America ਦੇ ਹਵਾਈ ਅੱਡਿਆਂ ’ਤੇ ਫ਼ਸੇ ਹਜ਼ਾਰਾਂ ਮੁਸਾਫ਼ਰ

ਅਮਰੀਕਾ ਦੇ ਹਵਾਈ ਅੱਡਿਆਂ ’ਤੇ ਫਸੇ ਹਜ਼ਾਰਾਂ ਮੁਸਾਫ਼ਰ ਡੌਨਲਡ ਟਰੰਪ ਨੂੰ ਬਦਅਸੀਸਾਂ ਦੇ ਰਹੇ ਹਨ ਅਤੇ ਏਅਰਲਾਈਨਜ਼ ਆਪਣੀਆਂ ਫ਼ਲਾਈਟਸ ਰੱਦ ਕਰਨ ਲਈ ਮਜਬੂਰ ਹਨ

Update: 2026-03-09 13:29 GMT

ਨਿਊ ਯਾਰਕ : ਅਮਰੀਕਾ ਦੇ ਹਵਾਈ ਅੱਡਿਆਂ ’ਤੇ ਫਸੇ ਹਜ਼ਾਰਾਂ ਮੁਸਾਫ਼ਰ ਡੌਨਲਡ ਟਰੰਪ ਨੂੰ ਬਦਅਸੀਸਾਂ ਦੇ ਰਹੇ ਹਨ ਅਤੇ ਏਅਰਲਾਈਨਜ਼ ਆਪਣੀਆਂ ਫ਼ਲਾਈਟਸ ਰੱਦ ਕਰਨ ਲਈ ਮਜਬੂਰ ਹਨ। ਜੀ ਹਾਂ, ਮੁਸਾਫ਼ਰਾਂ ਨੂੰ ਜਹਾਜ਼ ਚੜ੍ਹਨ ਵਾਸਤੇ ਪੰਜ-ਪੰਜ ਘੰਟੇ ਦੀ ਉਡੀਕ ਕਰਨੀ ਪੈ ਰਹੀ ਹੈ ਕਿਉਂਕਿ ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਉਰਿਟੀ ਦੇ ਖਰਚਿਆਂ ਨੂੰ ਕਾਂਗਰਸ ਦੀ ਪ੍ਰਵਾਨਗੀ ਨਹੀਂ ਮਿਲ ਸਕੀ ਅਤੇ ਹਵਾਈ ਅੱਡਿਆਂ ’ਤੇ ਤੈਨਾਤ ਟ੍ਰਾਂਸਪੋਰਟ ਸੁਰੱਖਿਆ ਅਧਿਕਾਰਆਂ ਦੀ ਗਿਣਤੀ ਘਟਦੀ ਜਾ ਰਹੀ ਹੈ ਜੋ ਬਗੈਰ ਤਨਖਾਹ ਤੋਂ ਕੰਮ ਕਰਨ ਲਈ ਮਜਬੂਰ ਹਨ। ਹਵਾਈ ਅੱਡਿਆਂ ਦਾ ਸ਼ਟਡਾਊਨ ਤੀਜੇ ਹਫ਼ਤੇ ਵਿਚ ਦਾਖਲ ਹੋ ਚੁੱਕਾ ਹੈ ਅਤੇ 50 ਹਜ਼ਾਰ ਟ੍ਰਾਂਸਪੋਰਟ ਸੁਰੱਖਿਆ ਅਫ਼ਸਰਾਂ ਨੂੰ ਤਨਖਾਹ ਨਹੀਂ ਮਿਲੀ। ਅਜਿਹੇ ਵਿਚ ਗੈਰਹਾਜ਼ਰੀਆਂ ਦਾ ਦੌਰ ਵਧ ਗਿਆ ਹੈ ਅਤੇ ਖਮਿਆਜ਼ਾ ਹਵਾਈ ਮੁਸਾਫ਼ਰਾਂ ਜਾਂ ਏਅਰਲਾਈਨਜ਼ ਨੂੰ ਭੁਗਤਣਾ ਪੈ ਰਿਹਾ ਹੈ।

