ਰੂਸ ਤੋਂ ਰਿਹਾਅ ਹੋ ਕੇ ਪਰਤੇ ਅਧਿਆਪਕ ਦਾ ਟਰੰਪ ਵੱਲੋਂ ਜ਼ੋਰਦਾਰ ਸਵਾਗਤ
ਰੂਸ ਦੀ ਕੈਦ ਵਿਚੋਂ ਰਿਹਾਅ ਹੋਏ ਅਮੈਰਿਕਨ ਟੀਚਰ ਮਾਰਕ ਫੌਗਲ ਦਾ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਵਾਈਟ ਹਾਊਸ ਵਿਚ ਜ਼ੋਰਦਾਰ ਸਵਾਗਤ ਕੀਤਾ ਗਿਆ।
ਵਾਸ਼ਿੰਗਟਨ : ਰੂਸ ਦੀ ਕੈਦ ਵਿਚੋਂ ਰਿਹਾਅ ਹੋਏ ਅਮੈਰਿਕਨ ਟੀਚਰ ਮਾਰਕ ਫੌਗਲ ਦਾ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਵਾਈਟ ਹਾਊਸ ਵਿਚ ਜ਼ੋਰਦਾਰ ਸਵਾਗਤ ਕੀਤਾ ਗਿਆ। ਪੈਨਸਿਲਵੇਨੀਆ ਨਾਲ ਸਬੰਧਤ ਮਾਰਕ ਫੌਗਲ ਨੇ ਆਪਣੇ ਆਪ ਨੂੰ ਦੁਨੀਆਂ ਦਾ ਸਭ ਤੋਂ ਖੁਸ਼ਕਿਸਮਤ ਇਨਸਾਨ ਮੰਨਦਿਆਂ ਟਰੰਪ ਨੂੰ ਅਸਲ ਨਾਇਕ ਕਰਾਰ ਦਿਤਾ। ਫੌਗਲ ਨੇ ਰੂਸ ਦੀ ਜੇਲ ਵਿਚ ਕੱਟੇ ਸਾਢੇ ਤਿੰਨ ਸਾਲ ਦੀ ਹਡਬੀਤੀ ਬਿਆਨ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ 100 ਤੋਂ ਵੱਧ ਸਮਾਂ ਮੈਡੀਕਲ ਵਾਰਡਾਂ ਵਿਚ ਰਹਿਣਾ ਪਿਆ ਜਿਥੇ 400 ਤੋਂ ਵੱਧ ਟੀਕੇ ਲੱਗੇ। ਫੌਗਲ ਨੇ ਰੂਸ ਦੇ ਰਾਸ਼ਟਰਪਤੀ ਪੁਤਿਨ ਦਾ ਸ਼ੁਕਰੀਆ ਅਦਾ ਕਰਨ ਤੋਂ ਇਲਾਵਾ ਅਰਬਪਤੀ ਕਾਰੋਬਾਰੀ ਸਟੀਵ ਵਿਟਕੌਫ਼ ਦਾ ਧੰਨਵਾਦ ਵੀ ਕੀਤਾ ਜਿਨ੍ਹਾਂ ਦੇ ਯਤਨਾਂ ਸਦਕਾ ਉਹ ਆਪਣੇ ਘਰ ਪੁੱਜ ਸਕੇ।
ਮਾਰਕ ਫੌਗਲ ਨੇ ਖੁਦ ਨੂੰ ਦੁਨੀਆਂ ਦਾ ਖੁਸ਼ਕਿਸਮਤ ਇਨਸਾਨ ਦੱਸਿਆ
ਫੌਗਲ ਦਾ ਸਵਾਗਤ ਕਰਨ ਵਾਲਿਆਂ ਵਿਚ ਵਿਦੇਸ਼ ਮੰਤਰੀ ਮਾਰਕੋ ਰੂਬੀਓ ਅਤੇ ਕੌਮੀ ਸੁਰੱਖਿਆ ਸਲਾਹਕਾਰ ਮਾਈਕ ਵਾਲਟਜ਼ ਵੀ ਸ਼ਾਮਲ ਸਨ। ਇਥੇ ਦਸਣਾ ਬਣਦਾ ਹੈ ਕਿ 2021 ਵਿਚ ਮਾਸਕੋ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਫੌਗਲ ਦੇ ਬੈਗ ਵਿਚੋਂ 