ਟਰੰਪ ਨੇ 2.75 ਲੱਖ ਪ੍ਰਵਾਸੀਆਂ ਨੂੰ ਹਰ ਸਹੂਲਤ ਤੋਂ ਕੀਤਾ ਵਾਂਝਾ
ਟਰੰਪ ਸਰਕਾਰ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਕੱਢਣ ਲਈ ਹਰ ਹੀਲਾ ਵਰਤ ਰਹੀ ਹੈ ਅਤੇ ਉਨ੍ਹਾਂ ਨੂੰ ਅਮਰੀਕਾ ਛੱਡ ਕੇ ਜਾਣ ਵਾਸਤੇ ਮਜਬੂਰ ਕੀਤਾ ਜਾ ਰਿਹਾ ਹੈ।
ਵਾਸ਼ਿੰਗਟਨ : ਟਰੰਪ ਸਰਕਾਰ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਕੱਢਣ ਲਈ ਹਰ ਹੀਲਾ ਵਰਤ ਰਹੀ ਹੈ ਅਤੇ ਉਨ੍ਹਾਂ ਨੂੰ ਅਮਰੀਕਾ ਛੱਡ ਕੇ ਜਾਣ ਵਾਸਤੇ ਮਜਬੂਰ ਕੀਤਾ ਜਾ ਰਿਹਾ ਹੈ। ਜੀ ਹਾਂ, ਤਾਜ਼ਾ ਕਦਮ ਤਹਿਤ ਅਮਰੀਕਾ ਵਿਚ ਨਾਜਾਇਜ਼ ਤੌਰ ’ਤੇ ਰਹਿ ਰਹੇ 2 ਲੱਖ 75 ਹਜ਼ਾਰ ਪ੍ਰਵਾਸੀਆਂ ਨੂੰ ਸਮਾਜਿਕ ਸੁਰੱਖਿਆ ਅਧੀਨ ਮਿਲਣ ਵਾਲੀ ਆਰਥਿਕ ਸਹਾਇਤਾ ਤੋਂ ਵਾਂਝਾ ਕਰ ਦਿਤਾ ਗਿਆ ਹੈ ਅਤੇ ਸੈਂਕੜੇ ਭਾਰਤੀ ਪਰਵਾਰਾਂ ਨੂੰ ਵੱਡੀ ਮਾਰ ਪਈ ਹੈ। ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਛਾਂਟੀ ਦਾ ਇਹ ਸਿਲਸਿਲਾ ਲਗਾਤਾਰ ਜਾਰੀ ਰੱਖਣ ਦਾ ਅਹਿਦ ਕੀਤਾ ਗਿਆ ਹੈ। ਟਰੰਪ ਨੇ ਦਾਅਵਾ ਕੀਤਾ ਕਿ ਪੌਣੇ ਤਿੰਨ ਲੱਖ ਪ੍ਰਵਾਸੀਆਂ ਵਿਚੋਂ ਜ਼ਿਆਦਾਤਰ ਡਿਪੋਰਟ ਕੀਤੇ ਜਾ ਚੁੱਕੇ ਹਨ ਜਾਂ ਇੰਮੀਗ੍ਰੇਸ਼ਨ ਵਾਲੇ ਜਲਦ ਹੀ ਇਨ੍ਹਾਂ ਨੂੰ ਫੜ ਕੇ ਮੁਲਕ ਤੋਂ ਬਾਹਰ ਕੱਢ ਦੇਣਗੇ।
ਗੈਰਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ’ਚੋਂ ਕੱਢਣ ਦਾ ਇਕ ਹੋਰ ਤਰੀਕਾ
