ਟਰੰਪ ਨੇ ਡਿਪੋਰਟ ਕੀਤੇ 1 ਲੱਖ 42 ਹਜ਼ਾਰ ਪ੍ਰਵਾਸੀ
ਟਰੰਪ ਦੇ ਸੱਤਾ ਸੰਭਾਲਣ ਮਗਰੋਂ ਡਿਪੋਰਟ ਕੀਤੇ ਪ੍ਰਵਾਸੀਆਂ ਦਾ ਅੰਕੜਾ 1 ਲੱਖ 42 ਹਜ਼ਾਰ ਤੋਂ ਟੱਪ ਗਿਆ ਹੈ ਅਤੇ ਰਾਸ਼ਟਰਪਤੀ ਵੱਲੋਂ ਸੋਸ਼ਲ ਮੀਡੀਆ ਰਾਹੀਂ ਇਸ ਬਾਰੇ ਦਮਗਜ਼ਾ ਵੀ ਮਾਰਿਆ ਗਿਆ ਹੈ।
ਵਾਸ਼ਿੰਗਟਨ : ਟਰੰਪ ਦੇ ਸੱਤਾ ਸੰਭਾਲਣ ਮਗਰੋਂ ਡਿਪੋਰਟ ਕੀਤੇ ਪ੍ਰਵਾਸੀਆਂ ਦਾ ਅੰਕੜਾ 1 ਲੱਖ 42 ਹਜ਼ਾਰ ਤੋਂ ਟੱਪ ਗਿਆ ਹੈ ਅਤੇ ਰਾਸ਼ਟਰਪਤੀ ਵੱਲੋਂ ਸੋਸ਼ਲ ਮੀਡੀਆ ਰਾਹੀਂ ਇਸ ਬਾਰੇ ਦਮਗਜ਼ਾ ਵੀ ਮਾਰਿਆ ਗਿਆ ਹੈ। ਦੂਜੇ ਪਾਸੇ ਵਾਈਟ ਹਾਊਸ ਨੇ ਡੌਨਲਡ ਟਰੰਪ ਦੇ ਇੰਮੀਗ੍ਰੇਸ਼ਨ ਕਾਰਨਾਮੇ ਨੂੰ ਵਧਾ-ਚੜ੍ਹਾ ਕੇ ਪੇਸ਼ ਕਰਦਿਆਂ ਕਿਹਾ ਕਿ 1 ਲੱਖ 42 ਹਜ਼ਾਰ ਗੈਰਕਾਨੂੰਨੀ ਪ੍ਰਵਾਸੀਆਂ ਨੇ ਰਾਸ਼ਟਰਪਤੀ ਨਾਲ ਮੱਥਾ ਲਾਇਆ ਅਤੇ ਸਾਰੇ ਡਿਪੋਰਟ ਕਰ ਦਿਤੇ ਗਏ। ਟਰੰਪ ਆਪਣੇ 100 ਦਿਨ ਦੇ ਕਾਰਜਕਾਲ ਦੌਰਾਨ ਕੀਤੇ ਕੰਮਾਂ ਅਤੇ ਪ੍ਰਾਪਤੀਆਂ ਦਾ ਜ਼ਿਕਰ ਕਰਦੇ ਨਹੀਂ ਥੱਕ ਰਹੇ ਪਰ ਇਸੇ ਦੌਰਾਨ ਉਨ੍ਹਾਂ ਵੱਲੋਂ ਹੀ ਨਾਮਜ਼ਦ ਇਕ ਫੈਡਰਲ ਜੱਜ ਨੇ ਏਲੀਅਨ ਐਨੀਮੀਜ਼ ਐਕਟ ਅਧੀਨ ਪ੍ਰਵਾਸੀਆਂ ਨੂੰ ਡਿਪੋਰਟ ਕਰਨ ’ਤੇ ਪੱਕੀ ਰੋਕ ਲਾ ਦਿਤੀ ਹੈ।
100 ਦਿਨ ਦੇ ਕਾਰਜਕਾਲ ਦਾ ਇੰਮੀਗ੍ਰੇਸ਼ਨ ਲੇਖਾ ਕੀਤਾ ਪੇਸ਼
ਜੱਜ ਫਰਨਾਂਡੋ ਰੌਡਰਿਗਜ਼ ਨੇ ਕਿਹਾ ਕਿ ਡੌਨਲਡ ਟਰੰਪ ਵੱਲੋਂ ਜੰਗ ਵੇਲੇ ਦੇ ਕਾਨੂੰਨ ਦੀ ਵਰਤੋਂ ਗੈਰਕਾਨੂੰਨੀ ਹੈ ਅਤੇ ਇਸ ਨੂੰ ਗੈਰਵਾਜਬ ਤਰੀਕੇ ਨਾਲ ਲਾਗੂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 1798 ਦਾ ਕਾਨੂੰਨ ਸਿਰਫ਼ ਉਦੋਂ ਲਾਗੂ ਕੀਤਾ ਜਾ ਸਕਦਾ ਹੈ ਜਦੋਂ ਅਮਰੀਕਾ ਉਤੇ ਹਥਿਆਰਬੰਦ ਹਮਲਾ ਹੋ ਰਿਹਾ ਹੋਵੇ ਅਤੇ ਇਸ ਵੇਲੇ ਅਜਿਹੇ ਹਾਲਾਤ ਬਿਲਕੁਲ ਵੀ ਨਹੀਂ। ਫਿਲਹਾਲ ਟਰੰਪ ਸਰਕਾਰ ਵੱਲੋਂ ਜ਼ਿਲ੍ਹਾ ਅਦਾਲਤ ਦੇ ਫੈਸਲੇ ’ਤੇ ਕੋਈ ਟਿੱਪਣੀ ਨਹੀਂ ਕੀਤੀ ਗਈ। ਦੱਸ ਦੇਈਏ ਕਿ ਅਮਰੀਕਾ ਦੇ ਇਤਿਹਾਸ ਵਿਚ ਹੁਣ ਤੱਕ ਸਿਰਫ਼ ਤਿੰਨ ਵਾਰ 1798 ਦਾ ਜੰਗੀ ਕਾਨੂੰਨ ਲਾਗੂ ਕਰਨ ਦੀ ਜ਼ਰੂਰਤ ਪਈ। ਪਹਿਲੀ ਵਾਰ 1812 ਦੀ ਜੰਗ ਵੇਲੇ ਕਾਨੂੰਨ ਲਾਗੂ ਕਰਨਾ ਪਿਆ ਜਦਕਿ ਦੂਜੀ ਵਾਰ ਪਹਿਲੀ ਆਲਮੀ ਜੰਗ ਵੇਲੇ ਕਾਨੂੰਨ ਦੀ ਵਰਤੋਂ ਕੀਤੀ ਗਈ। ਤੀਜੀ ਮੌਕਾ ਦੂਜੀ ਆਲਮੀ ਜੰਗ ਵੇਲੇ ਆਇਆ ਜਦੋਂ ਏਲੀਅਨ ਐਨੀਮੀਜ਼ ਐਕਟ ਦੀ ਵਰਤੋਂ ਕੀਤੀ ਗਈ। ਚੇਤੇ ਰਹੇ ਕਿ ਅਪ੍ਰੈਲ ਮਹੀਨੇ ਦੌਰਾਨ ਅਮਰੀਕਾ ਦੀ ਸੁਪਰੀਮ ਕੋਰਟ ਵੱਲੋਂ ਵੀ ਏਲੀਅਨ ਐਨੀਮੀਜ਼ ਐਕਟ ਦੀ ਵਰਤੋਂ ਕਰਨ ’ਤੇ ਰੋਕ ਲਾਈ ਗਈ ਸੀ।
ਅਮਰੀਕਾ ਵਿਚ 8 ਖਰਬ ਡਾਲਰ ਦਾ ਨਿਵੇਸ਼ ਆਉਣ ਦਾ ਦਾਅਵਾ
ਸੁਪਰੀਮ ਕੋਰਟ ਵਿਚ ਰਿਪਬਲਿਕਨ ਪਾਰਟੀ ਨਾਲ ਸਬੰਧਤ ਰਾਸ਼ਟਰਪਤੀ ਵੱਲੋਂ ਨਾਮਜ਼ਦ ਜੱਜਾਂ ਦੀ ਗਿਣਤੀ ਜ਼ਿਆਦਾ ਹੈ ਪਰ ਏਲੀਅਨ ਐਨੀਮੀਜ਼ ਐਕਟ 1798 ਦੇ ਮੁੱਦੇ ’ਤੇ ਟਰੰਪ ਵੱਲੋਂ ਨਾਮਜ਼ਦ ਜਸਟਿਸ ਬਰੈਟ ਕੈਵਾਨੌਅ ਅਤੇ ਜਸਟਿਸ ਐਮੀ ਕੌਨੀ ਬੈਰਟ ਨੇ ਸਰਕਾਰ ਵਿਰੁੱਧ ਫੈਸਲਾ ਸੁਣਾਇਆ। ਅਦਾਲਤੀ ਫੈਸਲੇ ਆਉਣ ਤੋਂ ਪਹਿਲਾਂ ਸੈਂਕੜੇ ਪ੍ਰਵਾਸੀਆਂ ਨੂੰ ਅਲ ਸਲਵਾਡੋਰ ਦੇ ਜੇਲ ਵਿਚ ਭੇਜਿਆ ਜਾ ਚੁੱਕਾ ਹੈ ਜਿਨ੍ਹਾਂ ਵਿਚੋਂ ਇਕ ਗਲਤੀ ਨਾਲ ਡਿਪੋਰਟ ਕਿਲਮਰ ਅਬਰੈਗੋ ਵੀ ਹੈ ਜਿਸ ਦੀ ਵਾਪਸੀ ਹੋਣ ਦੇ ਕੋਈ ਆਸਾਰ ਨਹੀਂ। ਉਧਰ ਡੌਨਲਡ ਟਰੰਪ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਅਮਰੀਕਾ ਦੇ ਇਤਿਹਾਸ ਵਿਚ ਕਦੇ ਵੀ ਪਹਿਲੇ 100 ਦਿਨ ਦੇ ਕਾਰਜਕਾਲ ਦੌਰਾਨ 8 ਖਰਬ ਡਾਲਰ ਦਾ ਨਿਵੇਸ਼ ਨਹੀਂ ਆਇਆ। ਉਨ੍ਹਾਂ ਕਿਹਾ ਕਿ 2 ਖਰਬ ਡਾਲਰ ਦੇ ਤਾਜ਼ਾ ਨਿਵੇਸ਼ ਨਾਲ ਪਿਛਲੇ ਤਿੰਨ ਮਹੀਨੇ ਦੌਰਾਨ ਨਿਵੇਸ਼ ਕੀਤੀ ਰਕਮ 8 ਖਰਬ ਡਾਲਰ ਦੇ ਅੰਕੜੇ ’ਤੇ ਪੁੱਜ ਗਈ।