Trump ਨੇ ਅਮਰੀਕਾ ਵਾਲਿਆਂ ਲਈ ਖੋਲਿ੍ਹਆ treasury
ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਅਮਰੀਕਾ ਦੇ ਲੋਕਾਂ ਵਾਸਤੇ ਖਜ਼ਾਨੇ ਦਾ ਮੂੰਹ ਖੋਲ੍ਹਦਿਆਂ ਬੱਚਿਆਂ ਨੂੰ ਇਕ-ਇਕ ਹਜ਼ਾਰ ਡਾਲਰ ਵੰਡੇ ਜਾ ਰਹੇ ਹਨ ਜਦਕਿ ਵਡੇਰੀ ਉਮਰ ਵਾਲਿਆਂ ਨੂੰ 8 ਗੁਣਾ ਤੱਕ ਸਸਤੀਆਂ ਦਵਾਈਆਂ ਦਾ ਤੋਹਫ਼ਾ ਦਿਤਾ ਗਿਆ ਹੈ
ਵਾਸ਼ਿੰਗਟਨ : ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਅਮਰੀਕਾ ਦੇ ਲੋਕਾਂ ਵਾਸਤੇ ਖਜ਼ਾਨੇ ਦਾ ਮੂੰਹ ਖੋਲ੍ਹਦਿਆਂ ਬੱਚਿਆਂ ਨੂੰ ਇਕ-ਇਕ ਹਜ਼ਾਰ ਡਾਲਰ ਵੰਡੇ ਜਾ ਰਹੇ ਹਨ ਜਦਕਿ ਵਡੇਰੀ ਉਮਰ ਵਾਲਿਆਂ ਨੂੰ 8 ਗੁਣਾ ਤੱਕ ਸਸਤੀਆਂ ਦਵਾਈਆਂ ਦਾ ਤੋਹਫ਼ਾ ਦਿਤਾ ਗਿਆ ਹੈ। ਬੱਚਿਆਂ ਇਕ ਹਜ਼ਾਰ ਡਾਲਰ ਦੇਣ ਦੀ ਯੋਜਨਾ ਵਿਚ 6 ਲੱਖ ਪਰਵਾਰ ਸ਼ਾਮਲ ਹੋ ਚੁੱਕੇ ਹਨ ਅਤੇ ਟਰੰਪ ਸਰਕਾਰ ਦਾ ਮੰਨਣਾ ਹੈ ਕਿ ਢਾਈ ਕਰੋੜ ਬੱਚਿਆਂ ਦੇ ਮਾਪੇ ਯੋਜਨਾ ਦਾ ਲਾਭ ਹਾਸਲ ਕਰ ਸਕਦੇ ਹਨ। ਖ਼ਜ਼ਾਨਾ ਮੰਤਰੀ ਸਕੌਟ ਬੇਸੈਂਟ ਨੇ ਦੱਸਿਆ ਕਿ ਸੋਸ਼ਲ ਸਕਿਉਰਿਟੀ ਨੰਬਰ ਦੇ ਆਧਾਰ 1 ਜਨਵਰੀ 2025 ਤੋਂ 31 ਜਨਵਰੀ 2028 ਦਰਮਿਆਨ ਜੰਮੇ ਬੱਚਿਆਂ ਦੇ ਖਾਤੇ ਵਿਚ ਇਕ ਹਜ਼ਾਰ ਡਾਲਰ ਜਮ੍ਹਾਂ ਕਰਵਾਏ ਜਾਣਗੇ ਅਤੇ ਪਰਵਾਰਕ ਮੈਂਬਰ ਆਪਣੇ ਵੱਲੋਂ ਵੀ ਇਸ ਵਿਚ ਯੋਗਦਾਨ ਪਾ ਸਕਦੇ ਹਨ। 18 ਸਾਲ ਦੀ ਉਮਰ ਤੱਕ ਪੁਜਦਿਆਂ ਹੀ ਬੱਚਾ ਰਕਮ ਦਾ ਹੱਕਦਾਰ ਬਣ ਜਾਵੇਗਾ।
