America ’ਚ ਕਾਰ ਚਲਾਉਣ ਜੋਗੇ ਵੀ ਨਾ ਰਹੇ ਸੈਂਕੜੇ Punjabi
ਟਰੰਪ ਸਰਕਾਰ ਦੇ ਦਬਾਅ ਅੱਗੇ ਝੁਕਦਿਆਂ ਕੈਲੇਫ਼ੋੋਰਨੀਆ ਦੇ ਡਿਪਾਰਟਮੈਂਟ ਆਫ਼ ਮੋਟਰ ਵ੍ਹੀਕਲਜ਼ ਨੇ ਇੰਮੀਗ੍ਰੇਸ਼ਨ ਪੱਖੋਂ ਕੱਚੇ ਸੈਂਕੜੇ ਪੰਜਾਬੀ ਡਰਾਈਵਰਾਂ ਨੂੰ ਕਾਰ ਚਲਾਉਣ ਜੋਗਾ ਵੀ ਨਾ ਛੱਡਿਆ
ਸੈਕਰਾਮੈਂਟੋ : ਟਰੰਪ ਸਰਕਾਰ ਦੇ ਦਬਾਅ ਅੱਗੇ ਝੁਕਦਿਆਂ ਕੈਲੇਫ਼ੋੋਰਨੀਆ ਦੇ ਡਿਪਾਰਟਮੈਂਟ ਆਫ਼ ਮੋਟਰ ਵ੍ਹੀਕਲਜ਼ ਨੇ ਇੰਮੀਗ੍ਰੇਸ਼ਨ ਪੱਖੋਂ ਕੱਚੇ ਸੈਂਕੜੇ ਪੰਜਾਬੀ ਡਰਾਈਵਰਾਂ ਨੂੰ ਕਾਰ ਚਲਾਉਣ ਜੋਗਾ ਵੀ ਨਾ ਛੱਡਿਆ ਜਿਨ੍ਹਾਂ ਨੂੰ ਨਵੇਂ ਸਿਰੇ ਤੋਂ ਕਲਾਸ ‘ਸੀ’ ਲਾਇਸੰਸ ਵਾਸਤੇ ਅਰਜ਼ੀਆਂ ਦਾਖਲ ਕਰਨ ਦੀ ਹਦਾਇਤ ਦਿਤੀ ਗਈ ਹੈ। ਜੀ ਹਾਂ, 13 ਹਜ਼ਾਰ ਕਮਰਸ਼ੀਅਲ ਡਰਾਈਵਰਜ਼ ਲਾਇੰਸਸ ਰੱਦ ਕਰਨ ਦੀ ਕਾਰਵਾਈ ਫੈਡਰਲ ਮੋਟਰ ਕੈਰੀਅਰ ਸੇਫ਼ਟੀ ਐਡਮਨਿਸਟ੍ਰੇਸ਼ਨ ਵੱਲੋਂ ਜਾਰੀ ਉਸ ਰਿਪੋਰਟ ਦੇ ਮੱਦੇਨਜ਼ਰ ਕੀਤੀ ਗਈ ਜਿਸ ਮੁਤਾਬਕ ਕੈਲੇਫੋਰਨੀਆ ਵਿਚ ਕੱਚੇ ਪ੍ਰਵਾਸੀਆਂ ਨੂੰ ਜਾਰੀ ਸੀ.ਡੀ.ਐਲਜ਼ ਵਿਚੋਂ 25 ਫ਼ੀ ਸਦੀ ਤੋਂ ਵੱਧ ਗੈਰਕਾਨੂੰਨੀ ਤਰੀਕੇ ਨਾਲ ਜਾਰੀ ਕੀਤੇ ਗਏ। ਅਮਰੀਕਾ ਦੇ ਡਿਪਾਰਟਮੈਂਟ ਆਫ਼ ਟ੍ਰਾਂਸਪੋਰਟੇਸ਼ਨ ਵੱਲੋਂ ਮੁਢਲੇ ਤੌਰ ’ਤੇ 17 ਹਜ਼ਾਰ ਲਾਇਸੰਸ 5 ਜਨਵਰੀ ਤੱਕ ਰੱਦ ਕਰਨ ਦੇ ਹੁਕਮ ਦਿਤੇ ਗਏ ਸਨ ਪਰ ਵੱਖ-ਵੱਖ ਅਦਾਲਤਾਂ ਵਿਚ ਕਈ ਮੁਕੱਦਮੇ ਦਾਇਰ ਹੋਣ ਮਗਰੋਂ ਸਮਾਂ ਹੱਦ 6 ਮਾਰਚ ਤੱਕ ਵਧ ਗਈ।
ਹਜ਼ਾਰਾਂ ਸੀ.ਡੀ.ਐਲ. ਰੱਦ ਹੋਣ ਮਗਰੋਂ ਨਵੀਂ ਹਦਾਇਤ
ਕੈਲੇਫੋਰਨੀਆ ਦੇ ਡੀ.ਐਮ.ਵੀ. ਡਾਇਰੈਕਟਰ ਸਟੀਵ ਗੌਰਡਨ ਨੇ ਫੈਡਰਲ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਇੰਮੀਗ੍ਰੇਸ਼ਨ ਦੇ ਮੁੱਦੇ ਛੇੜੀ ਜੰਗ ਨੂੰ ਮਿਹਨਤੀ ਅਤੇ ਯੋਗ ਟਰੱਕ ਡਰਾਈਵਰਾਂ ਵਿਰੁੱਧ ਵਰਤਿਆ ਜਾ ਰਿਹਾ ਹੈ। ਦੂਜੇ ਪਾਸੇ ਹਾਲ ਹੀ ਵਿਚ ਇਕ ਅਦਾਲਤ ਵੱਲੋਂ ਸੁਣਾਇਆ ਫੈਸਲਾ ਪ੍ਰਭਾਵਤ ਡਰਾਈਵਰਾਂ ਨੂੰ ਨਵੇਂ ਸਿਰੇ ਤੋਂ ਕਮਰਸ਼ੀਅਲ ਡਰਾਈਵਰਜ਼ ਲਾਇਸੰਸ ਦੀ ਅਰਜ਼ੀ ਦਾਖਲ ਕਰਨ ਦੀ ਇਜਾਜ਼ਤ ਦਿੰਦਾ ਹੈ। ਐਲਾਮੀਡਾ ਕਾਊਂਟੀ ਦੀ ਸੁਪੀਰੀਅਰ ਕੋਰਟ ਵੱਲੋਂ 2 ਮਾਰਚ ਨੂੰ ਸੁਣਾਏ ਫੈਸਲੇ ਮੁਤਾਬਕ ਸੀ.ਡੀ.ਐਲ. ਰੱਦ ਹੋਣ ਦਾ ਨੋਟਿਸ ਪ੍ਰਾਪਤ ਕਰਨ ਵਾਲੇ ਡਰਾਈਵਰ ਨਵੇਂ ਸਿਰੇ ਤੋਂ ਅਰਜ਼ੀ ਦਾਇਰ ਕਰ ਸਕਦੇ ਹਨ ਪਰ ਦੂਜੇ ਪਾਸੇ ਫੈਡਰਲ ਮੋਟਰ ਕੈਰੀਅਰ ਸੇਫ਼ਟੀ ਐਡਮਨਿਸਟ੍ਰੇਸ਼ਨ ਵੱਲੋਂ ਅਮਰੀਕਾ ਵਿਚ ਕੱਚੇ ਤੌਰ ’ਤੇ ਮੌਜੂਦ ਪ੍ਰਵਾਸੀਆਂ ਨੂੰ ਸੀ.ਡੀ.ਐਲ. ਜਾਰੀ ਕਰਨ ’ਤੇ ਰੋਕ ਲਾਈ ਗਈ ਹੈ।