ਡੌਨਲਡ ਟਰੰਪ ਨੂੰ ਦੇ ਰਹੇ ਬਦਅਸੀਸਾਂ

ਦੂਜੇ ਪਾਸੇ ਟਰੰਪ ਸਰਕਾਰ ਮੁਸਾਫ਼ਰਾਂ ਦੀ ਖੱਜਲ-ਖੁਆਰੀ ਦਾ ਦੋਸ਼ ਡੈਮੋਕ੍ਰੈਟਿਕ ਪਾਰਟੀ ਸਿਰ ਮੜ੍ਹ ਰਹੀ ਹੈ। ਡੈਮੋਕ੍ਰੈਟਿਕ ਪਾਰਟੀ ਚਾਹੁੰਦੀ ਹੈ ਕਿ ਇੰਮੀਗ੍ਰੇਸ਼ਨ ਛਾਪਿਆਂ ਵਿਚ ਸ਼ਾਮਲ ਅਫ਼ਸਰ ਆਪਣੇ ਚਿਹਰਿਆਂ ਤੋਂ ਮਾਸਕ ਹਟਾਉਣ, ਆਈ ਕਾਰਡ ਗਲ ਵਿਚ ਟੰਗੇ ਹੋਣ ਅਤੇ ਨਸਲੀ ਵਿਤਕਰਾ ਮੁਕੰਮਲ ਤੌਰ ’ਤੇ ਤਿਆਗਿਆ ਜਾਵੇ। ਹਾਊਸ ਆਫ਼ ਰਿਪ੍ਰਜ਼ੈਂਟੇਟਿਵਜ਼ ਵਿਚ ਡੈਮੋਕ੍ਰੈਟਿਕ ਪਾਰਟੀ ਦੇ ਆਗੂ ਹਕੀਮ ਜੈਫ਼ਰੀਜ਼ ਨੇ ਕਿਹਾ ਕਿ ਹਮੇਸ਼ਾ ਕਾਨੂੰਨ ਦੀ ਪਾਲਣਾ ਕਰਨ ਵਾਲੇ ਪ੍ਰਵਾਸੀਆਂ ਅਤੇ ਉਨ੍ਹਾਂ ਦੇ ਪਰਵਾਰਾਂ ਨੂੰ ਡਰਾਇਆ ਜਾ ਰਿਹਾ ਹੈ। ਭਾਵੇਂ ਇੰਮੀਗ੍ਰੇਸ਼ਨ ਐਂਡ ਕਸਟਮਜ਼ ਐਨਫ਼ੋਰਸਮੈਂਟ ਅਤੇ ਬਾਰਡਰ ਪੈਟਰੋਲ ਵਾਲਿਆਂ ਉਤੇ ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਉਰਿਟੀ ਦੇ ਸ਼ਟਡਾਊਨ ਦਾ ਅਸਰ ਨਹੀਂ ਪਰ ਹਵਾਈ ਅੱਡਿਆਂ ’ਤੇ ਆਵਾਜਾਈ ਪ੍ਰਭਾਵਤ ਹੋ ਰਹੀ ਹੈ। ਹਵਾਈ ਮੁਸਾਫ਼ਰਾਂ ਨੂੰ 43 ਦਿਨ ਤੱਕ ਜਾਰੀ ਰਿਹਾ ਸ਼ਟਡਾਊਨ ਚੰਗੀ ਤਰ੍ਹਾਂ ਯਾਦ ਹੈ ਜਦੋਂ ਹਜ਼ਾਰਾਂ ਫਲਾਈਟਸ ਰੱਦ ਹੋਈਆਂ ਜਾਂ ਦੇਰ ਨਾਲ ਰਵਾਨਾ ਹੋ ਸਕੀਆਂ। ਟ੍ਰਾਂਸਪੋਰਟੇਸ਼ਨ ਸਕਿਉਰਿਟੀ ਐਡਮਨਿਸਟ੍ਰੇਸ਼ਨ ਦੇ ਅਧਿਕਾਰੀਆਂ ਨੇ ਉਸ ਵੇਲੇ ਵੀ ਬਗੈਰ ਤਨਖਾਹਾਂ ਤੋਂ ਕੰਮ ਕੀਤਾ ਜਦੋਂ ਅਮਰੀਕਾ ਦੇ ਇਤਿਹਾਸ ਦਾ ਸਭ ਤੋਂ ਲੰਮਾ ਸ਼ਟਡਾਊਨ ਜਾਰੀ ਰਿਹਾ। ਟ੍ਰਾਂਸਪੋਰਟੇਸ਼ਨ ਸਕਿਉਰਿਟੀ ਐਡਮਨਿਸਟ੍ਰੇਸ਼ਨ ਦੇ 95 ਫ਼ੀ ਸਦੀ ਅਫ਼ਸਰਾਂ ਨੂੰ ਜ਼ਰੂਰੀ ਕਾਮੇ ਮੰਨਿਆ ਗਿਆ ਹੈ ਜਿਸ ਦੇ ਮੱਦੇਨਜ਼ਰ ਬਗੈਰ ਤਨਖਾਹ ਤੋਂ ਵੀ ਉਨ੍ਹਾਂ ਨੂੰ ਕੰਮ ਕਰਨਾ ਹੋਵੇਗਾ। ਦੂਜੇ ਪਾਸੇ, ਹਵਾਈ ਅੱਡਿਆਂ ’ਤੇ ਪੁੱਜ ਰਹੇ ਮੁਸਾਫ਼ਰਾਂ ਦੇ ਚਿਹਰੇ ’ਤੇ ਪਿਛਲੇ ਸਾਲ ਵਰਗੀਆਂ ਚਿੰਤਾਵਾਂ ਦੇਖਣ ਨੂੰ ਮਿਲ ਰਹੀਆਂ ਹਨ। ਐਟਲਾਂਟਾ, ਨਿਊ ਓਰਲੀਨਜ਼ ਅਤੇ ਹਿਊਸਟਨ ਦੇ ਹਵਾਈ ਅੱਡਿਆਂ ਮੁਸਾਫ਼ਰਾਂ ਨੂੰ ਚਾਰ-ਚਾਰ ਘੰਟੇ ਉਡੀਕ ਕਰਨੀ ਪਈ ਅਤੇ ਬਾਕੀ ਸ਼ਹਿਰਾਂ ਵਿਚ ਵੀ ਹਾਲਾਤ ਸੁਖਾਵੇਂ ਨਹੀਂ।