ਬੱਚਿਆਂ ਨੂੰ ਵੰਡੇ ਜਾ ਰਹੇ ਇਕ-ਇਕ ਹਜ਼ਾਰ ਡਾਲਰ
ਸਕੌਟ ਬੇਸੈਂਟ ਨੇ ਲੋਕਾਂ ਨੂੰ ਸੱਦਾ ਦਿਤਾ ਕਿ 18 ਸਾਲ ਤੋਂ ਘੱਟ ਉਮਰ ਵਾਲੇ ਹਰ ਬੱਚੇ ਦੇ ਮਾਪਿਆਂ ਨੂੰ ਇਹ ਖਾਤਾ ਖੁਲ੍ਹਵਾਉਣਾ ਚਾਹੀਦਾ ਹੈ। ਦੂਜੇ ਪਾਸੇ ਟਰੰਪ ਆਰ.ਐਕਸ ਦੇ ਨਾਂ ਹੇਠ ਇਕ ਨਵੀਂ ਵੈਬਸਾਈਟ ਆਰੰਭੀ ਜਾ ਰਹੀ ਹੈ ਜਿਸ ਰਾਹੀਂ 8 ਗੁਣਾ ਤੱਕ ਸਸਤੀਆਂ ਦਵਾਈਆਂ ਖਰੀਦੀਆਂ ਜਾ ਸਕਣਗੀਆਂ। ਐਨ.ਪੀ.ਆਰ. ਦੀ ਰਿਪੋਰਟ ਮੁਤਾਬਕ ਟਰੰਪ ਸਰਕਾਰ ਵੱਲੋਂ ਸਤੰਬਰ ਤੋਂ ਹੁਣ ਤੱਕ 16 ਵੱਡੀਆਂ ਫ਼ਾਰਮਾਸੂਟੀਕਲ ਕੰਪਨੀਆਂ ਨਾਲ ਸਮਝੌਤੇ ਕੀਤੇ ਗਏ ਹਨ ਅਤੇ ਇਸ ਦੇ ਇਵਜ਼ ਵਿਚ ਕੰਪਪਨੀਆਂ ਨੂੰ ਤਿੰਨ ਸਾਲ ਤੱਕ ਟੈਰਿਫ਼ਸ ਤੋਂ ਰਾਹਤ ਦਿਤੀ ਗਈ ਹੈ। ਟਰੰਪ ਦਾ ਕਹਿਣਾ ਹੈ ਕਿ ਵੱਖ ਵੱਖ ਮੁਲਕ ਅਮਰੀਕਾ ਤੋਂ ਬੇਹੱਦ ਘੱਟ ਭਾਅ ’ਤੇ ਦਵਾਈਆਂ ਖਰੀਦਦੇ ਹਨ ਪਰ ਅਮਰੀਕਾ ਵਾਲਿਆਂ ਨੂੰ ਤਿੰਨ ਗੁਣਾ ਵੱਧ ਕੀਮਤ ਅਦਾ ਕਰਨੀ ਪੈਂਦੀ ਹੈ। ਅਮਰੀਕਾ ਦੀਆਂ ਕੰਪਨੀਆਂ ਦਵਾਈਆਂ ਦੀ ਖੋਜ, ਟੈਸਟਿੰਗ ਅਤੇ ਉਤਪਾਦਨ ਕਰਨ ’ਤੇ ਅਰਬਾਂ ਡਾਲਰ ਖਰਚ ਕਰਦੀਆਂਹਨ ਪਰ ਸਥਾਨਕ ਲੋਕਾਂ ਨੂੰ ਇਹ ਸਸਤੀ ਨਹੀਂ ਮਿਲਦੀ। ਇਸ ਦੇ ਉਲਟ ਕੈਨੇਡਾ, ਯੂਰਪ ਅਤੇ ਜਾਪਾਨ ਵਰਗੇ ਮੁਲਕਾਂ ਵਿਚ ਇਹੋ ਦਵਾਈ ਸਸਤੇ ਭਾਅ ਮਿਲਦੀ ਹੈ।
ਬਜ਼ੁਰਗਾਂ ਨੂੰ ਸਸਤੀਆਂ ਦਵਾਈਆਂ ਦਾ ਤੋਹਫ਼ਾ
