Trump ਸਰਕਾਰ ਨੇ ਟੰਗਿਆ ਭਾਰਤੀ transporter

ਅਮਰੀਕਾ ਵਿਚ 2 ਹਜ਼ਾਰ ਲੋਕਾਂ ਨੂੰ ਠੱਗਣ ਵਾਲੇ ਭਾਰਤੀ ਟ੍ਰਾਂਸਪੋਰਟਰ ਨੂੰ 5 ਕਰੋੜ 12 ਲੱਖ ਡਾਲਰ ਦੀ ਰਕਮ ਹਰਜਾਨੇ ਵਜੋਂ ਅਦਾ ਕਰਨ ਦੇ ਹੁਕਮ ਦਿਤੇ ਗਏ ਹਨ

Update: 2026-03-13 12:52 GMT

ਫ਼ਲੋਰੀਡਾ : ਅਮਰੀਕਾ ਵਿਚ 2 ਹਜ਼ਾਰ ਲੋਕਾਂ ਨੂੰ ਠੱਗਣ ਵਾਲੇ ਭਾਰਤੀ ਟ੍ਰਾਂਸਪੋਰਟਰ ਨੂੰ 5 ਕਰੋੜ 12 ਲੱਖ ਡਾਲਰ ਦੀ ਰਕਮ ਹਰਜਾਨੇ ਵਜੋਂ ਅਦਾ ਕਰਨ ਦੇ ਹੁਕਮ ਦਿਤੇ ਗਏ ਹਨ। ਜੀ ਹਾਂ, 23 ਸਾਲ ਕੈਦ ਦੀ ਸਜ਼ਾ ਭੁਗਤ ਰਹੇ ਸੰਜੇ ਸਿੰਘ ਨੇ ਨਿਵੇਸ਼ਕਾਂ ਨੂੰ ਕੁਝ ਹੀ ਸਮੇਂ ਵਿਚ ਮੋਟੇ ਫ਼ਾਇਦੇ ਦਾ ਲਾਲਚ ਦਿੰਦਿਆਂ ਰਾਯਲ ਬੰਗਾਲ ਲੌਜਿਸਟਿਕਸ ਵਿਚ ਨਿਵੇਸ਼ ਦਾ ਸੱਦਾ ਦਿਤਾ। ਫ਼ਲੋਰੀਡਾ ਦੇ ਦੱਖਣੀ ਜ਼ਿਲ੍ਹੇ ਦੇ ਅਟਾਰਨੀ ਦਫ਼ਤਰ ਮੁਤਾਬਕ ਪੌਂਜ਼ੀ ਸਕੀਮ ਜਨਵਰੀ 2020 ਵਿਚ ਆਰੰਭ ਹੋਈ ਅਤੇ ਸੰਜੇ ਸਿੰਘ ਦੀ ਗ੍ਰਿਫ਼ਤਾਰੀ ਤੱਕ ਚਲਦੀ ਰਹੀ। ਸੰਜੇ ਸਿੰਘ ਅਤੇ ਉਸ ਦੇ ਸਾਥੀਆਂ ਨੇ 158 ਮਿਲੀਅਨ ਡਾਲਰ ਦੀ ਰਕਮ ਇਕੱਤਰ ਕੀਤੀ ਅਤੇ ਇਸ ਦਾ ਕੁਝ ਹਿੱਸਾ ਮੋਟੇ ਫਾਇਦੇ ਦੇ ਰੂਪ ਵਿਚ ਨਿਵੇਸ਼ਕਾਂ ਨੂੰ ਵਾਪਸ ਵੀ ਕੀਤਾ ਪਰ ਇਸ ਮਗਰੋਂ ਸੰਜੇ ਸਿੰਘ ਨੇ ਆਪਣਾ ਘਰ ਰੈਨੋਵੇਟ ਕਰਨ, ਕਰਜ਼ਾ ਉਤਾਰਨ ਅਤੇ ਭਾਰਤ ਰਹਿੰਦੇ ਆਪਣੇ ਪਰਵਾਰਕ ਮੈਂਬਰਾਂ ਨੂੰ ਲੱਖਾਂ ਡਾਲਰ ਭੇਜਦਿਆਂ ਰਕਮ ਦਾ ਵੱਡਾ ਹਿੱਸਾ ਖ਼ਰਚ ਕਰ ਦਿਤਾ। ਕੋਰਲ ਸਪ੍ਰਿੰਗਜ਼ ਵਿਖੇ ਮੁੱਖ ਦਫ਼ਤਰ ਵਾਲੀ ਕੰਪਨੀ ਵੱਲੋਂ ਫ਼ਾਇਦਾ ਵਿਚ ਹੋਣ ਦਾ ਦਾਅਵਾ ਕੀਤਾ ਗਿਆ ਜਦਕਿ ਅਸਲ ਵਿਚ ਕੰਪਨੀ ਘਾਟੇ ਵਿਚ ਚੱਲ ਰਹੀ ਸੀ।