ਕਲਾਸ ‘ਸੀ’ ਲਾਇਸੰਸ ਵਾਸਤੇ ਅਰਜ਼ੀ ਦਾਖ਼ਲ ਕਰੋ
ਦੱਸ ਦੇਈਏ ਕਿ ਕੈਲੇਫੋਰਨੀਆ ਸਰਕਾਰ ਵੱਲੋਂ ਲਾਇਸੰਸ ਰੱਦ ਕਰਨ ਹੁਕਮ ਸਾਹਮਣੇ ਆਉਣ ਮਗਰੋਂ ਅਮਰੀਕਾ ਦੇ ਟ੍ਰਾਂਸਪੋਰਟੇਸ਼ਨ ਮੰਤਰੀ ਸ਼ੌਨ ਡਫ਼ੀ ਨੇ ਕਿਹਾ ਕਿ ਝੂਠ ਦਾ ਪਰਦਾ ਫ਼ਾਸ਼ ਹੋ ਚੁੱਕਾ ਹੈ ਅਤੇ ਹੁਣ ਕੈਲੇਫੋਰਨੀਆ ਸਰਕਾਰ ਗੈਰਕਾਨੂੰਨੀ ਤਰੀਕੇ ਨਾਲ ਜਾਰੀ ਕਮਰਸ਼ੀਅਲ ਡਰਾਈਵਰਜ਼ ਲਾਇਸੰਸ ਰੱਦ ਕਰਨ ਵਾਸਤੇ ਮਜਬੂਰ ਹੋ ਗਈ। ਟਰੰਪ ਸਰਕਾਰ ਵੱਲੋਂ ਲਿਆਂਦੇ ਨਵੇਂ ਇੰਮੀਗ੍ਰੇਸ਼ਨ ਨਿਯਮਾਂ ਤਹਿਤ ਵਰਕ ਪਰਮਿਟ ’ਤੇ ਚੱਲ ਰਹੇ 2 ਲੱਖ ਡਰਾਈਵਰਾਂ ਵਿਚੋਂ ਸਿਰਫ਼ 10 ਹਜ਼ਾਰ ਦੇ ਕਮਰਸ਼ੀਅਲ ਡਰਾਈਵਰਜ਼ ਲਾਇਸੰਸ ਬਚ ਸਕਦੇ ਹਨ ਜਿਨ੍ਹਾਂ ਕੋਲ ਐਚ-2 ਏ, ਐਚ-2 ਬੀ ਜਾਂ ਈ-2 ਵੀਜ਼ਾ ਮੌਜੂਦ ਹੈ। ਐਚ-2 ਏ ਵੀਜ਼ਾ ਆਰਜ਼ੀ ਖੇਤੀ ਕਾਮਿਆਂ ਨੂੰ ਦਿਤਾ ਜਾਂਦਾ ਹੈ ਜਦਕਿ ਐਚ-2 ਬੀ ਵੀਜ਼ਾ ਆਰਜ਼ੀ ਗੈਰ ਖੇਤੀ ਕਾਮਿਆਂ ਨੂੰ ਦਿਤਾ ਜਾਂਦਾ ਹੈ। ਈ-2 ਵੀਜ਼ਾ ਅਮਰੀਕਾ ਵਿਚ ਵੱਡਾ ਨਿਵੇਸ਼ ਕਰਨ ਵਾਲਿਆਂ ਨੂੰ ਮਿਲਦਾ ਹੈ। ਪਰ 1 ਲੱਖ 90 ਹਜ਼ਾਰ ਡਰਾਈਵਰ ਉਦੋਂ ਤੱਕ ਟਰੱਕ ਚਲਾ ਸਕਦੇ ਹਨ ਜਦੋਂ ਤੱਕ ਲਾਇਸੰਸ ਨਵਿਆਉਣ ਦੀ ਨੌਬਤ ਨਹੀਂ ਆਉਂਦੀ।