ਸੋਸ਼ਲ ਸਕਿਉਰਿਟੀ ਐਡਮਨਿਸਟ੍ਰੇਸ਼ਨ ਦੇ 90 ਸਾਲ ਮੁਕੰਮਲ ਹੋਣ ਮੌਕੇ ਓਵਲ ਦਫ਼ਤਰ ਵਿਚ ਇਕ ਐਲਾਨਨਾਮੇ ’ਤੇ ਦਸਤਖ਼ਤ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਲੱਖਾਂ ਦੀ ਗਿਣਤੀ ਵਿਚ ਮਰ ਚੁੱਕੇ ਅਮਰੀਕਾ ਵਾਸੀਆਂ ਦੇ ਨਾਂ ਵੀ ਸੋਸ਼ਲ ਸਕਿਉਰਿਟੀ ਸਿਸਟਮ ਵਿਚੋਂ ਕੱਢ ਦਿਤੇ ਗਏ ਅਤੇ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਸਿਰਫ਼ ਯੋਗ ਲੋਕਾਂ ਨੂੰ ਹੀ ਸਰਕਾਰੀ ਸਹਾਇਤਾ ਮਿਲੇ। ਦੂਜੇ ਪਾਸੇ ਸਮਾਜਿਕ ਸੁਰੱਖਿਆ ਬਾਰੇ ਡੂੰਘੀ ਜਾਣਕਾਰੀ ਰੱਖਣ ਵਾਲਿਆਂ ਦਾ ਕਹਿਣਾ ਹੈ ਕਿ ਡੌਨਲਡ ਟਰੰਪ ਵੱਲੋਂ ਅੰਕੜੇ ਵਧਾ-ਚੜ੍ਹਾ ਕੇ ਪੇਸ਼ ਕੀਤੇ ਜਾ ਰਹੇ ਹਨ। ਡੌਨਲਡ ਟਰੰਪ ਮੁਤਾਬਕ ਤਕਰੀਬਨ 6 ਕਰੋੜ ਅਮਰੀਕਾ ਵਾਸੀ ਸਮਾਜਿਕ ਸੁਰੱਖਿਆ ’ਤੇ ਨਿਰਭਰ ਹਨ ਜਿਸ ਰਾਹੀਂ ਬਜ਼ੁਰਗਾਂ ਨੂੰ ਲਗਾਤਾਰ ਆਰਥਿਕ ਸਹਾਇਤਾ ਮਿਲਦੀ ਰਹਿੰਦੀ ਹੈ। ਟਰੰਪ ਨੇ ਦੋਸ਼ ਲਾਇਆ ਕਿ ਬਾਇਡਨ ਸਰਕਾਰ ਨੇ ਸਮਾਜਿਕ ਸੁਰੱਖਿਆ ਦਾ ਢਾਂਚਾ ਤਹਿਸ-ਨਹਿਸ ਕਰ ਦਿਤਾ ਜਿਸ ਨੂੰ ਮੁੜ ਸੁਧਾਰਿਆ ਜਾ ਰਿਹਾ ਹੈ। ਰਾਸ਼ਟਰਪਤੀ ਨਾਲ ਮੌਜੂਦ ਸੋਸ਼ਲ ਸਕਿਉਰਿਟੀ ਐਡਮਨਿਸਟ੍ਰੇਸ਼ਨ ਦੇ ਕਮਿਸ਼ਨਰ ਫਰੈਂਕ ਬਿਸਾਈਨਾਨੋ ਨੇ ਕਿਹਾ ਕਿ ਸਿਰਫ਼ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਮੌਜੂਦ ਲੋਕਾਂ ਨੂੰ ਹੀ ਸਮਾਜਿਕ ਸਹਾਇਤਾ ਦਾ ਹੱਕਦਾਰ ਬਣਾਇਆ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਮਹਿਕਮੇ ਨੂੰ ਡਿਜੀਟਲ ਰੂਪ ਦਿਤਾ ਜਾ ਰਿਹਾ ਹੈ ਅਤੇ ਅਗਲੇ ਸਾਲ ਦੇ ਅੰਤ ਤੱਕ 20 ਕਰੋੜ ਅਮਰੀਕਾ ਵਾਸੀਆਂ ਦੇ ਡਿਜੀਟਲ ਐਸ.