ਸ਼ਟਡਾਊਨ ਦਾ ਅਸਰ, ਫ਼ਲਾਈਟਸ ਵੀ ਹੋ ਰਹੀਆਂ ਰੱਦ

ਡੀ.ਐਚ.ਐਸ. ਨੇ ਸੋਸ਼ਲ ਮੀਡੀਆ ਰਾਹੀਂ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਅਮੈਰਿਕਨਜ਼ ਦੀਆਂ ਫਲਾਈਟਸ ਮਿਸ ਹੋ ਰਹੀਆਂ ਹਨ ਅਤੇ ਇਸ ਦੀ ਜ਼ਿੰਮੇਵਾਰੀ ਡੈਮੋਕ੍ਰੈਟਿਕ ਪਾਰਟੀ ਹੈ। ਇਸ ਦੇ ਉਲਟ ਡੈਮੋਕ੍ਰੈਟਿਕ ਪਾਰਟੀ ਹਕੀਮ ਜੈਫ਼ਰੀਜ਼ ਅਤੇ ਚਕ ਸ਼ੂਮਰ ਵੱਲੋਂ 10 ਨੁਕਾਤੀ ਖਰੜਾ ਪੇਸ਼ ਕੀਤਾ ਗਿਆ ਹੈ ਜਿਸ ਰਾਹੀਂ ਡੀ.ਐਚ.ਐਸ. ਨੂੰ ਮਿਲਣ ਵਾਲੇ ਫੰਡ ਬਹਾਲ ਹੋ ਸਕਦੇ ਹਨ। ਇਥੇ ਦਸਣਾ ਬਣਦਾ ਹੈ ਕਿ ਨਿਊ ਓਰਲੀਨਜ਼ ਦੇ ਲੂਈ ਆਰਮਸਟ੍ਰੌਂਗ ਇੰਟਰਨੈਸ਼ਨਲ ਏਅਰਪੋਰਟ ’ਤੇ ਲੱਗੀਆਂ ਕਤਾਰਾਂ ਵਿਚ 2 ਹਜ਼ਾਰ ਤੋਂ ਵੱਧ ਮੁਸਾਫ਼ਰ ਨਜ਼ਰ ਆਏ। ਮੁਸਾਫ਼ਰਾਂ ਨੂੰ ਹਦਾਇਤ ਦਿਤੀ ਗਈ ਹੈ ਕਿ ਉਹ ਫ਼ਲਾਈਟ ਰਵਾਨਾ ਹੋਣ ਤੋਂ ਤਿੰਨ ਤੋਂ ਚਾਰ ਘੰਟੇ ਪਹਿਲਾਂ ਹਵਾਈ ਅੱਡੇ ’ਤੇ ਪੁੱਜਣ ਤਾਂਕਿ ਸੁਰੱਖਿਆ ਜਾਂਚ ਵਿਚ ਲੱਗਣ ਵਾਲਾ ਸਮਾਂ ਸਬੰਧਤ ਮੁਸਾਫ਼ਰਾਂ ਦੇ ਸਫ਼ਰ ਵਿਚ ਅੜਿੱਕਾ ਨਾ ਬਣ ਸਕੇ। ਦੂਜੇ ਪਾਸੇ ਸ਼ਟਡਾਊਨ ਦੇ ਨਾਲ-ਨਾਲ ਈਰਾਨ ਵਿਚ ਚੱਲ ਰਹੀ ਜੰਗ ਵੀ ਫ਼ਲਾਈਟਸ ਰੱਦ ਹੋਣ ਦਾ ਕਾਰਨ ਬਣ ਰਹੀ ਹੈ।

Tags:    

Similar News