America ਵਿਚ ਸਿਰਫ਼ਿਰੇ ਨੇ ਭੀੜ ’ਤੇ ਚਾੜ੍ਹਤਾ Truck
ਅਮਰੀਕਾ ਵਿਚ ਇਕ ਸਿਰਫ਼ਿਰੇ ਵੱਲੋਂ ਵਿਖਾਵਾਕਾਰੀਆਂ ਦੀ ਭੀੜ ਉਤੇ ਟਰੱਕ ਚੜ੍ਹਾਉਂਦਿਆਂ ਸਮੂਹਕ ਕਤਲੇਆਮ ਕਰਨ ਦਾ ਯਤਨ ਕੀਤਾ ਗਿਆ ਪਰ ਖੁਸ਼ਕਿਸਮਤੀ ਨਾਲ ਵੱਡੇ ਨੁਕਸਾਨ ਤੋਂ ਬਚਾਅ ਰਿਹਾ
ਲੌਸ ਐਂਜਲਸ : ਅਮਰੀਕਾ ਵਿਚ ਇਕ ਸਿਰਫ਼ਿਰੇ ਵੱਲੋਂ ਵਿਖਾਵਾਕਾਰੀਆਂ ਦੀ ਭੀੜ ਉਤੇ ਟਰੱਕ ਚੜ੍ਹਾਉਂਦਿਆਂ ਸਮੂਹਕ ਕਤਲੇਆਮ ਕਰਨ ਦਾ ਯਤਨ ਕੀਤਾ ਗਿਆ ਪਰ ਖੁਸ਼ਕਿਸਮਤੀ ਨਾਲ ਵੱਡੇ ਨੁਕਸਾਨ ਤੋਂ ਬਚਾਅ ਰਿਹਾ। ਯੂ-ਹਾਲ ਟਰੱਕ ਉਤੇ ਕੁਝ ਨਾਹਰੇ ਲਿਖੇ ਹੋਏ ਸਨ ਜਿਨ੍ਹਾਂ ਵਿਚ ‘ਨੋ ਸ਼ਾਹ ਨੋ ਰਜੀਮ, ਯੂ.ਐਸ.ਏ. ਪਲੀਜ਼ ਡੌਂਟ ਰੀਪੀਟ 1953, ਨੋ ਮੁੱਲ੍ਹਾ’ ਵਰਗੇ ਨਾਹਰੇ ਸ਼ਾਮਲ ਸਨ। ਮੌਕੇ ਦੀ ਵੀਡੀਓ ਦੇਖਿਆ ਜਾ ਸਕਦਾ ਹੈ ਕਿ ਈਰਾਨ ਵਿਚ ਵਿਖਾਵਾਕਾਰੀਆਂ ਦੀਆਂ ਮੌਤਾਂ ਵਿਰੁੱਧ ਰੋਸ ਪ੍ਰਗਟਾਉਣ ਇਕੱਤਰ ਹੋਏ ਲੋਕਾਂ ਨੇ ਟਰੱਕ ’ਤੇ ਲੱਗੇ ਬੈਨਰ ਪਾੜਨੇ ਸ਼ੁਰੂ ਕਰ ਦਿਤੇ।
2 ਜਣੇ ਜ਼ਖ਼ਮੀ, ਲੌਸ ਐਂਜਲਸ ਪੁਲਿਸ ਕਰ ਰਹੀ ਪੜਤਾਲ
ਵਿਖਾਵਾਕਾਰੀਆਂ ਵੱਲੋਂ ਈਰਾਨ ਦੀ ਆਜ਼ਾਦੀ ਅਤੇ ਇਸਲਾਮਿਕ ਰਾਜ ਖ਼ਤਮ ਕਰਨ ਦੇ ਨਾਹਰੇ ਲਾਏ ਜਾ ਰਹੇ ਸਨ। ਲੌਸ ਐਂਜਲਸ ਪੁਲਿਸ ਡਿਪਾਰਟਮੈਂਟ ਦੇ ਮੇਜਰ ਕ੍ਰਾਈਮਜ਼ ਬਿਊਰੋ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਜੁਆਇੰਟ ਟੈਰੋਰਿਜ਼ਮ ਟਾਸਕ ਫ਼ੋਰਸ ਤੇ ਫ਼ੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਵੱਲੋਂ ਵੀ ਸਹਿਯੋਗ ਦਿਤਾ ਜਾ ਰਿਹਾ ਹੈ। ਉਧਰ ਪੈਰਾਮੈਡਿਕਸ ਨੇ ਦੱਸਿਆ ਕਿ ਵਾਰਦਾਤ ਦੌਰਾਨ ਜ਼ਖਮੀ 2 ਜਣਿਆਂ ਦੀ ਮੌਕੇ ’ਤੇ ਹੀ ਮੱਲ੍ਹਮ ਪੱਟੀ ਕਰ ਦਿਤੀ ਗਈ ਅਤੇ ਕਿਸੇ ਨੂੰ ਹਸਪਤਾਲ ਲਿਜਾਣ ਦੀ ਨੌਬਤ ਨਾ ਆਈ। ਮੀਡੀਆ ਰਿਪੋਰਟਾਂ ਮੁਤਾਬਕ ਟਰੱਕ ਬਿਲਕੁਲ ਖ਼ਾਲੀ ਸੀ ਅਤੇ ਭੀੜ ਨੇ ਇਸ ਦੇ ਸ਼ੀਸ਼ੇ ਬਾਰੀਆਂ ਤੋੜ ਦਿਤੇ। ਇਥੇ ਦਸਣਾ ਬਣਦਾ ਹੈ ਕਿ ਈਰਾਨ ਵਿਚ ਪਿਛਲੇ ਦੋ ਹਫ਼ਤੇ ਤੋਂ ਸਰਕਾਰ ਵਿਰੋਧੀ ਮੁਜ਼ਾਹਰੇ ਹੋ ਰਹੇ ਹਨ ਅਤੇ ਹੁਣ ਤੱਕ 8 ਬੱਚਿਆਂ ਸਣੇ 550 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਈਰਾਨ ਵਿਚ ਵਿਖਾਵਾਕਾਰੀਆਂ ਦੀਆਂ ਮੌਤਾਂ ਨੇ ਟਰੰਪ ਨੂੰ ਚੜ੍ਹਾਇਆ ਗੁੱਸਾ
ਇਸ ਤੋਂ ਇਨਾਵਾ 11 ਹਜ਼ਾਰ ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਇਸ ਮੁੱਦੇ ’ਤੇ ਟਿੱਪਣੀ ਕਰਦਿਆਂ ਕਿਹਾ ਹੈ ਕਿ ਈਰਾਨ ਸਰਕਾਰ ਮੁਜ਼ਾਹਰਿਆਂ ਨੂੰ ਰੋਕਣ ਲਈ ਹੱਦ ਤੋਂ ਬਾਹਰ ਜਾ ਰਹੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਈਰਾਨ ਵਿਚ ਵਾਪਰ ਰਹੇ ਘਟਨਾਕ੍ਰਮ ਉਤੇ ਅਮਰੀਕਾ ਦੀ ਪੂਰੀ ਨਜ਼ਰ ਹੈ ਅਤੇ ਈਰਾਨ ਸਰਕਾਰ ਵੱਲੋਂ ਗੱਲਬਾਤ ਦੀ ਤਜਵੀਜ਼ ਪੇਸ਼ ਕੀਤੀ ਗਈ ਹੈ ਪਰ ਹਾਲਾਤ ਨੂੰ ਵੇਖਦਿਆਂ ਗੱਲਬਾਤ ਤੋਂ ਪਹਿਲਾਂ ਕਾਰਵਾਈ ਕਰਨੀ ਪੈ ਸਕਦੀ ਹੈ। ਇਸ ਦੇ ਉਲਟ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਦੋਸ਼ ਲਾਇਆ ਕਿ ਵਿਖਾਵਾਕਾਰੀ ਹਿੰਸਾ ਕਰ ਰਹੇ ਹਨ ਅਤੇ ਕਈ ਪੁਲਿਸ ਮੁਲਾਜ਼ਮਾਂ ਨੂੰ ਜਿਊਂਦੇ ਸਾੜ ਦਿਤਾ ਗਿਆ। ਇਸੇ ਦੌਰਾਨ ਈਰਾਨ ਵਿਚ ਮੁਜ਼ਾਹਰਿਆਂ ਦੌਰਾਨ ਭਾਰਤੀ ਨਾਗਰਿਕਾਂ ਦੀ ਗ੍ਰਿਫ਼ਤਾਰੀ ਨੂੰ ਸਰਕਾਰ ਨੇ ਬੇਬੁਨਿਆਦ ਕਰਾਰ ਦਿਤਾ ਹੈ।