ਪ੍ਰਵਾਸੀਆਂ ਨੂੰ ਰੋਕਣ ਲਈ ਕੰਧ ’ਤੇ ਕਾਲਾ ਰੰਗ ਕਰਵਾਉਣ ਲੱਗੇ ਟਰੰਪ
ਡੌਨਲਡ ਟਰੰਪ ਵੱਲੋਂ ਮੈਕਸੀਕੋ ਦੇ ਬਾਰਡਰ ’ਤੇ ਬਣੀ ਕੰਧ ਨੂੰ ਕਾਲਾ ਰੰਗ ਕਰਨ ਦੇ ਹੁਕਮ ਦਿਤੇ ਗਏ ਹਨ ਤਾਂਕਿ ਇਹ ਐਨੀ ਤਪ ਜਾਵੇ ਕਿ ਪ੍ਰਵਾਸੀ ਇਸ ਉਤੇ ਚੜ੍ਹ ਕੇ ਅਮਰੀਕਾ ਵਾਲੇ ਪਾਸੇ ਆ ਹੀ ਨਾ ਸਕਣ।
ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਮੈਕਸੀਕੋ ਦੇ ਬਾਰਡਰ ’ਤੇ ਬਣੀ ਕੰਧ ਨੂੰ ਕਾਲਾ ਰੰਗ ਕਰਨ ਦੇ ਹੁਕਮ ਦਿਤੇ ਗਏ ਹਨ ਤਾਂਕਿ ਇਹ ਐਨੀ ਤਪ ਜਾਵੇ ਕਿ ਪ੍ਰਵਾਸੀ ਇਸ ਉਤੇ ਚੜ੍ਹ ਕੇ ਅਮਰੀਕਾ ਵਾਲੇ ਪਾਸੇ ਆ ਹੀ ਨਾ ਸਕਣ। ਰਾਸ਼ਟਰਪਤੀ ਦੇ ਹੁਕਮਾਂ ’ਤੇ ਫੁੱਲ ਚੜ੍ਹਾਉਂਦਿਆਂ ਗ੍ਰਹਿ ਸੁਰੱਖਿਆ ਮੰਤਰੀ ਕ੍ਰਿਸਟੀ ਨੌਇਮ ਬਾਰਡਰ ’ਤੇ ਪੁੱਜ ਗਏ ਅਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਪਿਛਲੇ ਸਮੇਂ ਦੌਰਾਨ ਕਿਸੇ ਗੈਰਕਾਨੂੰਨੀ ਪ੍ਰਵਾਸੀ ਨੂੰ ਮੁਲਕ ਵਿਚ ਰਿਹਾਅ ਨਹੀਂ ਕੀਤਾ ਗਿਆ। ਉਨ੍ਹਾਂ ਦਲੀਲ ਦਿਤੀ ਕਿ ਬਾਰਡਰ ’ਤੇ ਬਣੀ ਕੰਧ ਨੂੰ ਪਾਰ ਕਰਨਾ ਪਹਿਲਾਂ ਹੀ ਬਹੁਤ ਮੁਸ਼ਕਲ ਹੈ ਅਤੇ ਕਾਲਾ ਰੰਗ ਹੋਣ ਮਗਰੋਂ ਅਸੰਭਵ ਹੋ ਜਾਵੇਗਾ।
ਅਮਰੀਕਾ-ਮੈਕਸੀਕੋ ਬਾਰਡਰ ’ਤੇ ਨਵੀਂ ਉਸਾਰੀ ਵੀ ਹੋਈ ਸ਼ੁਰੂ
ਅਤਿ ਦੀ ਗਰਮੀ ਵਿਚ ਕੰਧ ’ਤੇ ਚੜ੍ਹਨਾ ਤਾਂ ਦੂਰ ਦੀ ਗੱਲ, ਪ੍ਰਵਾਸੀ ਕੰਧ ਨੂੰ ਹੱਥ ਲਾਉਣ ਤੋਂ ਵੀ ਘਬਰਾਉਣਗੇ। ਕ੍ਰਿਸਟੀ ਨੌਇਮ ਨੇ ਅੱਗੇ ਕਿਹਾ ਕਿ ਕੰਧ ’ਤੇ ਕਾਲਾ ਰੰਗ ਕਰਨ ਤੋਂ ਇਲਾਵਾ ਹੋਰ ਤਕਨੀਕੀ ਉਪਾਅ ਵੀ ਕੀਤੇ ਜਾ ਰਹੇ ਹਨ ਜਿਨ੍ਹਾਂ ਵਿਚ ਕੈਮਰੇ ਅਤੇ ਹੀਟ ਸੈਂਸਰ ਲਾਉਣੇ ਸ਼ਾਮਲ ਹਨ। ਇਥੇ ਦਸਣਾ ਬਣਦਾ ਹੈ ਕਿ ਟੈਕਸਸ ਵਿਚ ਕੌਮਾਂਤਰੀ ਬਾਰਡਰ ’ਤੇ ਗਰਮੀਆਂ ਦੌਰਾਨ ਤਾਪਮਾਨ 49 ਡਿਗਰੀ ਸੈਲਸੀਅਸ ਤੱਕ ਪੁੱਜ ਜਾਂਦਾ ਹੈ। ਕੰਧ ਨੂੰ ਕਾਲਾ ਰੰਗ ਕਰਵਾਉਣ ਦੀ ਸ਼ੁਰੂਆਤ ਟਰੰਪ ਵੱਲੋਂ ਆਪਣੇ ਪਹਿਲੇ ਕਾਰਜਕਾਲ ਦੌਰਾਨ ਕੀਤੀ ਗਈ ਪਰ ਇਸ ਨੂੰ ਮੁਕੰਮਲ ਨਾ ਕੀਤਾ ਜਾ ਸਕਿਆ। ਦੂਜੇ ਕਾਰਜਕਾਲ ਦੌਰਾਨ ਟਰੰਪ ਵੱਲੋਂ ਅਮਰੀਕਾ-ਮੈਕਸੀਕੋ ਦੇ ਬਾਰਡਰ ’ਤੇ ਕੰਧ ਦੀ ਉਸਾਰੀ ਵਾਸਤੇ 46.5 ਅਰਬ ਡਾਲਰ ਅਲਾਟ ਕੀਤੇ ਗਏ ਹਨ। ਕ੍ਰਿਸਟੀ ਨੌਇਮ ਨੇ ਦੱਸਿਆ ਕਿ ਬਿਗ ਬਿਊਟੀਫੁਲ ਬਿਲ ਰਾਹੀਂ ਕੌਮਾਂਤਰੀ ਸਰਹੱਦ ’ਤੇ ਕੰਧ ਦੀ ਉਸਾਰੀ ਕਰਨ ਵਿਚ ਮਦਦ ਮਿਲ ਰਹੀ ਹੈ ਅਤੇ ਰੋਜ਼ਾਨਾ ਤਕਰੀਬਨ ਅੱਧਾ ਮੀਲ ਇਲਾਕਾ ਕਵਰ ਕਰ ਦਿਤਾ ਜਾਂਦਾ ਹੈ।
ਗੈਰਕਾਨੂੰਨੀ ਪ੍ਰਵਾਸੀਆਂ ਦੀ ਆਮਦ ਵਿਚ ਇਤਿਹਾਸਕ ਕਟੌਤੀ ਦਾ ਦਾਅਵਾ
ਕੰਧ ਦੀ ਉਸਾਰੀ ਉਨ੍ਹਾਂ ਇਲਾਕਿਆਂ ਵਿਚ ਕੀਤੀ ਜਾ ਰਹੀ ਹੈ ਜਿਥੋਂ ਗੈਰਕਾਨੂੰਨੀ ਪ੍ਰਵਾਸੀ ਸਭ ਤੋਂ ਜ਼ਿਆਦਾ ਗਿਣਤੀ ਵਿਚ ਦਾਖਲ ਹੁੰਦੇ ਆਏ ਹਨ ਪਰ ਸਥਾਨਕ ਲੋਕਾਂ ਵੱਲੋਂ ਉਸਾਰੀ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ ਜਿਨ੍ਹਾਂ ਦੀ ਦਲੀਲ ਹੈ ਕਿ ਸਰਕਾਰ ਉਨ੍ਹਾਂ ਦੇ ਜ਼ਮੀਨ ਨੂੰ ਫੌਜੀ ਜ਼ੋਨਾਂ ਵਿਚ ਤਬਦੀਲ ਕਰ ਰਹੀ ਹੈ ਅਤੇ ਇਸ ਵਾਸਤੇ ਢੁਕਵਾਂ ਮੁਆਵਜ਼ਾ ਵੀ ਨਹੀਂ ਦਿਤਾ ਜਾ ਰਿਹਾ। ਇਸ ਦੇ ਉਲਟ ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਉਰਿਟੀ ਦੀ ਇੰਚਾਰਜ ਨੇ ਮਾਣ ਨਾਲ ਦੱਸਿਆ ਕਿ ਅਮਰੀਕਾ ਦੀਆਂ ਸਰਹੱਦਾਂ ਜਿੰਨੀਆਂ ਇਸ ਵੇਲੇ ਸੁਰੱਖਿਅਤ ਹਨ, ਓਨੀਆਂ ਇਤਿਹਾਸ ਵਿਚ ਪਹਿਲਾਂ ਕਦੇ ਵੀ ਨਹੀਂ ਰਹੀਆਂ। ਟਰੰਪ ਸਰਕਾਰ ਦੇ ਦਾਅਵੇ ਮੁਤਾਬਕ ਮਈ, ਜੂਨ ਅਤੇ ਜੁਲਾਈ ਦੇ ਮਹੀਨਿਆਂ ਦੌਰਾਨ ਗੈਰਕਾਨੂੰਨੀ ਪ੍ਰਵਾਸੀਆਂ ਦੀ ਆਵਾਜਾਈ ਮੁਕੰਮਲ ਤੌਰ ’ਤੇ ਬੰਦ ਰਹੀ। ਰਾਸ਼ਟਰਪਤੀ ਨੇ ਸੋਸ਼ਲ ਮੀਡੀਆ ਰਾਹੀਂ ਟੈਕਸਸ ਸੂਬੇ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਅਮਰੀਕਾ ਦੇ ਇਤਿਹਾਸ ਵਿਚ ਐਨੇ ਘੱਟ ਅੰਕੜੇ ਕਦੇ ਵੀ ਦਰਜ ਨਹੀਂ ਕੀਤੇ ਗਏ। ਰਾਸ਼ਟਰਪਤੀ ਵੱਲੋਂ ਇਹ ਰੁਝਾਨ ਜਾਰੀ ਰੱਖਣ ’ਤੇ ਵੀ ਜ਼ੋਰ ਦਿਤਾ ਗਿਆ ਜਿਸ ਦੇ ਆਧਾਰ ’ਤੇ 2026 ਦੀਆਂ ਮੱਧਕਾਲੀ ਚੋਣਾਂ ਵਿਚ ਰਿਪਬਲਿਕਨ ਪਾਰਟੀ ਦੀ ਜਿੱਤ ਯਕੀਨੀ ਬਣਾਈ ਜਾ ਸਕਦੀ ਹੈ। ਦੂਜੇ ਪਾਸੇ ਮੀਡੀਆ ਰਿਪੋਰਟਾਂ ਮੁਤਾਬਕ ਕੌਮਾਂਤਰੀ ਸਰਹੱਦ ’ਤੇ ਫੌਜ ਦੀ ਤੈਨਾਤੀ ਤਿੰਨ ਗੁਣਾ ਕਰ ਦਿਤੀ ਗਈ ਹੈ ਅਤੇ 3 ਹਜ਼ਾਰ ਵਾਧੂ ਪੈਟਰੋਲ ਏਜੰਟ ਵੀ ਭਰਤੀ ਕੀਤੇ ਜਾ ਰਹੇ ਹਨ।