51 ਮਿਲੀਅਨ ਡਾਲਰ ਹਰਜਾਨਾ ਭਰਨ ਦੇ ਹੁਕਮ

ਨਿਵੇਸ਼ਕਾਂ ਨੂੰ ਗੁੰਮਰਾਹ ਕਰਨ ਵਾਸਤੇ ਫ਼ਰਜ਼ੀ ਦਸਤਾਵੇਜ਼ ਤਿਆਰ ਕਰਵਾਏ ਅਤੇ ਆਖਰਕਾਰ ਮਾਮਲਾ ਸਰਕਾਰੀ ਏਜੰਸੀਆਂ ਦੇ ਧਿਆਨ ਵਿਚ ਆ ਗਿਆ। ਅਮਰੀਕਾ ਦੇ ਡਿਪਾਰਟਮੈਂਟ ਆਫ਼ ਟ੍ਰਾਂਸਪੋਰਟੇਸ਼ਨ ਆਉਂਦੇ ਇੰਸਪੈਕਟਰ ਜਨਰਲ ਦਫ਼ਤਰ ਨੇ ਮਾਮਲੇ ਡੂੰਘਾਈ ਵਿਚ ਜਾਂਦਿਆਂ ਫਰੌਡ ਸਕੀਮ ਦਾ ਪਰਦਾ ਫਾਸ਼ ਕਰ ਦਿਤਾ ਅਤੇ ਮਈ 2025 ਵਿਚ ਸੰਜੇ ਸਿੰਘ ਨੂੰ ਵਾਇਰ ਫਰੌਡ, ਮਨੀ ਲੌਂਡਰਿੰਗ ਅਤੇ ਸਾਜ਼ਿਸ਼ ਘੜਨ ਦੇ ਅੱਠ ਮਾਮਲਿਆਂ ਵਿਚ 23 ਸਾਲ ਕੈਦ ਦੀ ਸਜ਼ਾ ਸੁਣਾਈ ਗਈ। 51 ਮਿਲੀਅਨ ਡਾਲਰ ਦੀ ਰਕਮ ਜਮ੍ਹਾਂ ਨਾ ਕਰਵਾਉਣ ’ਤੇ ਸੰਜੇ ਸਿੰਘ ਦੀ ਜਾਇਦਾਦ ਜ਼ਬਤ ਕੀਤੀ ਜਾ ਸਕਦੀ ਹੈ। ਦੂਜੇ ਪਾਸੇ ਪੈਨਸਿਲਵੇਨੀਆ ਸੂਬੇ ਵਿਚ ਰਹਿੰਦੇ ਭਾਰਤੀ ਮੂਲ ਦੇ 2 ਭਰਾਵਾਂ ਭਾਸਕਰ ਸਵਾਨੀ ਅਤੇ ਅਰੁਣ ਸਵਾਨੀ ਨੂੰ ਵੀਜ਼ਾ ਫਰੌਡ, ਹੈਲਥ ਕੇਅਰ ਫਰੌਡ, ਮਨੀ ਲੌਂਡਰਿੰਗ ਅਤੇ ਟੈਕਸ ਚੋਰੀ ਦਾ ਦੋਸ਼ੀ ਕਰਾਰ ਦਿਤਾ ਗਿਆ ਹੈ। ਸਰਕਾਰੀ ਵਕੀਲਾਂ ਨੇ ਦਾਅਵਾ ਕੀਤਾ ਕਿ ਸਵਾਨੀ ਗਰੁੱਪ ਰਾਹੀਂ ਪਿਛਲੇ ਕਈ ਵਰਿ੍ਹਆਂ ਦੌਰਾਨ ਕਰੋੜਾਂ ਡਾਲਰ ਗੈਰਕਾਨੂੰਨੀ ਸਕੀਮਾਂ ਹਾਸਲ ਕੀਤੇ ਗਏ। ਸਭ ਤੋਂ ਪਹਿਲਾਂ ਐਚ-1ਬੀ ਵੀਜ਼ਾ ਫਰੌਡ ਤਹਿਤ ਵਿਦੇਸ਼ੀ ਕਾਮਿਆਂ ਦੀ ਭਰਤੀ ਲਈ ਅਰਜ਼ੀ ਦਾਖਲ ਕਰਦਿਆ ਸਲੌਟ ਹਾਸਲ ਕੀਤੇ ਗਏ ਪਰ ਅਮਰੀਕਾ ਸੱਦਣ ਦੇ ਇਵਜ਼ ਵਿਚ ਭਾਰਤੀ ਕਾਮਿਆਂ ਤੋਂ ਮੋਟੀ ਰਕਮ ਮੰਗੀ ਜਾਂਦੀ। ਦੂਜੇ ਪਾਸੇ ਹੈਲਥ ਕੇਅਰ ਫਰੌਡ ਕਰਦਿਆਂ ਦੋਹਾਂ ਭਰਾਵਾਂ ਨੇ ਸਰਕਾਰੀ ਯੋਜਨਾਵਾਂ ਦੀ ਦੁਰਵਰਤੋਂ ਕੀਤੀ।

