ਟਰੰਪ ਵੱਲੋਂ ਅਮਰੀਕਾ ਦੀ ਸਭ ਤੋਂ ਖ਼ਤਰਨਾਕ ਜੇਲ੍ਹ ਖੋਲ੍ਹਣ ਦਾ ਐਲਾਨ
ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਮੁਲਕ ਦੀ ਸਭ ਤੋਂ ਖਤਰਨਾਕ ਮੰਨੀ ਜਾਂਦੀ ਅਲਕਟ੍ਰਾਜ਼ ਜੇਲ ਮੁੜ ਖੋਲ੍ਹਣ ਦਾ ਐਲਾਨ ਕੀਤਾ ਹੈ ਜਿਥੇ ਖਤਰਨਾਕ ਅਪਰਾਧੀਆਂ ਨੂੰ ਰੱਖਿਆ ਜਾਵੇਗਾ।
ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਮੁਲਕ ਦੀ ਸਭ ਤੋਂ ਖਤਰਨਾਕ ਮੰਨੀ ਜਾਂਦੀ ਅਲਕਟ੍ਰਾਜ਼ ਜੇਲ ਮੁੜ ਖੋਲ੍ਹਣ ਦਾ ਐਲਾਨ ਕੀਤਾ ਹੈ ਜਿਥੇ ਖਤਰਨਾਕ ਅਪਰਾਧੀਆਂ ਨੂੰ ਰੱਖਿਆ ਜਾਵੇਗਾ। ਸੋਸ਼ਲ ਮੀਡੀਆ ਰਾਹੀਂ ਟਿੱਪਣੀ ਕਰਦਿਆਂ ਟਰੰਪ ਨੇ ਕਿਹਾ ਕਿ ਉਨ੍ਹਾਂ ਵੱਲੋਂ ਨਿਆਂ ਵਿਭਾਗ, ਐਫ਼.ਬੀ.ਆਈ. ਅਤੇ ਹੋਮਲੈਂਡ ਸਕਿਉਰਿਟੀ ਵਿਭਾਗ ਨੂੰ ਹੁਕਮ ਦਿਤੇ ਗਏ ਹਨ ਕਿ ਅਲਕਟ੍ਰਾਜ਼ ਜੇਲ ਨੂੰ ਮੁੜ ਤਿਆਰ ਕੀਤਾ ਜਾਵੇ। ਟਰੰਪ ਨੇ ਅੱਗੇ ਕਿਹਾ ਕਿ ਖਤਰਨਾਕ ਅਪਰਾਧੀਆਂ ਨੂੰ ਅਮਰੀਕਾ ਵਿਚ ਹੀ ਰੱਖਣਾ ਮਜਬੂਰੀ ਬਣ ਜਾਂਦੀ ਹੈ ਕਿਉਂਕਿ ਕਈ ਬਦਮਾਸ਼ ਜੱਜ ਮੁਕੱਦਮੇ ਦੀ ਸੁਣਵਾਈ ਦੌਰਾਨ ਵਾਰ-ਵਾਰ ਕੈਦੀਆਂ ਨੂੰ ਪੇਸ਼ ਕਰਨ ਦਾ ਹੁਕਮ ਦਿੰਦੇ ਹਨ ਜਿਸ ਨਾਲ ਦੇਸ਼ ’ਤੇ ਆਰਥਿਕ ਬੋਠ ਵਧਦਾ ਹੈ।
ਖਤਰਨਾਕ ਪ੍ਰਵਾਸੀਆਂ ਨੂੰ ਜੇਲ ਵਿਚ ਰੱਖਣਗੇ ਰਾਸ਼ਟਰਪਤੀ
