀਓ ਰਾਹੀਂ ਬਿਲਕੁਲ ਸਪੱਸ਼ਟ ਹੋ ਜਾਂਦਾ ਹੈ ਕਿ ਕੋਈ ਮੁਜ਼ਾਹਰਾਕਾਰੀ ਬੌਵੀਨੋ ਦੇ ਨੇੜੇ ਵੀ ਨਹੀਂ ਗਿਆ।

Tags:    

Similar News