ਟਰੰਪ ਨੇ ਲਾਗੂ ਕੀਤੀ ‘ਫੜੋ ਅਤੇ ਡਿਪੋਰਟ ਕਰੋ’ ਨੀਤੀ
ਅਮਰੀਕਾ ਵਿਚ ਗੈਰਕਾਨੂੰਨੀ ਤਰੀਕੇ ਨਾਲ ਰਹਿ ਰਹੇ ਪ੍ਰਵਾਸੀਆਂ ਉਤੇ ਇਕ ਹੋਰ ਜ਼ੁਲਮ ਢਾਹੁੰਦਿਆਂ ਟਰੰਪ ਸਰਕਾਰ ਵੱਲੋਂ ਫੜੋ ਅਤੇ ਡਿਪੋਰਟ ਕਰੋ ਦੀ ਨੀਤੀ ਲਾਗੂ ਕਰ ਦਿਤੀ ਗਈ ਹੈ।
ਵਾਸ਼ਿੰਗਟਨ : ਅਮਰੀਕਾ ਵਿਚ ਗੈਰਕਾਨੂੰਨੀ ਤਰੀਕੇ ਨਾਲ ਰਹਿ ਰਹੇ ਪ੍ਰਵਾਸੀਆਂ ਉਤੇ ਇਕ ਹੋਰ ਜ਼ੁਲਮ ਢਾਹੁੰਦਿਆਂ ਟਰੰਪ ਸਰਕਾਰ ਵੱਲੋਂ ਫੜੋ ਅਤੇ ਡਿਪੋਰਟ ਕਰੋ ਦੀ ਨੀਤੀ ਲਾਗੂ ਕਰ ਦਿਤੀ ਗਈ ਹੈ। ਜੀ ਹਾਂ, ਹੁਣ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਜੱਦੀ ਮੁਲਕ ਦੀ ਬਜਾਏ ਕਿਸੇ ਅਣਜਾਣ ਮੁਲਕ ਵੱਲ ਭੇਜਣ ਲਈ ਸਿਰਫ਼ 6 ਘੰਟੇ ਦਾ ਨੋਟਿਸ ਦਿਤਾ ਜਾਵੇਗਾ ਜਦਕਿ ਇਸ ਤੋਂ ਪਹਿਲਾਂ ਪ੍ਰਵਾਸੀਆਂ ਨੂੰ ਕਿਸੇ ਗੈਰ ਮੁਲਕ ਵਿਚ ਭੇਜਣ ਤੋਂ 24 ਘੰਟੇ ਪਹਿਲਾਂ ਇਤਲਾਹ ਦਿਤੀ ਜਾਂਦੀ ਸੀ। ਮੀਡੀਆ ਰਿਪੋਰਟਾਂ ਮੁਤਾਬਕ ਇੰਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਦੇ ਕਾਰਜਕਾਰੀ ਡਾਇਰੈਕਟਰ ਟੌਡ ਲੀਔਨਜ਼ ਵੱਲੋਂ ਚੁੱਪ-ਚਪੀਤੇ ਪਿਛਲੇ ਦਿਨੀਂ ਨਵੀਆਂ ਹਦਾਇਤਾਂ ਜਾਰੀ ਕੀਤੀ ਗਈਆਂ।
ਅਣਜਾਣ ਮੁਲਕਾਂ ਵੱਲ ਡਿਪੋਰਟ ਲਈ ਮਿਲੇਗਾ ਸਿਰਫ਼ 6 ਘੰਟੇ ਦਾ ਨੋਟਿਸ
ਇਥੇ ਦਸਣਾ ਬਣਦਾ ਹੈ ਕਿ ਅਮਰੀਕਾ ਵੱਲੋਂ ਹਜ਼ਾਰਾਂ ਦੀ ਗਿਣਤੀ ਵਿਚ ਪ੍ਰਵਾਸੀਆਂ ਨੂੰ ਕੌਸਟਾ ਰੀਕਾ, ਅਲ ਸਲਵਾਡੋਰ ਅਤੇ ਪਨਾਮਾ ਡਿਪੋਰਟ ਕੀਤਾ ਜਾ ਚੁੱਕਾ ਹੈ ਜਦਕਿ ਉਨ੍ਹਾਂ ਦਾ ਇਨ੍ਹਾਂ ਮੁਲਕਾਂ ਨਾਲ ਕੋਈ ਵਾਹ-ਵਾਸਤਾ ਨਹੀਂ ਸੀ। ਟਰੰਪ ਸਰਕਾਰ ਵੱਲੋਂ ਹੁਣ ਆਪਣੀ ਸੂਚੀ ਵਿਚ ਦੱਖਣੀ ਸੁਡਾਨ ਵਰਗਾ ਹਿੰਸਾਗ੍ਰਸਤ ਮੁਲਕ ਵਿਚ ਸ਼ਾਮਲ ਕਰ ਲਿਆ ਗਿਆ ਹੈ ਜਿਥੇ ਪ੍ਰਵਾਸੀਆਂ ਨੂੰ ਲਿਜਾ ਕੇ ਛੱਡ ਦਿਤਾ ਜਾਵੇਗਾ। ਇਸੇ ਦੌਰਾਨ ਰਵਾਂਡਾ ਸਰਕਾਰ ਵੀ ਡਿਪੋਰਟ ਪ੍ਰਵਾਸੀਆਂ ਨੂੰ ਪ੍ਰਵਾਨ ਕਰਨ ਬਾਰੇ ਗੱਲਬਾਤ ਵਿਚ ਰੁੱਝੀ ਹੋਈ ਹੈ ਪਰ ਮਨੁੱਖੀ ਅਧਿਕਾਰ ਕਾਰਕੁੰਨ ਇਸ ਦਾ ਵਿਰੋਧ ਕਰ ਰਹੇ ਹਨ। ਦੋ ਮਹੀਨੇ ਪਹਿਲਾਂ ਆਈਸ ਦੇ ਛਾਪਿਆਂ ਦੌਰਾਨ ਫਲੋਰੀਡਾ ਤੋਂ ਗ੍ਰਿਫ਼ਤਾਰ ਵੈਨੇਜ਼ੁਏਲਾ ਦੀ ਇਕ ਔਰਤ ਨੂੰ ਮੈਕਸੀਕੋ ਡਿਪੋਰਟ ਕਰ ਦਿਤਾ ਗਿਆ। ਹੁਣ ਉਹ ਔਰਤ ਖੁੱਲ੍ਹ ਕੇ ਸਾਹਮਣੇ ਆ ਗਈ ਹੈ ਅਤੇ ਉਸ ਨੇ ਦੱਸਿਆ ਕਿ ਸੈਂਕੜਿਆਂ ਦੀ ਗਿਣਤੀ ਵਿਚ ਪ੍ਰਵਾਸੀਆਂ ਨੂੰ ਨਸ਼ਾ ਤਸਕਰ ਗਿਰੋਹਾਂ ਦੇ ਕਬਜ਼ੇ ਵਾਲੇ ਇਲਾਕਿਆਂ ਵਿਚ ਛੱਡ ਦਿਤਾ ਗਿਆ। ਪ੍ਰਵਾਸੀਆਂ ਕੋਲ ਆਪਣੇ ਘਰ ਫੋਨ ਕਰਨ ਵਾਸਤੇ ਨਾ ਕੋਈ ਸੈੱਲ ਫੋਨ ਸੀ ਅਤੇ ਨਾ ਹੀ ਜੇਬ ਵਿਚ ਕੋਈ ਪੈਸਾ ਕਿ ਆਪਣਾ ਢਿੱਡ ਭਰ ਸਕਣ।
ਇੰਮੀਗ੍ਰੇਸ਼ਨ ਵਾਲਿਆਂ ਨੇ ਚੁੱਪ-ਚਪੀਤਾ ਨਵਾਂ ਹਰਬਾ ਵਰਤਿਆ
ਅਮਰੀਕਾ ਵਿਚ 20 ਸਾਲ ਰਹਿਣ ਵਾਲੀ ਔਰਤ ਦਾ ਪਤੀ ਅਤੇ ਤਿੰਨ ਬੇਟੇ ਇਸ ਵੇਲੇ ਅਮਰੀਕਾ ਵਿਚ ਹਨ ਜਿਨ੍ਹਾਂ ਵਿਚੋਂ ਦੋ ਕੋਲ ਯੂ.ਐਸ. ਸਿਟੀਜ਼ਨਸ਼ਿਪ ਹੈ। ਆਪਣੀ ਪਛਾਣ ਗੁਪਤ ਰੱਖੇ ਜਾਣ ਦੀ ਸ਼ਰਤ ’ਤੇ ਔਰਤ ਨੇ ਦੱਸਿਆ ਕਿ ਜਦੋਂ ਡੌਨਲਡ ਟਰੰਪ ਸੱਤਾ ਵਿਚ ਆਏ ਤਾਂ ਉਸ ਦੇ ਮਨ ਵਿਚ ਥੋੜ੍ਹਾ-ਬਹੁਤ ਡਰ ਪੈਦਾ ਹੋਇਆ ਪਰ ਇਹ ਕਦੇ ਵੀ ਨਹੀਂ ਸੀ ਸੋਚਿਆ ਕਿ ਮੈਕਸੀਕੋ ਦੀਆਂ ਸੜਕਾਂ ’ਤੇ ਰਾਤਾਂ ਕੱਟਣ ਲਈ ਮਜਬੂਰ ਹੋਣਾ ਪਵੇਗਾ। ਇਸੇ ਦੌਰਾਨ ਟਰੰਪ ਦੇ ਬਾਰਡਰ ਜ਼ਾਰ ਟੌਮ ਹੋਮਨ ਨੇ ਕਿਹਾ ਕਿ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਵਾਸਤੇ ਜਲਦ ਹੀ ਕਈ ਮੁਲਕ ਲਿਖਤੀ ਸਹਿਮਤੀ ਦੇ ਰਹੇ ਹਨ ਅਤੇ ਹੁਣ ਪ੍ਰਵਾਸੀਆਂ ਨੂੰ ਪਹਿਲਾਂ ਨਾਲੋਂ ਵੀ ਤੇਜ਼ ਰਫ਼ਤਾਰ ਨਾਲ ਡਿਪੋਰਟ ਕੀਤਾ ਜਾ ਸਕੇਗਾ। ਰਾਸ਼ਟਰਪਤੀ ਡੌਨਲਡ ਟਰੰਪ ਆਪਣੇ ਕਾਰਜਕਾਲ ਦੇ ਪਹਿਲੇ ਵਰ੍ਹੇ ਦੌਰਾਨ 10 ਲੱਖ ਪ੍ਰਵਾਸੀਆਂ ਨੂੰ ਡਿਪੋਰਟ ਕਰਨਾ ਚਾਹੁੰਦੇ ਹਨ ਪਰ ਮੌਜੂਦਾ ਰਫ਼ਤਾਰ ਜ਼ਿਆਦਾ ਨਾ ਹੋਣ ਕਾਰਨ ਇੰਮੀਗ੍ਰੇਸ਼ਨ ਮਹਿਕਮੇ ਨੂੰ ਨਵੇਂ ਢੰਗ-ਤਰੀਕੇ ਅਖਤਿਆਰ ਕਰਨੇ ਪੈ ਰਹੇ ਹਨ।