2 ਠੱਗ ਭਰਾਵਾਂ ਨੂੰ ਹੋਵੇਗੀ 420 ਸਾਲ ਦੀ ਕੈਦ

ਜਾਂਚਕਰਤਾਵਾਂ ਮੁਤਾਬਕ ਸਵਾਨੀ ਗਰੁੱਪ ਵੱਲੋਂ ਕੀਤਾ ਜਾਂਦਾ ਦੰਦਾਂ ਦਾ ਇਲਾਜ ਮੈਡਿਕਏਡ ਇੰਸ਼ੋਰੈਂਸ ਵਿਚੋਂ ਬਾਹਰ ਹੋ ਜਾਣ ਦੇ ਬਾਵਜੂਦ ਅਦਾਇਗੀਆਂ ਹਾਸਲ ਕੀਤੀਆਂ। ਅਧਿਕਾਰੀਆਂ ਮੁਤਾਬਕ 30 ਮਿਲੀਅਨ ਡਾਲਰ ਤੋਂ ਵੱਧ ਰਕਮ ਦੇ ਮੈਡਿਕਏਡ ਕਲੇਮ ਸਵਾਨੀ ਗਰੁੱਪ ਦੇ ਖਾਤਿਆਂ ਵਿਚ ਗਏ। ਇਸ ਤੋਂ ਇਲਾਵਾ ਫਰਜ਼ੀ ਮੈਡੀਕਲ ਬਿਲ ਵੱਖਰੇ ਤੌਰ ਦਾਖਲ ਕਰਦਿਆਂ ਲੱਖਾਂ ਡਾਲਰ ਦੀ ਰਕਮ ਹਾਸਲ ਕੀਤੀ ਗਈ। ਮਨੀ ਲੌਂਡਰਿੰਗ ਵਿਚ ਵੀ ਦੋਵੇਂ ਭਰਾ ਪਿੱਛੇ ਨਹੀਂ ਸਨ ਜਿਨ੍ਹਾਂ ਵੱਲੋਂ ਹੈਲਥ ਕੇਅਰ ਫ਼ਰੌਡ ਰਾਹੀਂ ਹਾਸਲ ਰਕਮ ਨੂੰ ਕਾਰਪੋਰੇਟ ਬੈਂਕ ਖਾਤਿਆਂ ਰਾਹੀਂ ਵੱਖ ਵੱਖ ਥਾਵਾਂ ’ਤੇ ਤਬਦੀਲ ਕੀਤਾ ਗਿਆ। ਇਥੇ ਹੀ ਬੱਸ ਨਹੀਂ, ਦੋਹਾਂ ਭਰਾਵਾਂ ਨੇ 16 ਲੱਖ ਡਾਲਰ ਦਾ ਬਣਦਾ ਟੈਕਸ ਵੀ ਅਦਾ ਨਾ ਕੀਤਾ ਅਤੇ ਆਮਦਨ ਘਟਾ ਕੇ ਪੇਸ਼ ਕਰਦੇ ਰਹੇ। ਆਪਣੇ ਨਿਜੀ ਖਰਚਿਆਂ ਨੂੰ ਕਾਰੋਬਾਰੀ ਖਰਚੇ ਦਿਖਾਉਂਦਿਆਂ ਵੀ ਦੋਹਾਂ ਨੇ ਵੱਡਾ ਘਪਲਾ ਕੀਤਾ। ਅਪਰਾਧਾਂ ਦੀ ਲੰਮੀ-ਚੌੜੀ ਲਿਸਟ ਦੇ ਮੱਦੇਨਜ਼ਰ ਭਾਸਕਰ ਸਵਾਨੀ ਨੂੰ 420 ਸਾਲ ਕੈਦ ਦੀ ਸਜ਼ਾ ਹੋ ਸਕਦੀ ਹੈ ਜਦਕਿ ਅਰੁਣ ਸਵਾਨੀ ਨੂੰ 415 ਸਾਲ ਵਾਸਤੇ ਜੇਲ ਭੇਜਿਆ ਜਾ ਸਕਦਾ ਹੈ।

Tags:    

Similar News