‘ਦੋਹਾਂ ਹੱਥਾਂ ਨਾਲ ਡਾਲਰ ਇਕੱਠੇ ਕਰ ਰਹੇ ਟਰੰਪ’

ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਦਾ ਦੂਜਾ ਕਾਰਜਕਾਲ ਉਨ੍ਹਾਂ ਦੇ ਪਰਵਾਰ ਲਈ ਮੋਟੀ ਕਮਾਈ ਦਾ ਜ਼ਰੀਆ ਬਣਦਾ ਜਾ ਰਿਹਾ ਹੈ

Update: 2026-01-03 12:11 GMT

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਦਾ ਦੂਜਾ ਕਾਰਜਕਾਲ ਉਨ੍ਹਾਂ ਦੇ ਪਰਵਾਰ ਲਈ ਮੋਟੀ ਕਮਾਈ ਦਾ ਜ਼ਰੀਆ ਬਣਦਾ ਜਾ ਰਿਹਾ ਹੈ। ਜੀ ਹਾਂ, ਨਿਊ ਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਟਰੰਪ ਨੇ ਸਰਕਾਰ ਨੇ ਪਿਛਲੇ ਸਾਲ ਜਿਹੜੇ ਮੁਲਕਾਂ ਲਾਲ ਵੱਡੇ ਸੌਦੇ ਕੀਤੇ, ਉਥੇ ਟਰੰਪ ਪਰਵਾਰ ਦਾ ਕਾਰੋਬਾਰ ਵੀ ਤੇਜ਼ੀ ਨਾਲ ਵਧਿਆ। ਕਿਸੇ ਵੇਲੇ ਕ੍ਰਿਪਟੋ ਕਰੰਸੀ ਨੂੰ ਧੋਖਾ ਦੱਸਣ ਵਾਲੇ ਟਰੰਪ ਹੁਣ ਖੁਦ ਕ੍ਰਿਪਟੋ ਦੀ ਵੱਧ ਤੋਂ ਵੱਧ ਵਰਤੋਂ ’ਤੇ ਜ਼ੋਰ ਦੇ ਰਹੇ ਹਨ। ਟਰੰਪ ਪਰਵਾਰ ਦਾ ਕਾਰੋਬਾਰ ਰੀਅਲ ਅਸਟੇਟ ਤੋਂ ਕਿਤੇ ਅੱਗੇ ਕ੍ਰਿਪਟੋ, ਏ.ਆਈ. ਅਤੇ ਡਾਟਾ ਸੈਂਟਰਜ਼ ਤੱਕ ਫੈਲ ਚੁੱਕਾ ਹੈ।

ਨਿਊ ਯਾਰਕ ਟਾਈਮਜ਼ ਦੀ ਰਿਪੋਰਟ ਵਿਚ ਹੈਰਾਨਕੁੰਨ ਦਾਅਵਾ

ਆਲੋਚਕਾਂ ਦਾ ਕਹਿਣਾ ਹੈ ਕਿ ਟਰੰਪ ਦੇ ਦੂਜੇ ਕਾਰਜਕਾਲ ਦੌਰਾਨ ਰਾਸ਼ਟਰਪਤੀ ਦਾ ਅਹੁਦਾ ਅਮਰੀਕਾ ਵਾਸਤੇ ਘੱਟ ਅਤੇ ਪਰਵਾਰ ਲਈ ਵੱਧ ਕੰਮ ਕਰਦਾ ਨਜ਼ਰ ਆ ਰਿਹਾ ਹੈ। ਅਪ੍ਰੈਲ 2025 ਵਿਚ ਇਕ ਗੌਲਫ਼ ਟੂਰਨਾਮੈਂਟ ਦੌਰਾਨ ਟਰੰਪ ਨੇ ਟਿੱਪਣੀ ਕਰਦਿਆਂ ਕਿਹਾ ਸੀ, ‘‘ਇਹ ਅਮੀਰ ਬਣਨ ਦਾ ਸ਼ਾਨਦਾਰ ਸਮਾਂ ਹੈ, ਪਹਿਲਾਂ ਤੋਂ ਵੀ ਜ਼ਿਆਦਾ ਅਮੀਰ।’’ ਹੁਣ ਟਰੰਪ ਬਿਲਕੁਲ ਉਸੇ ਰਣਨੀਤੀ ’ਤੇ ਅੱਗੇ ਵਧ ਰਹੇ ਹਨ। ਟਰੰਪ ਪਰਵਾਰ ਦਾ ਕਾਰੋਬਾਰ 5 ਖੇਤਰਾਂ ਵਿਚ ਫੈਲਿਆ ਹੋਇਆ ਹੈ ਅਤੇ ਮਈ 2025 ਵਿਚ ਦੁਬਈ ਸੰਮੇਲਨ ਦੌਰਾਨ ਹੋਏ ਸੌਦਿਆਂ ਰਾਹੀਂ ਟਰੰਪ ਪਰਵਾਰਾਂ ਨੂੰ ਕਰੋੜਾਂ ਡਾਲਰ ਦਾ ਫਾਇਦਾ ਹੋਇਆ। ਇਸੇ ਸੌਦੇਬਾਜ਼ੀ ਦੌਰਾਨ ਕਤਰ ਨੇ ਟਰੰਪ ਨੂੰ ਲਗਜ਼ਰੀ ਬੋਇੰਟ ਜੈਟ ਤੋਹਫ਼ੇ ਵਿਚ ਦਿਤਾ। ਅਲਬਾਨੀਆ ਵਿਚ ਇਵਾਂਕਾ ਟਰੰਪ ਨਾਲ ਸਬੰਧਤ ਲਗਜ਼ਰੀ ਹੋਟਲ ਪ੍ਰੋਜੈਕਟ ਮਨਜ਼ੂਰ ਹੋਇਆ ਜਦਕਿ ਓਮਾਨ ਅਤੇ ਮਾਲਦੀਵਜ਼ ਵਿਖੇ ਟਰੰਪ ਬਰਾਂਡ ਵਾਲਾ ਰੀਅਲ ਅਸਟੇਟ ਪ੍ਰੌਜੈਕਟ ਸ਼ੁਰੂ ਹੋਏ। ਸਿਰਫ਼ ਐਨਾ ਹੀ ਨਹੀਂ, ਵੀਅਤਨਾਮ ਵਿਚ ਟਰੰਪ ਪਰਵਾਰ ਦੇ ਗੌਲਫ਼ ਅਤੇ ਹੋਟਲ ਪ੍ਰੌਜੈਕਟ ਲਈ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਗਈਆਂ।