17 ਗ੍ਰਾਮ ਮੈਡੀਕਲ ਮੈਰੂਆਨਾ ਬਰਾਮਦ ਕੀਤੀ ਗਿਆ ਜੋ ਰੀੜ੍ਹ ਦੀ ਹੱਡੀ ਦੀ ਸਮੱਸਿਆ ਵਾਸਤੇ ਵਰਤਿਆ ਜਾ ਰਿਹਾ ਸੀ ਪਰ ਰੂਸ ਦੀ ਅਦਾਲਤ ਨੇ ਫੌਗਲ ਨੂੰ 14 ਸਾਲ ਵਾਸਤੇ ਜੇਲ ਭੇਜ ਦਿਤਾ। ਟਰੰਪ ਵੱਲੋਂ ਚੋਣ ਪ੍ਰਚਾਰ ਦੌਰਾਨ ਫੌਗਲ ਦੀ 95 ਸਾਲਾ ਮਾਤਾ ਨਾਲ ਵਾਅਦਾ ਕੀਤਾ ਗਿਆ ਸੀ ਕਿ ਜੇ ਉਹ ਜੇਤੂ ਰਹੇ ਤਾਂ ਉਨ੍ਹਾਂ ਦੇ ਪੁੱਤ ਰਿਹਾਈ ਯਕੀਨੀ ਬਣਾਉਣਗੇ। ਇਸੇ ਦੌਰਾਨ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਕਿ ਟਰੰਪ ਵੱਲੋਂ ਸੱਤਾ ਸੰਭਾਲਣ ਤੋਂ ਤਿੰਨ ਹਫ਼ਤੇ ਦੇ ਅੰਦਰ ਵਿਦੇਸ਼ਾਂ ਵਿਚ ਕੈਦ 10 ਅਮਰੀਕੀ ਨਾਗਰਿਕਾਂ ਨੂੰ ਰਿਹਾਅ ਕਰਵਾਇਆ ਜਾ ਚੁੱਕਾ ਹੈ ਅਤੇ ਆਉਣ ਵਾਲੇ ਦਿਨਾਂ ਦੌਰਾਨ ਹੋਰ ਬੰਦੀਆਂ ਦੀ ਰਿਹਾਈ ਹੋ ਸਕਦੀ ਹੈ।
2021 ਵਿਚ ਗਾਂਜਾ ਰੱਖਣ ਦੇ ਦੋਸ਼ ਹੇਠ ਹੋਇਆ ਸੀ ਗ੍ਰਿਫ਼ਤਾਰ
ਦੱਸ ਦੇਈਏ ਕਿ ਰੂਸ ਅਤੇ ਯੂਕਰੇਨ ਦਰਮਿਆਨ ਜੰਗ ਸ਼ੁਰੂ ਹੋਣ ਮਗਰੋਂ ਪਹਿਲੀ ਵਾਰ ਕਿਸੇ ਅਮਰੀਕੀ ਅਧਿਕਾਰੀ ਨੇ ਰੂਸ ਦੀ ਧਰਤੀ ’ਤੇ ਕਦਮ ਰੱਖਿਆ ਹੈ। ਇਸ ਤੋਂ ਪਹਿਲਾਂ ਨਵੰਬਰ 2021 ਵਿਚ ਉੁਸ ਵੇਲੇ ਦੇ ਸੀ.ਆਈ.ਏ. ਚੀਫ਼ ਵਿਲੀਅਮ ਬਰਨਜ਼ ਮਾਸਕੋ ਗਏ ਸਨ। ਮਾਰਕ ਫੌਗਲ ਰੂਸ ਦੀ ਰਾਜਧਾਨੀ ਮਾਸਕੋ ਦੇ ਇਕ ਐਂਗਲੋ ਅਮੈਰਿਕਨ ਸਕੂਲ ਵਿਚ ਅਮਰੀਕੀ ਡਿਪਲੋਮੈਟਸ ਦੇ ਬੱਚਿਆਂ ਨੂੰ ਤਕਰੀਬਨ 10 ਸਾਲ ਤੋਂ ਇਤਿਹਾਸ ਪੜ੍ਹਾ ਰਹੇ ਸਨ। ਉਨ੍ਹਾਂ ਨੂੰ ਅਗਸਤ 2021 ਵਿਚ ਗ੍ਰਿਫ਼ਤਾਰ ਕੀਤਾ ਗਿਆ। ਫੌਗਲ ਦੇ ਵਕੀਲ ਨੇ ਦਲੀਲ ਦਿਤੀ ਸੀ ਕਿ ਰੀੜ੍ਹ ਦੀ ਹੱਡੀ ਵਿਚ ਦਰਦ ਕਾਰਨ ਮੈਡੀਕਲ ਮੈਰੂਆਨਾ ਲੈਂਦੇ ਹਨ ਪਰ ਰੂਸੀ ਅਦਾਲਤ ਨੇ ਕੋਈ ਦਲੀਲ ਨਾ ਸੁਣੀ ਅਤੇ ਸਜ਼ਾ ਦਾ ਐਲਾਨ ਕਰ ਦਿਤਾ।