ਟਰੰਪ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਬਾਰੇ ਵੱਡਾ ਐਲਾਨ
ਅਮਰੀਕਾ ਦੇ ਇਤਿਹਾਸ ਵਿਚ ਪਹਿਲੀ ਵਾਰ ਨਵੇਂ ਰਾਸ਼ਟਰਪਤੀ ਵੱਲੋਂ ਸੱਤਾ ਸੰਭਾਲਣ ਦੇ ਪਹਿਲੇ ਹੀ ਦਿਨ 200 ਕਾਰਜਕਾਰੀ ਹੁਕਮ ਜਾਰੀ ਕੀਤੇ ਜਾ ਰਹੇ ਹਨ;
ਵਾਸ਼ਿੰਗਟਨ : ਅਮਰੀਕਾ ਦੇ ਇਤਿਹਾਸ ਵਿਚ ਪਹਿਲੀ ਵਾਰ ਨਵੇਂ ਰਾਸ਼ਟਰਪਤੀ ਵੱਲੋਂ ਸੱਤਾ ਸੰਭਾਲਣ ਦੇ ਪਹਿਲੇ ਹੀ ਦਿਨ 200 ਕਾਰਜਕਾਰੀ ਹੁਕਮ ਜਾਰੀ ਕੀਤੇ ਜਾ ਰਹੇ ਹਨ ਜਿਨ੍ਹਾਂ ਵਿਚ ਪ੍ਰਮੁੱਖ ਤੌਰ ’ਤੇ ਨਾਜਾਇਜ਼ ਪ੍ਰਵਾਸੀਆਂ ਦੀ ਵੱਡੇ ਪੱਧਰ ’ਤੇ ਫੜੋ-ਫੜੀ, ਕੈਨੇਡੀਅਨ ਵਸਤਾਂ ’ਤੇ 25 ਫੀ ਸਦੀ ਟੈਕਸ ਅਤੇ ਟਿਕਟੌਕ ਦੀ ਬਹਾਲੀ ਸ਼ਾਮਲ ਹਨ। ਐਤਵਾਰ ਰਾਤ ਆਪਣੀ ਵਿਕਟਰੀ ਸਪੀਚ ਦੌਰਾਨ ਟਰੰਪ ਨੇ ਕਿਹਾ ਕਿ ਤੇਜ਼ੀ ਨਾਲ ਕੰਮ ਹੋਵੇਗਾ ਅਤੇ ਇਸ ਦੀ ਸ਼ੁਰੂਆਤ ਮੈਕਸੀਕੋ ਬਾਰਡਰ ਨੂੰ ਸੀਲ ਕਰਨ ਤੋਂ ਕੀਤੀ ਜਾਵੇਗੀ। ਗੈਰਕਾਨੂੰਨੀ ਪ੍ਰਵਾਸੀਆਂ ਦਾ ਜ਼ਿਕਰ ਕਰਦਿਆਂ ਟਰੰਪ ਨੇ ਕਿਹਾ ਕਿ ਅਮਰੀਕਾ ਦੇ ਇਤਿਹਾਸ ਦੀ ਸਭ ਤੋਂ ਵੱਡੀ ਡੀਪੋਰਟੇਸ਼ਨ ਯੋਜਨਾ ਸ਼ੁਰੂ ਕੀਤੀ ਜਾ ਰਹੀ ਹੈ।
ਮੈਕਸੀਕੋ ਬਾਰਡਰ ਸੀਲ ਕਰਨ ਦੇ ਹੁਕਮ
ਸਿਰਫ਼ ਐਨਾ ਹੀ ਨਹੀਂ, ਅਮਰੀਕਾ ਦੇ ਸਕੂਲਾਂ ਵਿਚ ਦੇਸ਼ ਭਗਤੀ ਦੀ ਭਾਵਨਾ ਬਹਾਲੀ ਕੀਤੀ ਜਾਵੇਗੀ ਅਤੇ ਕੱਟੜ ਖੱਬੇਪੱਖੀ ਵਿਚਾਰਧਾਰਾ ਨੂੰ ਸਾਡੀ ਫ਼ੌਜ ਅਤੇ ਸਰਕਾਰ ਵਿਚੋਂ ਬਾਹਰ ਕੱਢ ਦਿਤਾ ਜਾਵੇਗਾ। ਟਰੰਪ ਨੇ ਅੱਗੇ ਕਿਹਾ ਕਿ ਟਿਕਟੌਕ ਵਾਪਸ ਗਿਆ ਹੈ। ਟਿਕਟੌਕ ਨੂੰ ਬਚਾਉਣਾ ਬੇਹੱਦ ਜ਼ਰੂਰੀ ਸੀ ਕਿਉਂਕਿ ਅਸੀਂ ਨੌਕਰੀਆਂ ਖਤਮ ਨਹੀਂ ਕਰਦੀਆਂ ਅਤੇ ਆਪਣਾ ਵਪਾਰ ਚੀਨ ਨੂੰ ਵੀ ਨਹੀਂ ਦੇ ਸਕਦੇ। ਟਿਕਟੌਕ ਨੂੰ ਅਮਰੀਕਾ ਵਿਚ ਜਾਰੀ ਰਹਿ ਸਕਦੈ, ਬਾਸ਼ਰਤੇ 50 ਫ਼ੀ ਸਦੀ ਮਾਲਕੀ ਅਮਰੀਕਾ ਦੀ ਹੋਵੇ। ਇਥੇ ਦਸਣਾ ਬਣਦਾ ਹੈਕਿ ਸ਼ਨਿੱਚਰਵਾਰ ਦੇਰ ਰਾਤ ਅਮਰੀਕਾ ਵਿਚ ਟਿਕਟੌਕ ਨੇ ਕੰਮ ਕਰਨਾ ਬੰਦ ਕਰ ਦਿਤਾ। ਐਤਵਾਰ ਨੂੰ ਟਰੰਪ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਅਧਿਕਾਰੀਆਂ ਨੂੰ ਹੁਕਮ ਦਿਤੇ ਕਿ ਟਿਕਟੌਕ ਨੂੰ ਵਾਧੂ ਸਮਾਂ ਦਿਤਾ ਜਾਵੇ ਜਿਸ ਮਗਰੋਂ ਟਿਕਟੌਕ ਨੇ ਮੁੜ ਕੰਮ ਕਰਨਾ ਸ਼ੁਰੂ ਕਰ ਦਿਤਾ। ਕੰਪਨੀ ਨੇ ਆਪਣੀ ਵਾਪਸੀ ਦਾ ਸਿਹਰਾ ਟਰੰਪ ਨੂੰ ਦਿਤਾ ਅਤੇ ਕਿਹਾ ਕਿ ਸੇਵਾਵਾਂ ਬਹਾਲ ਕੀਤੀਆਂ ਜਾ ਰਹੀਆਂ ਹਨ ਅਤੇ ਅਮਰੀਕਾ ਵਿਚ ਟਿਕਟੌਕ ਕਾਇਮ ਰੱਖਣ ਲਈ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਤਾਲਮੇਲ ਅਧੀਨ ਕੰਮ ਕੀਤਾ ਜਾਵੇਗਾ। ਉਧਰ ਲੌਸ ਐਂਜਲਸ ਵਿਖੇ ਅੱਗ ਕਾਰਨ ਹੋਏ ਨੁਕਸਾਨ ਦਾ ਜ਼ਿਕਰ ਕਰਦਿਆਂ ਟਰੰਪ ਨੇ ਕਿਹਾ ਕਿ ਉਹ ਸ਼ੁੱਕਰਵਾਰ ਨੂੰ ਕੈਲੇਫੋਰਨੀਆ ਜਾਣਗੇ। 2028 ਦੀਆਂ ਓਲੰਪਿਕ ਖੇਡਾਂ ਲਈ ਸ਼ਹਿਰ ਨੂੰ ਨਵਾਂ ਰੂਪ ਦਿਤੇ ਜਾਣ ਦਾ ਜ਼ਿਕਰ ਕਰਦਿਆਂ ਟਰੰਪ ਨੇ ਕਿਹਾ ਕਿ ਸਾਨੂੰ ਸਭਨਾਂ ਨੂੰ ਰਲ ਕੇ ਐਲ.ਏ. ਨੂੰ ਹੋਰ ਸੋਹਣਾ ਬਣਾਉਣਾ ਹੋਵੇਗਾ। ਸਾਡੇ ਕੋਲ ਦੁਨੀਆਂ ਦੇ ਬਿਹਤਰੀਨ ਬਿਲਡਰ ਮੌਜੂਦ ਹਨ ਜਿਨ੍ਹਾਂ ਰਾਹੀਂ ਸਭ ਕੁਝ ਸੰਭਵ ਹੈ। ਟਰੰਪ ਨੇ ਅੱਗੇ ਕਿਹਾ ਕਿ ਉਨ੍ਹਾਂ ਦੇ ਚੋਣ ਜਿੱਤਣ ਤੋਂ ਮਹਿਜ਼ ਸਵਾ ਦੋ ਮਹੀਨੇ ਬਾਅਦ ਗਾਜ਼ਾ ਵਿਚ ਸੀਜ਼ਫਾਇਰ ਹੋ ਗਿਆ।