ਪਰਵਾਰ ਦਾ ਕਾਰੋਬਾਰ ਦੁਨੀਆਂ ਦੇ ਕੋਨੇ-ਕੋਨੇ ਵਿਚ ਫੈਲਿਆ

ਦੂਜੇ ਪਾਸੇ ਡੌਨਲਡ ਟਰੰਪ ਅਤੇ ਉਨ੍ਹਾਂ ਕਰੀਬੀਆਂ ਨੇ ਇਕ ਸਾਲ ਦੌਰਾਨ 2 ਅਰਬ ਡਾਲਰ ਦਾ ਸਿਆਸੀ ਚੰਦਾ ਹਾਸਲ ਕੀਤਾ। ਇਹ ਰਕਮ ਚੋਣ ਪ੍ਰਚਾਰ ਦੌਰਾਨ ਇਕੱਤਰ ਰਕਮ ਤੋਂ ਕਿਤੇ ਜ਼ਿਆਦਾ ਬਣਦੀ ਹੈ। ਮੀਡੀਆ ਰਿਪੋਰਟ ਮੁਤਾਬਕ 346 ਦਾਨੀ ਸੱਜਣ ਅਜਿਹੇ ਹਨ ਜਿਨ੍ਹਾਂ ਵੱਲੋਂ ਢਾਈ ਲੱਖ ਡਾਲਰ ਜਾਂ ਇਸ ਤੋਂ ਵੱਧ ਰਕਮ ਚੰਦੇ ਦੇ ਰੂਪ ਵਿਚ ਦਿਤੀ ਗਈ। 200 ਦਾਨੀ ਸੱਜਣ ਅਜਿਹੇ ਹਨ ਜਿਨ੍ਹਾਂ ਦੇ ਕਾਰੋਬਾਰ ਨੂੰ ਟਰੰਪ ਦੇ ਫ਼ੈਸਲਿਆ ਨਾਲ ਫ਼ਾਇਦਾ ਹੋਇਆ। ਘੱਟੋ ਘੱਟ 100 ਦਾਨੀ ਸੱਜਣ ਅਜਿਹੇ ਹਨ ਜੋ ਵਾਈਟ ਹਾਊਸ ਵਿਖੇ ਡੌਨਲਡ ਟਰੰਪ ਦੇ ਨਿਜੀ ਡਿਨਰ ਵਿਚ ਸ਼ਾਮਲ ਹੋਏ ਅਤੇ ਵਿਦੇਸ਼ਾਂ ਦੌਰਿਆਂ ਵੇਲੇ ਵੀ ਰਾਸ਼ਟਰਪਤੀ ਦੇ ਨਾਲ ਰਹੇ। ਉਧਰ ਵਾਈਟ ਹਾਊਸ ਨੇ ਡੌਨਲਡ ਟਰੰਪ ’ਤੇ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਕਿਹਾ ਹੈ ਕਿ ਰਾਸ਼ਟਰਪਤੀ ਦਾ ਮਕਸਦ ਸਿਰਫ਼ ਅਮਰੀਕਾ ਦੀ ਭਲਾਈ ਹੈ ਅਤੇ ਸਿਆਸੀ ਚੰਦਾ ਦੇਣ ਵਾਲਿਆਂ ਨੂੰ ਸ਼ੱਕ ਦੀ ਨਜ਼ਰ ਨਾਲ ਨਹੀਂ ਦੇਖਿਆ ਜਾਣਾ ਚਾਹੀਦਾ। ਇਸ ਦੇ ਉਲਟ ਨਿਊ ਯਾਰਕ ਟਾਈਮਜ਼ ਦੀ ਰਿਪੋਰਟ ਕਹਿੰਦੀ ਹੈ ਕਿ ਕਾਰੋਬਾਰੀ ਅਤੇ ਦਾਨੀ ਸੱਜਣ ਡਰਦੇ ਹਨ ਕਿ ਜੇ ਟਰੰਪ ਨੂੰ ਪੈਸਾ ਨਾ ਦਿਤਾ ਤਾਂ ਕਿਤੇ ਰਾਸ਼ਟਰਪਤੀ ਗੁੱਸੇ ਨਾ ਹੋ ਜਾਣ। ਇਸ ਲਈ ਵੱਡੀ ਗਿਣਤੀ ਵਿਚ ਕਾਰੋਬਾਰੀਆਂ ਦਾ ਮੰਨਣਾ ਹੈ ਕਿ ਜੇ ਕੁਝ ਲੱਖ ਡਾਲਰ ਸਿਆਸੀ ਚੰਦੇ ਨਾਲ ਚੰਮ ਬਚਦਾ ਹੈ ਤਾਂ ਇਸ ਵਿਚ ਗਲ਼ਤ ਹੀ ਕੀ ਹੈ।

Tags:    

Similar News