ਐਸ.ਏ. ਅਕਾਊਂਟ ਹੋਣਗੇ। ਇਸੇ ਦੌਰਾਨ ਟਰੰਪ ਇਕ ਫਿਰ ਆਪਣੀ ਪਿੱਠ ਥਾਪੜਦੇ ਨਜ਼ਰ ਆਏ ਅਤੇ 65 ਸਾਲ ਤੋਂ ਵੱਧ ਉਮਰ ਵਾਲਿਆਂ ਨੂੰ 6 ਹਜ਼ਾਰ ਡਾਲਰ ਦੀ ਟੈਕਸ ਰਿਆਇਤ ਦਾ ਜ਼ਿਕਰ ਕੀਤਾ।
19 ਲੱਖ ਪ੍ਰਵਾਸੀਆਂ ਦੇ ਅਮਰੀਕਾ ਛੱਡਣ ਬਾਰੇ ਹੋ ਰਹੇ ਦਾਅਵਾ
ਇਥੇ ਦਸਣਾ ਬਣਦਾ ਹੈ ਕਿ ਡੌਨਲਡ ਟਰੰਪ ਦੀ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਅਮਰੀਕਾ ਦੀ ਗ੍ਰਹਿ ਸੁਰੱਖਿਆ ਮੰਤਰੀ ਕ੍ਰਿਸਟੀ ਨੌਇਮ ਨੇ ਇਕ ਬਿਆਨ ਜਾਰੀ ਕਰਦਿਆਂ ਦਾਅਵਾ ਕੀਤਾ ਕਿ ਸਰਕਾਰ ਦੇ ਪਹਿਲੇ 200 ਦਿਨ ਦੇ ਕਾਰਜਕਾਲ ਦੌਰਾਨ 16 ਲੱਖ ਗੈਰਕਾਨੂੰਨੀ ਪ੍ਰਵਾਸੀ ਅਮਰੀਕਾ ਛੱਡ ਗਏ। ਉਨ੍ਹਾਂ ਕਿਹਾ ਕਿ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਇਕ ਹਜ਼ਾਰ ਡਾਲਰ ਦੇ ਬੋਨਸ ਅਤੇ ਮੁਫ਼ਤ ਹਵਾਈ ਟਿਕਟ ਦੀ ਯੋਜਨਾ ਰੰਗ ਲਿਆਈ। ਇਸ ਦੇ ਨਾਲ ਹੀ ਤੀਜੇ ਮੁਲਕ ਵਿਚ ਡਿਪੋਰਟ ਕਰਨ ਦੀਆਂ ਚਿਤਾਵਨੀਆਂ ਵੀ ਕਾਰਗਰ ਸਾਬਤ ਹੋਈਆਂ ਅਤੇ ਇੰਮੀਗ੍ਰੇਸ਼ਨ ਵਾਲਿਆਂ ਨੂੰ ਜ਼ਿਆਦਾ ਮੁਸ਼ੱਕਤ ਨਹੀਂ ਕਰਨੀ ਪਈ। ਇਕ ਅੰਦਾਜ਼ੇ ਮੁਤਾਬਕ ਅਮਰੀਕਾ ਵਿਚ ਸਵਾ ਕਰੋੜ ਤੋਂ ਵੱਧ ਗੈਰਕਾਨੂੰਨੀ ਪ੍ਰਵਾਸੀ ਹਨ ਅਤੇ ਟਰੰਪ ਸਰਕਾਰ ਦੇ ਦਾਅਵਿਆਂ ਨੂੰ ਸੱਚ ਮੰਨਿਆ ਜਾਵੇ ਤਾਂ ਇਨ੍ਹਾਂ ਵਿਚੋਂ ਤਕਰੀਬਨ 19 ਲੱਖ ਅਮਰੀਕਾ ਤੋਂ ਬਾਹਰ ਹੋ ਚੁੱਕੇ ਹਨ।