200 ਕਾਰਜਕਾਰੀ ਹੁਕਮ ਹੋਣਗੇ ਜਾਰੀ
ਇਸ ਤੋਂ ਇਲਾਵਾ ਸਾਬਕਾ ਰਾਸ਼ਟਰਪਤੀ ਜੌਹਨ ਐਫ਼. ਕੈਨੇਡੀ ਸਣੇ ਹੋਰਨਾਂ ਆਗੂਆਂ ਦੇ ਕਤਲਾਂ ਨਾਲ ਸਬੰਧਤ 60 ਸਾਲ ਪੁਰਾਣੇ ਦਸਤਾਵੇਜ਼ਾਂ ਨੂੰ ਜਨਤਕ ਕਰਨ ਦਾ ਜ਼ਿਕਰ ਵੀ ਉਨ੍ਹਾਂ ਵੱਲੋਂ ਕੀਤਾ ਗਿਆ। ਉਧਰ ਸਿਆਸਤ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਟਰੰਪ ਇਸ ਵਾਰ ਦੁੱਗਣੇ ਤਾਕਤਵਰ ਰਾਸ਼ਟਰਪਤੀ ਸਾਬਤ ਹੋਣਗੇ। ਰਿਪਬਲਿਕਨ ਪਾਰਟੀ ਵਿਚ ਉਨ੍ਹਾਂ ਦੀ ਪੂਰੀ ਚੜ੍ਹਤ ਹੈ ਅਤੇ ਸੰਸਦ ਦੇ ਦੋਹਾਂ ਸਦਨਾਂ ਵਿਚ ਪਾਰਟੀ ਨੂੰ ਬਹੁਮਤ ਵੀ ਹਾਸਲ ਹੈ। ਇਸ ਦੇ ਨਾਲ ਹੀ ਸੁਪਰੀਮ ਕੋਰਟ ਵਿਚ ਰਿਪਬਲਿਕਨ ਪਾਰਟੀ ਨਾਲ ਨਰਮਦਿਲੀ ਰੱਖਣ ਵਾਲੇ ਜੱਜ ਵੀ ਮੌਜੂਦ ਹਨ। ਕੁਲ ਮਿਲਾ ਕੇ ਦੇਖਿਆ ਜਾਵੇ ਤਾਂ ਗੈਰਕਾਨੂੰਨੀ ਪ੍ਰਵਾਸੀਆਂ ਅਤੇ ਕੈਨੇਡਾ ਨੂੰ ਟਰੰਪ ਦੇ ਸੱਤਾ ਵਿਚ ਆਉਣ ਦਾ ਸਭ ਤੋਂ ਵੱਧ ਨੁਕਸਾਨ ਹੋਵੇਗਾ ਜਦਕਿ ਪਨਾਮਾ ਨਹਿਰ ਅਤੇ ਗਰੀਨਲੈਂਡ ਦੀ ਕਿਸਮਤ ਬਾਰੇ ਆਉਣ ਵਾਲੇ ਸਮੇਂ ਦੌਰਾਨ ਹੀ ਪਤਾ ਲੱਗ ਸਕਦਾ ਹੈ। ਅਮਰੀਕਾ ਦੇ 47ਵੇਂ ਰਾਸ਼ਟਰਪਤੀ ਦੇ ਕਾਫ਼ਲੇ ਵਿਚ ਅਜਿਹੀਆਂ ਗੱਡੀਆਂ ਸ਼ਾਮਲ ਕੀਤੀਆਂ ਗਈਆਂ ਹਨ ਜਿਨ੍ਹਾਂ ਉਤੇ ਡਰੋਨ ਜੈਮਰ ਲੱਗੇ ਹੋਏ ਹਨ। ਸੁਰੱਖਿਅਤ ਦੇ ਨਜ਼ਰੀਏ ਤੋਂ ਇਹ ਵੱਡਾ ਉਪਰਾਲਾ ਦੱਸਿਆ ਜਾ ਰਿਹਾ ਹੈ।