ਦੂਜੇ ਪਾਸੇ ਟਰੰਪ ਨੇ ਚੀਨ ’ਤੇ ਲਾਗੂ ਟੈਰਿਫਸ ਘਟਾਉਣ ਦੇ ਸੰਕੇਤ ਦਿਤੇ ਹਨ। ਟਰੰਪ ਨੇ ਮੰਨਿਆ ਕਿ ਮੌਜੂਦਾ ਟੈਰਿਫ਼ਸ ਐਨੀਆਂ ਜ਼ਿਆਦਾ ਹਨ ਕਿ ਦੁਨੀਆਂ ਦੇ ਸਭ ਤੋਂ ਵੱਡੇ ਦੋ ਅਰਥਚਾਰਿਆਂ ਨੇ ਇਕ-ਦੂਜੇ ਨਾਲ ਵਪਾਰ ਕਰਨਾ ਹੀ ਬੰਦ ਕਰ ਦਿਤਾ ਹੈ। ਟਰੰਪ ਦਾ ਕਹਿਣਾ ਸੀ ਕਿ ਚੀਨ ਦਾ ਅਰਥਚਾਰਾ ਇਸ ਵੇਲੇ ਮੁਸ਼ਕਲ ਦੌਰ ਵਿਚੋਂ ਲੰਘ ਰਿਹਾ ਹੈ ਅਤੇ ਉਥੇ ਕਾਰਖਾਨਿਆਂ ਦਾ ਕੰਮਕਾਜ 2023 ਤੋਂ ਬਾਅਦ ਸਭ ਤੋਂ ਬਦਤਰ ਹਾਲਤ ਵਿਚ ਹੈ। ਚੇਤੇ ਰਹੇ ਕਿ ਟਰੰਪ ਵੱਲੋਂ ਚੀਨੀ ਵਸਤਾਂ ’ਤੇ ਟੈਰਿਫ ਵਧਾਉਂਦਿਆਂ ਇਸ ਨੂੰ 245 ਫੀ ਸਦੀ ਕਰ ਦਿਤਾ ਜਦਕਿ ਜਵਾਬ ਵਿਚ ਚੀਨ ਵੱਲੋਂ 125 ਫੀ ਸਦੀ ਟੈਰਿਫਸ ਲਾਗੂ ਕੀਤੀਆਂ ਗਈਆਂ। ਰਾਸ਼ਟਰਪਤੀ ਨੇ ਇਸ ਦੇ ਨਾਲ ਹੀ ਕਿਹਾ ਕਿ ਚੀਨ ਨਾਲ ਗੱਲਬਾਤ ਦੀ ਸ਼ੁਰੂਆਤ ਉਹ ਨਹੀਂ ਕਰਨਗੇ।
ਚੀਨ ਉਤੇ ਲਾਗੂ ਟੈਰਿਫ਼ਸ ਘਟਾਉਣ ਦੇ ਸੰਕੇਤ
ਉਧਰ ਚੀਨ ਵੱਲੋਂ ਪਹਿਲਾਂ ਹੀ ਇਸ਼ਾਰਾ ਆ ਚੁੱਕਾ ਹੈ ਕਿ ਉਹ ਅਮਰੀਕਾ ਨਾਲ ਗੱਲਬਾਤ ਕਰਨ ਲਈ ਤਿਆਰ ਹੈ। ਚੀਨ ਦੇ ਵਣਜ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਸੀ ਕਿ ਅਮਰੀਕਾ ਦੀ ਗੱਲਬਾਤ ਬਾਰੇ ਪੇਸ਼ਕਸ਼ ਪ੍ਰਵਾਨ ਕਰਨ ਨੂੰ ਤਿਆਰ ਹੈ ਪਰ ਗੱਲਬਾਤ ਤਾਂ ਹੀ ਸ਼ੁਰੂ ਹੋਵੇਗੀ ਜੇ ਟਰੰਪ ਇਕਪਾਸੜ ਤੌਰ ’ਤੇ ਲਾਗੂ ਟੈਰਿਫ਼ਸ ਖਤਮ ਕਰ ਦੇਣਗੇ। ਇਥੇ ਦਸਣਾ ਬਣਦਾ ਹੈ ਕਿ ਚੀਨ ਅਤੇ ਅਮਰੀਕਾ ਦਰਮਿਆਨ ਕਾਰੋਬਾਰੀ ਜੰਗ ਨੇ ਵਿੱਤੀ ਬਾਜ਼ਾਰਾਂ ਨੂੰ ਹਿਲਾ ਕੇ ਰੱਖ ਦਿਤਾ ਹੈ ਅਤੇ ਸਾਧਾਰਣ ਚੀਜ਼ਾਂ ਦੀਆਂ ਕੀਮਤਾਂ ਵਧਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ।