ਟਰੰਪ ਨੇ ਪ੍ਰਵਾਸੀਆਂ ਨੂੰ ਡਿਪੋਰਟ ਕਰਨ ’ਤੇ ਖਰਚੇ 21 ਮਿਲੀਅਨ ਡਾਲਰ
ਟਰੰਪ ਸਰਕਾਰ ਨੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਦਿਆਂ ਫੌਜੀ ਜਹਾਜ਼ਾਂ ਰਾਹੀਂ ਗੁਆਂਤਨਾਮੋ ਬੇਅ ਜੇਲ ਭੇਜਣ ’ਤੇ 21 ਮਿਲੀਅਨ ਡਾਲਰ ਖਰਚ ਕਰ ਦਿਤੇ।
ਵਾਸ਼ਿੰਗਟਨ : ਟਰੰਪ ਸਰਕਾਰ ਨੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਦਿਆਂ ਫੌਜੀ ਜਹਾਜ਼ਾਂ ਰਾਹੀਂ ਗੁਆਂਤਨਾਮੋ ਬੇਅ ਜੇਲ ਭੇਜਣ ’ਤੇ 21 ਮਿਲੀਅਨ ਡਾਲਰ ਖਰਚ ਕਰ ਦਿਤੇ। ਡੈਮੋਕ੍ਰੈਟਿਕ ਪਾਰਟੀ ਦੀ ਸੈਨੇਟ ਮੈਂਬਰ ਐਲਿਜ਼ਾਬੈਥ ਵੌਰਨ ਵੱਲੋਂ ਸਦਨ ਵਿਚ ਪੁੱਛੇ ਗਏ ਸਵਾਲਾਂ ਦੇ ਜਵਾਬ ਵਿਚ ਇਹ ਜਾਣਕਾਰੀ ਉਭਰ ਕੇ ਸਾਹਮਣੇ ਆਈ ਜਿਨ੍ਹਾਂ ਦਾ ਦੋਸ਼ ਹੈ ਕਿ ਡੌਨਲਡ ਟਰੰਪ ਆਪਣੇ ਸਿਆਸੀ ਸਟੰਟਾਂ ਵਾਸਤੇ ਫੌਜੀ ਵਸੀਲਿਆਂ ਦੀ ਦੁਰਵਰਤੋਂ ਕਰ ਰਹੇ ਹਨ। ਪੈਂਟਾਗਨ ਵੱਲੋਂ ਮੁਹੱਈਆ ਕਰਵਾਏ ਵੇਰਵਿਆਂ ਮੁਤਾਬਕ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਲਈ 20 ਜਨਵਰੀ ਤੋਂ 8 ਅਪ੍ਰੈਲ ਦਰਮਿਆਨ ਫੌਜੀ ਜਹਾਜ਼ਾਂ ਨੇ ਗੁਆਂਤਨਾਮੋ ਬੇਅ ਜਾਣ ਵਾਸਤੇ 46 ਉਡਾਣਾਂ ਭਰੀਆਂ ਅਤੇ ਕੁਲ 802 ਘੰਟੇ ਜਹਾਜ਼ ਹਵਾ ਵਿਚ ਰਹੇ।
ਗੁਆਂਤਨਾਮੋ ਜੇਲ ਵੱਲ ਭੇਜੇ ਸਨ ਫੌਜ ਦੇ ਜਹਾਜ਼
ਇਕ ਘੰਟੇ ਦਾ ਔਸਤ ਖਰਚਾ 26,277 ਡਾਲਰ ਬਣਦਾ ਹੈ ਅਤੇ ਕੁਲ ਜੋੜ 21 ਮਿਲੀਅਨ ਡਾਲਰ ਤੱਕ ਪੁੱਜ ਗਿਆ। ਦੱਸ ਦੇਈਏ ਕਿ ਫਰਵਰੀ ਵਿਚ ਟਰੰਪ ਸਰਕਾਰ ਨੇ ਵੈਨੇਜ਼ੁਏਲਾ ਨਾਲ ਸਬੰਧਤ ਪ੍ਰਵਾਸੀਆਂ ਨੂੰ ਗੁਆਂਤਨਾਮੋ ਜੇਲ ਭੇਜਿਆ ਅਤੇ ਬਾਅਦ ਵਿਚ ਹੌਂਡੁਰਸ ਦੀ ਜੇਲ ਵਿਚ ਤਬਦੀਲ ਕੀਤਾ ਗਿਆ। ਰੱਖਿਆ ਵਿਭਾਗ ਦੇ ਵੇਰਵਿਆਂ ਮੁਤਾਬਕ ਇਸ ਵੇਲੇ ਗੁਆਂਤਨਾਮੋ ਜੇਲ ਵਿਚ ਸਿਰਫ਼ 69 ਪ੍ਰਵਾਸੀ ਬੰਦ ਹਨ ਜਿਨ੍ਹਾਂ ਵਿਚੋਂ 43 ਪ੍ਰਵਾਸੀਆਂ ਨੂੰ ਘੱਟ ਖਤਰਨਾਕ ਮੰਨਿਆ ਜਾ ਰਿਹਾ ਹੈ ਜਦਕਿ 26 ਵਧੇਰੇ ਖਤਰਨਾਕ ਮੰਨੇ ਜਾ ਰਹੇ ਹਨ। ਪ੍ਰਵਾਸੀਆਂ ਨੂੰ ਡਿਪੋਰਟ ਕਰਨ ਲਈ ਫੌਜ ਜਹਾਜ਼ ਭਾਰਤ ਵਰਗੇ ਮੁਲਕਾਂ ਵੱਲ ਵੀ ਭੇਜੇ ਗਏ ਪਰ ਖਰਚਾ ਬਹੁਤ ਜ਼ਿਆਦਾ ਹੋਣ ਕਰ ਕੇ ਫੌਜੀ ਜਹਾਜ਼ਾਂ ਦੀ ਵਰਤੋਂ ਰੋਕਦਿਆਂ ਚਾਰਟਰਡ ਫਲਾਈਟਸ ’ਤੇ ਜ਼ੋਰ ਦਿਤਾ ਗਿਆ। ਦੂਜੇ ਪਾਸੇ ਜਾਰਜੀਆ ਦੇ ਡਾਲਟਨ ਸ਼ਹਿਰ ਦੀ ਪੁਲਿਸ ਨੇ 19 ਸਾਲ ਦੀ ਵਿਦਿਆਰਥਣ ਵਿਰੁੱਧ ਲਾਏ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਦੇ ਦੋਸ਼ ਵਾਪਸ ਲੈ ਲਏ ਪਰ ਇੰਮੀਗ੍ਰੇਸ਼ਨ ਅਤੇ ਕਸਟਮਜ਼ ਐਨਫ਼ੋਰਸਮੈਂਟ ਵਾਲੇ ਉਸ ਨੂੰ ਰਿਹਾਅ ਕਰਨ ਲਈ ਰਾਜ਼ੀ ਨਹੀਂ। ਸਿਰਫ਼ ਚਾਰ ਸਾਲ ਦੀ ਉਮਰ ਵਿਚ ਅਮਰੀਕਾ ਪੁੱਜੀ ਜ਼ਿਮਨਾ ਆਰੀਅਸ ਕ੍ਰਿਸਟਾਬੈਲ ਦਾ ਕੋਈ ਅਪਰਾਧਕ ਰਿਕਾਰਡ ਨਾ ਹੋਣ ਦੇ ਬਾਵਜੂਦ ਉਸ ਨੂੰ ਬੇੜੀਆਂ ਵਿਚ ਜਕੜ ਕੇ ਰੱਖਿਆ ਗਿਆ ਅਤੇ ਇਕ ਮਹੀਨੇ ਬਾਅਦ ਜੱਜ ਸਾਹਮਣੇ ਪੇਸ਼ ਕੀਤਾ। ਕ੍ਰਿਸਟਾਬੈਲ ਇਸ ਵੇਲੇ ਜਾਰਜੀਆ ਦੇ ਲੰਪਕਿਨ ਵਿਖੇ ਸਥਿਤ ਇੰਮੀਗ੍ਰੇਸ਼ਨ ਡਿਟੈਨਸ਼ਨ ਸੈਂਟਰ ਵਿਚ ਬੰਦ ਹੈ ਅਤੇ ਉਸ ਨੂੰ ਡਿਪੋਰਟ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।
19 ਸਾਲ ਦੀ ਕੁੜੀ ਵਿਰੁੱਧ ਲਾਏ ਦੋਸ਼ ਪੁਲਿਸ ਨੇ ਵਾਪਸ ਲਏ
ਆਈਸ ਵੱਲੋਂ ਇਸ ਮੁੱਦੇ ’ਤੇ ਕੋਈ ਟਿੱਪਣੀ ਨਹੀਂ ਕੀਤੀ ਗਈ ਪਰ ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਉਰਿਟੀ ਦੀ ਤਰਜਮਾਨ ਟ੍ਰਿਸ਼ੀਆ ਮੈਕਲਾਫਲਿਨ ਨੇ ਕਿਹਾ ਕਿ ਕ੍ਰਿਸਟਾਬੈਲ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋਈ ਜਿਸ ਦੇ ਮੱਦੇਨਜ਼ਰ ਉਹ ਕਿਸੇ ਰਾਹਤ ਦੀ ਹੱਕਦਾਰ ਨਹੀਂ। ਉਨ੍ਹਾਂ ਕਿਹਾ ਕਿ ਕ੍ਰਿਸਟਾਬੈਲ ਅਤੇ ਉਸ ਦੇ ਪਿਤਾ ਨੂੰ ਸੈਲਫ਼ ਡਿਪੋਰਟ ਹੋਣ ਦਾ ਮੌਕਾ ਵੀ ਦਿਤਾ ਜਾ ਸਕਦਾ ਹੈ ਪਰ ਮੁਲਕ ਵਿਚ ਰਹਿਣ ਦੀ ਇਜਾਜ਼ਤ ਨਹੀਂ ਦਿਤੀ ਜਾਵੇਗੀ। ਉਧਰ ਸੋਮਵਾਰ ਨੂੰ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਡਾਲਟਨ ਪੁਲਿਸ ਦੇ ਮੁਖੀਖ ਕ੍ਰਿਸ ਕਰੌਸਰ ਨੇ ਆਪਣੇ ਮਹਿਕਮੇ ਤੋਂ ਹੋਈ ਗਲਤੀ ’ਤੇ ਅਫਸੋਸ ਜ਼ਾਹਰ ਕੀਤਾ। ਉਨ੍ਹਾਂ ਕਿਹਾ ਕਿ ਮਿਲਦੀਆਂ ਜੁਲਦੀਆਂ ਗੱਡੀਆਂ ਹੋਣ ਕਾਰਨ ਮੌਕੇ ’ਤੇ ਮੌਜੂਦ ਪੁਲਿਸ ਅਫ਼ਸਰ ਨੂੰ ਭੁਲੇਖਾ ਲੱਗ ਗਿਆ।