ਟਰੰਪ ਨੇ 5ਵੀਂ ਵਾਰ ਕਿਹਾ : ਰੂਸੀ ਤੇਲ ਦੀ ਖਰੀਦ ਬੰਦ ਕਰ ਰਿਹਾ ਭਾਰਤ
ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਇਕ ਵਾਰ ਫਿਰ ਕਿਹਾ ਹੈ ਕਿ ਭਾਰਤ, ਰੂਸ ਤੋਂ ਕੱਚੇ ਤੇਲ ਦੀ ਖਰੀਦ ਘਟਾ ਰਿਹਾ ਹੈ ਅਤੇ ਸਾਲ ਦੇ ਅੰਤ ਤੱਕ ਮੁਕੰਮਲ ਖਾਤਮਾ ਕਰ ਦਿਤਾ ਜਾਵੇਗਾ
ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਇਕ ਵਾਰ ਫਿਰ ਕਿਹਾ ਹੈ ਕਿ ਭਾਰਤ, ਰੂਸ ਤੋਂ ਕੱਚੇ ਤੇਲ ਦੀ ਖਰੀਦ ਘਟਾ ਰਿਹਾ ਹੈ ਅਤੇ ਸਾਲ ਦੇ ਅੰਤ ਤੱਕ ਮੁਕੰਮਲ ਖਾਤਮਾ ਕਰ ਦਿਤਾ ਜਾਵੇਗਾ। ਵਾਈਟ ਹਾਊਸ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕੱਚੇ ਤੇਲ ਦੀ ਖਰੀਦ ਇਕ ਅਜਿਹੀ ਪ੍ਰਕਿਰਿਆ ਹੈ ਜਿਸ ਨੂੰ ਤੁਰਤ ਰੋਕਣਾ ਸੰਭਵ ਨਹੀਂ ਪਰ ਸਮੇਂ ਦੇ ਨਾਲ-ਨਾਲ ਇਸ ਨੂੰ ਬੰਦ ਕੀਤਾ ਜਾ ਸਕਦਾ ਹੈ। ਚੇਤੇ ਰਹੇ ਕਿ ਪਿਛਲੇ ਇਕ ਹਫ਼ਤੇ ਦੌਰਾਨ ਟਰੰਪ ਪੰਜਵੀਂ ਵਾਰ ਭਾਰਤ ਵੱਲੋਂ ਰੂਸੀ ਤੇਲ ਦੀ ਖਰੀਦ ਦਾ ਜ਼ਿਕਰ ਕਰ ਚੁੱਕੇ ਹਨ।
ਭਾਰਤ ਉਤੇ ਲਾਗੂ 50 ਫ਼ੀ ਸਦੀ ਟੈਰਿਫ਼ਸ ਨੂੰ 15 ਫੀ ਸਦੀ ਕੀਤੇ ਜਾਣ ਦੇ ਆਸਾਰ
ਟਰੰਪ ਦੇ ਦਾਅਵਿਆਂ ਨੂੰ ਇਕ ਪਾਸੇ ਰੱਖ ਕੇ ਦੇਖਿਆ ਜਾਵੇ ਤਾਂ ਰੂਸ ਹੁਣ ਵੀ ਭਾਰਤ ਪੁੱਜ ਰਹੇ ਕੱਚੇ ਤੇਲ ਦਾ ਮੁੱਖ ਸਰੋਤ ਹੈ। ਸਤੰਬਰ ਦੇ ਅੰਕੜਿਆਂ ਮੁਤਾਬਕ ਭਾਰਤ ਨੇ ਕੱਚੇ ਤੇਲ ਦੀ ਕੁਲ ਖਰੀਦ ਦਾ 34 ਫ਼ੀ ਸਦੀ ਹਿੱਸਾ ਰੂਸ ਤੋਂ ਮੰਗਵਾਇਆ ਪਰ 2025 ਦੇ ਪਹਿਲੇ 8 ਮਹੀਨੇ ਦੇ ਇੰਪੋਰਟ ਵਿਚ 10 ਫੀ ਸਦੀ ਕਮੀ ਆਈ ਹੈ। ਦੂਜੇ ਪਾਸੇ ਭਾਰਤ ਅਤੇ ਅਮਰੀਕਾ ਦਰਮਿਆਨ ਜਲਦ ਹੀ ਵਪਾਰ ਸਮਝੌਤਾ ਹੋਣ ਦੇ ਆਸਾਰ ਹਨ ਅਤੇ ਟਰੰਪ ਵੱਲੋਂ ਲਾਗੂ 50 ਫੀ ਸਦੀ ਟੈਰਿਫ਼ਸ ਨੂੰ ਘਟਾ ਕੇ 15 ਫੀ ਸਦੀ ਕੀਤਾ ਜਾ ਸਕਦਾ ਹੈ। ਸੂਤਰਾਂ ਨੇ ਦੱਸਿਆ ਕਿ ਊਰਜਾ ਅਤੇ ਖੇਤੀ ਸੈਕਟਰ ਸਭ ਤੋਂ ਅਹਿਮ ਹਨ ਅਤੇ ਭਾਰਤ ਵੱਲੋਂ ਇਨ੍ਹਾਂ ਬਾਰੇ ਰਿਆਇਤਾਂ ਦਾ ਐਲਾਨ ਕੀਤਾ ਜਾ ਸਕਦਾ ਹੈ।
ਅਮਰੀਕਾ ਨਾਲ ਜਲਦ ਨੇਪਰੇ ਚੜ੍ਹ ਸਕਦੈ ਵਪਾਰ ਸਮਝੌਤਾ
ਭਾਰਤ ਵੱਲੋਂ ਅਮਰੀਕਾ ਦੀ ਮੱਕੀ ਅਤੇ ਸੋਇਆਬੀਨ ਵਾਸਤੇ ਬਾਜ਼ਾਰ ਖੋਲ੍ਹੇ ਜਾ ਸਕਦੇ ਹਨ ਪਰ ਇਹ ਫਸਲਾਂ ਨੌਨ ਜੈਨੇਟਿਕਲੀ ਮੌਡੀਫਾਈਡ ਹੋਣ ਦੀ ਸ਼ਰਤ ਲਾਗੂ ਹੋਵੇਗੀ। ਭਾਰਤ ਦਾ ਮੰਨਣਾ ਹੈ ਕਿ ਤੇਜ਼ੀ ਨਾਲ ਵਧ ਰਹੇ ਪੋਲਟਰੀ, ਡੇਅਰੀ ਅਤੇ ਐਥੇਨੌਲ ਉਦਯੋਗਾਂ ਵਿਚ ਇਹ ਉਤਪਾਦ ਖਪ ਜਾਣਗੇ। ਸਾਬਕਾ ਵਿਦੇਸ਼ ਸਕੱਤਰ ਕੰਵਲ ਸਿੱਬਲ ਨੇ ਦੱਸਿਆ ਕਿ ਭਾਰਤ ਅਤੇ ਅਮਰੀਕਾ ਵਪਾਰ ਸਮਝੌਤੇ ਦਾ ਖਰੜਾ ਟਰੰਪ ਦੀ ਮੇਜ਼ ’ਤੇ ਪਿਆ ਹੈ ਪਰ ਟਰੰਪ ਦੀ ਈਗੋ ਸਮੱਸਿਆਵਾਂ ਪੈਦਾ ਕਰ ਰਹੀ ਹੈ। ਦੱਸ ਦੇਈਏ ਕਿ ਅਮਰੀਕਾ ਪੁੱਜਣ ਵਾਲੀਆਂ ਭਾਰਤੀ ਵਸਤਾਂ ਉਤੇ 50 ਫੀ ਸਦੀ ਟੈਰਿਫ਼ਸ ਲੱਗ ਚੁੱਕੀਆਂ ਹਨ।