ਟਰੰਪ ਦਾ ਮੰਨਣਾ ਹੈ ਕਿ ਅਮਰੀਕਾ ਵਾਲਿਆਂ ਦੇ ਪੈਸੇ ਨਾਲ ਹੀ ਨਵੀਆਂ ਦਵਾਈਆਂ ਬਣਦੀਆਂ ਹਨ ਜਦਕਿ ਵਿਦੇਸ਼ੀ ਲੋਕ ਘੱਟ ਪੈਸੇ ਦੇ ਕੇ ਫ਼ਾਇਦਾ ਹਾਸਲ ਕਰਦੇ ਹਨ। ਹੁਣ ਅਮਰੀਕਾ ਨੂੰ ਮੋਸਟ ਫ਼ੇਵਰਡ ਨੇਸ਼ਨ ਮੰਨਿਆ ਗਿਆ ਹੈ ਅਤੇ ਕਿਸੇ ਦਵਾਈ ਦੀ ਸਭ ਤੋਂ ਹੇਠਲੀ ਕੀਮਤ ਹੀ ਸਥਾਨਕ ਲੋਕਾਂ ਤੋਂ ਵਸੂਲ ਕੀਤੀ ਜਾ ਸਕੇਗੀ। ਦੂਜੇ ਪਾਸੇ ਵਿਦੇਸ਼ਾਂ ਨੂੰ ਵੱਧ ਕੀਮਤ ਅਦਾ ਕਰਨੀ ਪੈ ਸਕਦੀ ਹੈ। ਮਿਸਾਲ ਵਜੋਂ ਯੂ.ਕੇ. ਨਾਲ ਹੋਏ ਸਮਝੌਤੇ ਹਿਤ ਨਵੀਆਂ ਦਵਾਈਆਂ ਦੀ ਕੀਮਤ ਵਿਚ 25 ਫ਼ੀ ਸਦੀ ਵਾਧਾ ਕੀਤਾ ਗਿਆ ਹੈ। ਟਰੰਪ ਆਰ.ਐਕਸ. ਦਾ ਸਭ ਤੋਂ ਅਹਿਮ ਪਹਿਲੂ ਇਹ ਹੈ ਕਿ ਸਰਕਾਰ ਦਵਾਈਆਂ ਦੀਆਂ ਕੀਮਤਾਂ ਤੈਅ ਕਰਨ ਵੇਲੇ ਸਿੱਧਾ ਦਖਲ ਦੇਣਾ ਚਹੁੰਦੀ ਹੈ ਪਰ ਕੰਪਨੀਆਂ ਨੂੰ ਮੁਨਾਫ਼ਾ ਘਟਣ ਦਾ ਡਰ ਸਤਾਅ ਰਿਹਾ ਹੈ। ਹੁਣ ਜਿਹੜੀ ਦਵਾਈ ਕੈਨੇਡਾ ਵਿਚ 10 ਡਾਲਰ ਦੇ ਭਾਅ ’ਤੇ ਵਿਕ ਰਹੀ ਹੈ, ਉਹ ਅਮਰੀਕਾ ਵਿਚ ਵੀ ਉਸ ਕੀਮਤ ’ਤੇ ਵੇਚਣੀ ਹੋਵੇਗੀ। ਕੰਪਨੀਆਂ ਨੂੰ ਇਹ ਡਰ ਵੀ ਵੱਢ ਵੱਢ ਖਾ ਰਿਹਾ ਹੈ ਕਿ ਮੁਨਾਫ਼ਾ ਘਟਿਆ ਤਾਂ ਨਿਵੇਸ਼ਕ ਪਿੱਤੇ ਹਟ ਸਕਦੇ ਹਨ ਅਤੇ ਬਿਜ਼ਨਸ ਮਾਡਲ ਵਿਗੜ ਸਕਦਾ ਹੈ। ਮੁਢਲੇ ਤੌਰ ’ਤੇ ਵੈਬਸਾਈਟ ਦਾ ਲੌਂਚਿੰਗ 30 ਜਨਵਰੀ 2026 ਨੂੰ ਰੱਖੀ ਗਈ ਪਰ ਕੁਝ ਕਾਰਨਾਂ ਕਰ ਕੇ ਇਸ ਨੂੰ ਮੁਲਤਵੀ ਕਰ ਦਿਤਾ ਗਿਆ ਅਤੇ ਆਉਣ ਵਾਲੇ ਦਿਨਾਂ ਵਿਚ ਨਵੀਂ ਤਰੀਕ ਦਾ ਐਲਾਨ ਹੋ ਸਕਦਾ ਹੈ।